ਭਾਜਪਾ ਦੀ ਪਿੰਡ ਤਲਵਣ ਵਿੱਚ ਹੋ ਰਹੀ ਚੋਣ ਮੀਟਿੰਗ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ
ਜਲੰਧਰ, 7 ਮਈ 2023 - ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਚੋਣ ਮੁਹਿੰਮ ਪੂਰੇ ਜ਼ੋਰਾਂ 'ਤੇ ਹੈ ਅਤੇ ਇਸ ਲੜੀ ਤਹਿਤ ਰੈਲੀਆਂ, ਨੁੱਕੜ ਮੀਟਿੰਗਾਂ, ਡੋਰ ਟੂ ਡੋਰ ਚੋਣ ਪ੍ਰਚਾਰ ਦਾ ਦੌਰ ਜਾਰੀ ਹੈ। ਇਸੇ ਕੜੀ ਵਿੱਚ ਅੱਜ ਪਿੰਡ ਤਲਵਣ ਵਿੱਚ ਚੋਣ ਮੀਟਿੰਗ ਕੀਤੀ ਗਈ ਜੋ ਕਿ ਜਲਦੀ ਹੀ ਇੱਕ ਵਿਸ਼ਾਲ ਜਨ ਸਭਾ ਵਿੱਚ ਤਬਦੀਲ ਹੋ ਗਈ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨI ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ, ਮਨਜਿੰਦਰ ਸਿੰਘ ਸਿਰਸਾ, ਮਨਜੀਤ ਬਾਲੀ, ਜੋਗੀ ਤੱਲਣ ਆਦਿ ਵੀ ਹਾਜ਼ਰ ਸਨ।
ਭਾਜਪਾ ਆਗੂਆਂ ਨੇ ਇਸ ਮੌਕੇ ਲੋਕਾਂ ਨੂੰ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਅਪੀਲ ਕਰਦਿਆਂ ਕਿਹਾ ਤੁਸੀਂ ਲੋਕ ਪਿਛਲੇ 20 ਸਾਲਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਂਦੇ ਆ ਰਹੇ ਹੋ ਅਤੇ ਉਹਨਾਂ ਨੇ ਜਲੰਧਰ ਲੋਕ ਸਭਾ ਹਲਕੇ ਲਈ ਕੁਝ ਨਹੀਂ ਕੀਤਾ। ਅਗਲੇ ਸਾਲ 2024 ਵਿੱਚ ਮਈ ਮਹੀਨੇ ਦੇ ਆਸ-ਪਾਸ ਲੋਕ ਸਭਾ ਚੋਣਾਂ ਫਿਰ ਹੋਣੀਆਂ ਹਨ ਅਤੇ ਉਦੋਂ ਤੱਕ ਤੁਹਾਡੇ ਕੋਲ ਲਗਭਗ 11 ਮਹੀਨੇ ਦਾ ਸਮਾਂ ਹੈ। ਇਸ ਲਈ ਭਾਜਪਾ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੀ ਹੈ ਕਿ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਇਨ੍ਹਾਂ 11 ਮਹੀਨਿਆਂ ਲਈ ਜਲੰਧਰ ਲੋਕ ਸਭਾ ਦੀ ਸੇਵਾ ਕਰਨ ਦਾ ਮੌਕਾ ਦਿਓ। ਅਸੀਂ ਤੁਹਾਨੂੰ ਭਰੋਸਾ ਦਿੰਦੇ ਹਾਂ ਕਿ ਇਨ੍ਹਾਂ 11 ਮਹੀਨਿਆਂ ਵਿੱਚ ਜਲੰਧਰ ਲੋਕ ਸਭਾ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਜਲੰਧਰ ਲੋਕ ਸਭਾ ਦਾ ਵਿਕਾਸ ਅਤੇ ਪੰਜਾਬ ਅਤੇ ਆਪਣੇ ਬੱਚਿਆਂ ਦਾ ਭਵਿੱਖ ਚਾਹੁੰਦੇ ਹੋ ਜਾਂ ਕੁਝ ਹੋਰ!
ਇੰਦਰ ਇਕਬਾਲ ਸਿੰਘ ਅਟਵਾਲ ਨੇ ਇਸ ਮੌਕੇ ਹਾਜ਼ਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਨਤਾ ਦੀ ਸੇਵਾ ਵਿਚ ਹਮੇਸ਼ਾ ਹਾਜ਼ਰ ਹਨI ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ 10 ਮਈ ਨੂੰ ਫੁੱਲ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਉਨ੍ਹਾਂ ਨੂੰ ਜੇਤੂ ਬਣਾਉਣ।