ਚੰਡੀਗੜ੍ਹ, 6 ਜਨਵਰੀ, 2017 : ਆਲ ਇੰਡੀਆ ਕਾਂਗਰਸ ਵੱਲੋਂ ਮੋਦੀ ਸਰਕਾਰ ਤੋਂ ਨੋਟਬੰਦੀ ਕਾਰਲ ਪੈਦਾ ਹੋਏ ਹਾਲਾਤਾਂ ਨੂੰ ਸੁਧਾਰਨ ਦੀ ਮੰਗ ਕਰਦਿਆਂ ਕੌਮੀ ਪੱਧਰ 'ਤੇ ਸ਼ੁਰੂ ਕੀਤੀ ਗਈ ਮੁਹਿੰਮ ਦੀ ਦਿਸ਼ਾ 'ਚ ਬੁੱਧਵਾਰ ਨੂੰ ਪੰਜਾਬ ਕਾਂਗਰਸ ਨੇ ਆਪਣੀ ਨੋਟਬੰਦੀ ਵਿਰੋਧੀ ਮੁਹਿੰਮ ਦਾ ਦਾਇਰਾ ਵਧਾਇਆ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕਾਂਗਰਸ ਪ੍ਰਧਾਨ ਤੇ ਸਾਬਕਾ ਕੇਂਦਰੀ ਵਿੱਤ ਰਾਜ ਮੰਤਰੀ ਜੇ.ਡੀ ਸੀਲਮ ਨੇ ਕਿਹਾ ਕਿ ਪਾਰਟੀ ਨੋਟਬੰਦੀ ਦੇ ਕਦਮ ਦੀ ਸੱਚਾਈ ਤੇ ਇਸਦੇ ਲੋਕਾਂ 'ਤੇ ਪ੍ਰਭਾਵ ਨੂੰ ਜਾਣਨ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਰਹੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਸੌਂਪੇ ਗਏ ਮੰਗ ਪੱਤਰ ਭ੍ਰਿਸ਼ਟਾਚਾਰ ਤੇ ਨੋਟਬੰਦੀ 'ਚ ਬਿਰਲਾ ਤੇ ਸਹਾਰਾ ਕਾਗਜਾਤਾਂ ਦੇ ਮਾਮਲਿਆਂ 'ਚ ਲੱਗੇ ਭ੍ਰਿਸ਼ਟਾਚਾਰ ਤੇ ਰਿਸ਼ਵਤ ਦੇ ਦੋਸ਼ਾਂ ਦੀ ਸੁਤੰਤਰ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ ਸੀ।
ਸੀਲਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਇਸ ਮੁਹਿੰਮ ਨੂੰ ਕਾਲੇ ਧੰਨ, ਅੱਤਵਾਦੀਆਂ ਨੂੰ ਹੋਣ ਵਾਲੀ ਫੰਡਿੰਗ ਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਉਨ੍ਹਾਂ ਤੋਂ ਜਾਣਨਾ ਚਾਹੁੰਦੀ ਹੈ ਕਿ ਨੋਟਬੰਦੀ ਕਰਕੇ ਕਿੰਨਾ ਕਾਲਾ ਧੰਨ ਬੈਂਕਾਂ 'ਚ ਆਇਆ ਹੈ।
ਸੀਲਮ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਨੋਟਬੰਦੀ ਨੂੰ ਸੰਗਠਿਤ ਲੁੱਟ ਦੱਸੇ ਜਾਣ ਨਾਲ ਸੱਚ ਸਾਬਤ ਹੋ ਗਿਆ ਹੈ। ਨੋਟਬੰਦੀ ਨੇ ਦੇਸ਼ ਨੂੰ ਆਰਥਿਕ ਸੰਕਟਾਂ 'ਚ ਧਕੇਲ ਕੇ 10-15 ਸਾਲ ਪਿੱਛੇ ਛੱਡ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ ਤੇ ਹਾਲਾਤਾਂ ਨੂੰ ਸੁਧਾਰਨਾ ਚਾਹੀਦਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੋਟਬੰਦੀ ਕਾਰਨ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਇਸਦਾ ਸੱਭ ਤੋਂ ਵੱਧ ਅਸਰ ਗਰੀਬਾਂ 'ਤੇ ਪਿਆ ਹੈ।
ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਨੋਟਬੰਦੀ ਨਹੀਂ, ਸਗੋਂ ਇਸਨੂੰ ਗਲਤ ਤਰੀਕੇ ਨਾਲ ਲਾਗੂ ਕਰਨ ਦੇ ਖਿਲਾਫ ਹਨ। ਫਾਜ਼ਿਲਕਾ ਜੇਲ੍ਹ ਤੋਂ 3.5 ਲੱਖ ਰੁਪਏ ਜ਼ਬਤ ਕੀਤੇ ਜਾਣ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਸਾਰੇ ਨਵੀਂ ਕਰੰਸੀ ਦੇ ਨੋਟ ਮੋਦੀ ਦੀ ਭਾਰਤੀ ਜਨਤਾ ਪਾਰਟੀ ਤੇ ਉਨ੍ਹਾਂ ਦੇ ਸ੍ਰੋਮਣੀ ਅਕਾਲੀ ਦਲ ਵਰਗੇ ਸਾਥੀਆਂ ਦੇ ਆਗੂਆਂ ਤੇ ਵਰਕਰਾਂ ਤੋਂ ਮਿਲੇ ਹਨ।