ਬਠਿੰਡਾ, 6 ਜਨਵਰੀ, 2017 : ਚੋਣ ਕਮਿਸ਼ਨ ਵਲੋਂ ਬਠਿੰਡਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੀ ਖਰਚੇ ਪੱਖੋਂ ਸੰਵੇਦਨਸ਼ੀਲ ਵਜੋਂ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਵਿਚ ਰਾਮਪੁਰਾ ਫੂਲ, ਤਲਵੰਡੀ ਸਾਬੋ ਅਤੇ ਮੌੜ ਸ਼ਾਮਿਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਇਨ੍ਹਾਂ ਹਲਕਿਆਂ ਨੂੰ ਖਰਚੇ ਪੱਖੋਂ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਜਿਥੇ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਧੇਰੇ ਚੌਕਸੀ, ਚੈਕਿੰਗ ਅਤੇ ਨਿਗਰਾਨੀ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਹੋਣ ਵਾਲੀਆਂ ਸਾਰੀਆਂ ਚੋਣ ਸਰਗਰਮੀਆਂ ਨੂੰ ਬਹੁਤ ਗਹੁ ਨਾਲ ਵਾਚਿਆ ਜਾਵੇਗਾ।
ਸ਼੍ਰੀ ਥੋਰੀ ਨੇ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਇਨ੍ਹਾਂ ਹਲਕਿਆਂ ਵਿਚ ਵਧੇਰੇ ਉਡਣ ਦਸਤੇ, ਨਾਕੇ ਅਤੇ ਲਗਾਤਾਰ ਨਜ਼ਰਸਾਨੀ ਰੱਖਣ ਵਾਲੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਚੋਣਾਂ ਨਾਲ ਸਬੰਧਤ ਹਰ ਕਿਸਮ ਦੀ ਸਰਗਰਮੀ ਦੀ ਮੁਕੰਮਲ ਨਜ਼ਰਸਾਨੀ ਕਰਨਗੀਆਂ ਅਤੇ ਲੋੜ ਪੈਣ 'ਤੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਉਣਗੀਆਂ।
ਚੋਣ ਖਰਚਿਆਂ ਸਬੰਧੀ ਸ਼੍ਰੀ ਥੋਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੱਖ-ਵੱਖ ਪਾਰਟੀਆਂ ਵਲੋਂ ਚੋਣ ਪ੍ਰਚਾਰ ਦੌਰਾਨ ਵਰਤੋਂ ਵਿਚ ਲਿਆਂਦੀਆਂ ਜਾਣ ਵਾਲੀਆਂ 142 ਵਸਤਾਂ ਦੇ ਰੇਟ ਤੈਅ ਕੀਤੇ ਜਾ ਚੁੱਕੇ ਜਾ ਹਨ ਜੋ ਘੱਟੋ ਘੱਟ ਤਿੰਨ ਰੁਪਏ ਤੋਂ ਲੈ ਕੇ ਡੇਢ ਲੱਖ ਰੁਪਏ ਤੱਕ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਸਤਾਂ ਵਿਚ ਚੋਣ ਪ੍ਰਚਾਰ ਦੌਰਾਲ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਕਿ ਫਰਨੀਚਰ, ਟੈਂਟ, ਲਾਈਟ ਐਂਡ ਸਾਊਂਡ, ਰਿਕਸ਼ਾ, ਥਰੀ ਵੀਲਰ, ਬੱਸ, ਕਾਰ, ਲਾਈਟ, ਮੀਡੀਅਮ/ਵਪਾਰਕ ਵਹੀਕਲ, ਮੈਕਸੀ ਕੈਬ, ਮਿੰਨੀ ਬੱਸ, ਟਰੱਕ, ਪ੍ਰਿੰਟਿੰਗ ਮਟੀਰੀਅਲ, ਕਾਗਜ਼ੀ ਟੋਪੀ, ਪਿੰ੍ਰਟਿੰਗ ਵਾਲੀ ਟੋਪੀ, ਕੱਪੜੇ ਦਾ ਬੈਨਰ/ਝੰਡਾ ਆਦਿ ਵਸਤਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਡੀਓ-ਵੀਡੀਓ ਸੀ.ਡੀ., ਲੱਕੜ ਦੇ ਕੱਟ ਆਉਟ, ਪਰਚੇ, ਪੈਂਫਲੈਟ, ਹੋਰਡਿੰਗਜ਼, ਫਲੈਕਸ ਬੈਨਰਜ਼, ਅਖਬਾਰਾਂ ਰਾਹੀਂ ਪਰਚੇ ਵੰਡਣ ਦੀ ਮਿਹਨਤ, ਪਲਾਸਟਿਕ ਦੇ ਝੋਲੇ, ਪੋਸਟਰ, ਟੀ-ਸ਼ਰਟਾਂ ਬਾਹਾਂ ਵਾਲੀਆ ਤੇ ਬਿਨਾਂ ਬਾਹਾਂ ਤੋਂ, ਸਟੇਸ਼ਨਰੀ, ਖਾਣ-ਪੀਣ ਦੀਆਂ ਵਸਤਾਂ, ਹੋਟਲ ਦੇ ਕਮਰੇ/ਗੈਸਟ ਹਾਊਸ ਦੇ ਕਮਰੇ ਆਦਿ ਦੇ ਰੇਟ ਫਿਕਸ ਕੀਤੇ ਜਾ ਚੁੱਕੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਤੈਅ ਰੇਟਾਂ ਵਿਚ ਦਫ਼ਤਰ ਬਣਾਉਣ ਲਈ ਰਿਹਾਇਸ਼ਾਂ ਦੇ ਮਾਸਿਕ ਰੇਟ ਤੋਂ ਇਲਾਵਾ ਬਿਨਾਂ ਫਰਨੀਚਰ ਮੈਰਿਜ ਪੈਲਸਾਂ, ਸਜਾਵਟੀ ਵਸਤਾਂ, ਡਰਾਇਵਰ ਦੀ ਰੋਜ਼ਾਨਾਂ ਦੀ ਮਿਹਨਤ, ਢਾਡੀ ਜੱਥਾ, ਡੀ.ਜੇ., ਆਰਕੈਸਟਰਾ ਸਮੇਤ ਡੀ.ਜੇ., ਲੋਕਲ ਗਾਇਕ ਅਤੇ ਨਾਮੀ ਗਾਇਕਾਂ ਆਦਿ ਦੇ ਰੇਟ ਸ਼ਾਮਿਲ ਹਨ।