ਬਟਾਲਾ, 6 ਜਨਵਰੀ, 2017 : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਬਟਾਲਾ ਪੁਲਿਸ ਅਤੇ ਬੀ.ਐੱਸ.ਐੱਫ ਦੇ ਜਵਾਨਾ ਵੱਲੋਂ ਬਟਾਲਾ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਸਥਾਨਕ ਪੁਲਿਸ ਲਾਈਨ ਤੋਂ ਸ਼ੁਰੂ ਹੋਏ ਇਸ ਫਲੈਗ ਮਾਰਚ ਦੀ ਅਗਵਾਈ ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਮਨਮੋਹਨ ਸ਼ਰਮਾਂ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਸ੍ਰ. ਪਿ੍ਰਥੀ ਸਿੰਘ, ਐੱਸ.ਪੀ. (ਓਪਰੇਸ਼ਨ) ਸ. ਬਲਜੀਤ ਸਿੰਘ ਢਿਲੋਂ, ਐੱਸ.ਪੀ. (ਹੈੱਡਕੁਆਟਰ) ਸ. ਦਿਲਬਾਗ ਸਿੰਘ, ਐੱਸ.ਪੀ. (ਡੀ) ਸ. ਗੁਰਸੇਵਕ ਸਿੰਘ, ਡੀ.ਐੱਸ.ਪੀ. (ਸਿਟੀ) ਸ. ਰਜਿੰਦਰਪਾਲ ਸਿੰਘ ਢਿਲੋਂ, ਡੀ.ਐੱਸ.ਪੀ. ਸ. ਜੁਗਰਾਜ ਸਿੰਘ, ਡੀ.ਐੱਸ.ਪੀ. ਗੁਰਵਿੰਦਰ ਸਿੰਘ, ਡੀ.ਐੱਸ.ਪੀ. ਸ. ਸੋਹਣ ਸਿੰਘ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੇ ਮੁੱਖੀ ਵੀ ਹਾਜ਼ਰ ਸਨ।
ਪੁਲਿਸ ਤੇ ਬੀ.ਐੱਸ.ਐੱਫ. ਦਾ ਇਹ ਸਾਂਝਾ ਫਲੈਗ ਮਾਰਚ ਪੁਲਿਸ ਲਾਈਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ‘ਚੋਂ ਗੁਜ਼ਰਿਆ। ਇਸ ਫਲੈਗ ਮਾਰਚ ਸਬੰਧੀ ਗੱਲ ਕਰਦਿਆਂ ਐੱਸ.ਐੱਸ.ਪੀ. ਬਟਾਲਾ ਸ੍ਰੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਲੋਕਾਂ ‘ਚ ਸੁਰੱਖਿਆ ਦੇ ਪੱਖ ਤੋਂ ਵਿਸ਼ਵਾਸ਼ ਬਹਾਲੀ ਰੱਖਣ ਲਈ ਇਹ ਫਲੈਗ ਮਾਰਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪੁਲਿਸ ਜ਼ਿਲ੍ਹਾ ਬਟਾਲਾ ‘ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਸ੍ਰੀ ਸ਼ਰਮਾਂ ਨੇ ਕਿਹਾ ਕਿ ਚੋਣਾਂ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਚੋਣਾਂ ਪੂਰੀ ਤਰਾਂ ਅਜ਼ਾਦਾਨਾਂ ਅਤੇ ਨਿਰਪੱਖਤਾ ਵਾਲੇ ਮਹੌਲ ‘ਚ ਨੇਪਰੇ ਚਾੜ੍ਹੀਆਂ ਜਾਣਗੀਆਂ।
ਐੱਸ.ਐੱਸ.ਪੀ. ਸ੍ਰੀ ਸ਼ਰਮਾਂ ਨੇ ਕਿਹਾ ਕਿ ਬਟਾਲਾ ਪੁਲਿਸ ਨੇ ਚੋਣਾਂ ਦੇ ਮੱਦੇਨਜ਼ਰ 50 ਫੀਸਦੀ ਤੋਂ ਵੱਧ ਲਾਇਸੰਸੀ ਹਥਿਆਰ ਜਮ੍ਹਾਂ ਕਰ ਲਏ ਹਨ ਅਤੇ ਦੋ-ਤਿੰਨ ਦਿਨਾਂ ‘ਚ 100 ਫੀਸਦੀ ਹਥਿਆਰ ਜਮ੍ਹਾਂ ਕਰ ਲਏ ਜਾਣਗੇ। ਉਨ੍ਹਾਂ ਸਾਰੇ ਅਸਲਾ ਧਾਰਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਬਿਨ੍ਹਾਂ ਕਿਸੇ ਦੇਰੀ ਆਪਣੇ ਲਾਇਸੰਸੀ ਹਥਿਆਰ ਆਪਣੇ ਨਜਦੀਕੀ ਥਾਣੇ ‘ਚ ਜਮ੍ਹਾਂ ਕਰਾਉਣ ਅਤੇ ਜੇਕਰ ਕਿਸੇ ਨੇ ਆਪਣੇ ਹਥਿਆਰ ਜਮ੍ਹਾਂ ਨਾ ਕਰਾਏ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗੌੜਿਆਂ ਨੂੰ ਫੜ੍ਹਨ ਲਈ ਵੀ ਬਟਾਲਾ ਪੁਲਿਸ ਵੱਲੋਂ ਵਿਸ਼ੇਸ਼ ਯੋਜਨਾ ਬਣਾਈ ਗਈ ਹੈ ਜਿਸ ਤਹਿਤ ਕੁਝ ਭਗੌੜੇ ਫੜੇ ਵੀ ਗਏ ਹਨ। ਉਨ੍ਹਾਂ ਕਿਹਾ ਬਹੁਤ ਛੇਤੀ ਹੀ ਸਾਰੇ ਭਗੌੜੇ ਪੁਲਿਸ ਦੀ ਗਿ੍ਰਫਤ ਵਿੱਚ ਹੋਣਗੇ।