ਚੰਡੀਗੜ੍ਹ/ਮੋਹਾਲੀ, 6 ਜਨਵਰੀ 2017 : ‘ਸੁਖਬੀਰ ਦਾ ਗੱਪ, ਆਪ ਦਾ ਸੱਚ’ ਮੁਹਿੰਮ ਅਧੀਨ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਮੋਹਾਲੀ ਤੋਂ ਆਪ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਸ਼ੇਰਗਿੱਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੀਆਂ ਝੂਠੀਆਂ ਉਪਲਬਧੀਆਂ ਵਿਖਾਉਣ ਲਈ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉਤੇ ਅਧੂਰੇ ਪ੍ਰੋਜੈਕਟਾਂ ਦਾ ਉਦਘਾਟਨ ਕਰ ਰਹੇ ਹਨ।
ਸ਼ੇਰਗਿੱਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸੂਬੇ ਨੂੰ ਕੈਲੀਫੋਰਨੀਆ ਬਣਾਉਣ ਦੇ ਗੱਪ ਉਤੇ ਕਾਰਜ ਕਰਦਿਆਂ ਹਵਾਈ ਕਿਲੇ ਉਸਾਰ ਰਹੇ ਹਨ। ਇਸੇ ਤਰਾਂ ਹੀ ਪਹਿਲਾਂ ਸੁਖਬੀਰ ਨੇ ਪੰਜਾਬ ਵਿੱਚ ਪਾਣੀ ਵਾਲੀਆਂ ਬੱਸਾਂ ਚਲਾਉਣ ਦਾ ਸ਼ਗੂਫਾ ਛੱਡਿਆ ਸੀ, ਜਿਸ ਨੂੰ ਪੂਰਾ ਕਰਨ ਉਤੇ ਕਰੀਬ 20 ਕਰੋੜ ਰੁਪਏ ਖਰਚ ਕੀਤੇ, ਪ੍ਰੰਤੂ ਫਿਰ ਵੀ ਇਹ ਪ੍ਰੋਜੈਕਟ ਫੇਲ ਹੋ ਗਿਆ, ਕਿਓਂ ਜੋ ਪੰਜਾਬ ਵਿੱਚ ਪਾਣੀ ਦੀਆਂ ਬੱਸਾਂ ਚੱਲਣ ਲਈ ਲੋੜੀਂਦੇ ਜਲਸ੍ਰੋਤ ਹੀ ਨਹੀਂ ਹਨ। ਆਪਣੀ ਜਿੱਦ ਪੁਗਾਉਣ ਲਈ ਸੁਖਬੀਰ ਵੱਲੋਂ ਛੱਡੇ ਵਾਧੂ ਪਾਣੀ ਕਾਰਨ ਜੀਰਾ ਅਤੇ ਮੱਖੂ ਖੇਤਰ ਵਿੱਚ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਸੀ।
ਆਪ ਆਗੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਮਿਹਨਤ ਨਾਲ ਕਮਾਏ ਪੈਸੇ ਨੂੰ ਆਪਣੀ ਫੋਕੀ ਸ਼ੋਹਰਤ ਲਈ ਉਡਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਮੋਹਾਲੀ ਬੱਸ ਅੱਡੇ ਨੂੰ ਡ੍ਰੀਮ ਪ੍ਰੋਜੈਕਟ ਕਹਿ ਕੇ ਇੱਥੇ ਆਮ ਲੋਕਾਂ ਦੀ ਲੱਖਾਂ-ਕਰੋੜਾਂ ਰੁਪਏ ਦਾ ਨਿਵੇਸ਼ ਕਰਵਾ ਚੁੱਕਿਆ ਹੈ, ਪ੍ਰੰਤੂ ਉਨਾਂ ਨੂੰ ਅਜੇ ਤੱਕ ਦੁਕਾਨਾਂ ਅਤੇ ਜਗਾ ਮੁਹੱਈਆ ਨਹੀਂ ਕਰਵਾਈ ਗਈ। ਇੱਥੋਂ ਤੱਕ ਕਿ ਇਸ ਅਧੂਰੇ ਪ੍ਰੋਜੈਕਟ ਉਤੇ ਕੰਮ ਕਰ ਰਹੀ ਲੇਬਰ ਦੀ ਦਿਹਾੜੀ ਵੀ ਅਜੇ ਤੱਕ ਅਦਾ ਨਹੀਂ ਕੀਤੀ ਗਈ। ਗਰੀਬ ਮਜਦੂਰ ਸਬੰਧਿਤ ਠੇਕੇਦਾਰਾਂ ਅੱਗੇ ਆਪਣੀ ਦਿਹਾੜੀ ਲਈ ਭਟਕ ਰਹੇ ਹਨ।
ਸ਼ੇਰਗਿੱਲ ਨੇ ਕਿਹਾ ਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਪ੍ਰੋਜੈਕਟ ਦੇ ਨਾਂਅ ਉਤੇ ਲੱਖਾਂ-ਕਰੋੜਾਂ ਰੁਪਏ ਦਾ ਕਮਿਸ਼ਨ ਖਾਧਾ ਗਿਆ ਹੋਵੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਇਸ ਅਧੂਰੇ ਪ੍ਰੋਜੈਕਟ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਸ ਦੇ ਨਾਂਅ ਉਤੇ ਜਨਤਾ ਦੇ ਪੈਸੇ ਨੂੰ ਆਪਣੀ ਸ਼ੋਹਰਤ ਲਈ ਉਡਾਉਣ ਦਾ ਹਿਸਾਬ-ਕਿਤਾਬ ਜਿੰਮੇਵਾਰ ਆਗੂਆਂ ਅਤੇ ਅਧਿਕਾਰੀਆਂ ਤੋਂ ਲਿਆ ਜਾਵੇਗਾ।