ਪਟਿਆਲਾ, 6 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਨਾ ਸਾਹਿਬ ਵਿਖੇ ਚਲ ਰਹੇ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਆਉਂਦਿਆਂ ਹੀ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਅੱਜ ਇਥੇ ਸਥਾਨਕ ਪ੍ਰੇਮ ਬਾਗ ਪੈਲੇਸ ਵਿਖੇ ਹਲਕੇ ਦੇ ਸਮੂਹ ਜਥੇਦਾਰਾਂ, ਆਗੂਆਂ ਅਤੇ ਸਰਗਰਮ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਚੋਣ ਸਬੰਧੀ ਡਿਊਟੀਆਂ ਲਗਾਈਆਂ।
ਸਥਾਨਕ ਪ੍ਰੇਮ ਬਾਗ ਪੈਲੇਸ ਵਿਖੇ ਹਲਕੇ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ 9 ਜਨਵਰੀ ਨੂੰ ਹਲਕਾ ਸਨੌਰ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਚੋਣ ਦਫਤਰਾਂ ਦੇ ਉਦਘਾਟਨ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ 9 ਜਨਵਰੀ ਨੂੰ ਦੇਵੀਗੜ੍ਹ, ਰੋਹੜਜਗੀਰ, ਬਹਾਦਰਗੜ੍ਹ, ਭੁਨਰਹੇੜੀ, ਬਲਬੇੜਾ ਅਤੇ ਸਨੌਰ ਵਿਖੇ ਦੋ ਚੋਣ ਦਫਤਰ ਦਿਹਾਤੀ ਅਤੇ ਸ਼ਹਿਰੀ ਦੇ ਉਦਘਾਟਨ ਸਾਦੇ ਸਮਾਗਮ ਕਰਕੇ ਕੀਤੇ ਜਾਣਗੇ।
ਇਸ ਮੌਕੇ ਪੁੱਜੇ ਹਲਕਾ ਦੇ ਆਗੂਆਂ ਅਤੇ ਵਰਕਰਾਂ ਦੇ ਭਾਰੀ ਇਕੱਠ ਨੂੰ ਦੇਖ ਬਾਗੋਬਾਗ ਹੁੰਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਜਿੰਨੇ ਕੰਮ ਪਿਛਲੇ ਤਿੰਨ ਮਹੀਨਿਆਂ ਅੰਦਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਕਰਵਾਏ ਜਾ ਚੁੱਕੇ ਹਨ, ਉਨੇ ਵਿਕਾਸ ਕਾਂਗਰਸ ਪਾਰਟੀ ਪਿਛਲੇ 30 ਸਾਲਾਂ 'ਚ ਨਹੀਂ ਕਰਵਾ ਸਕੀ। ਇਸ ਮੌਕੇ ਉਨ੍ਹਾਂ ਆਖਿਆ ਕਿ ਦੂਧਨਸਾਧਾਂ ਨੂੰ ਤਹਿਸੀਲ ਬਣਵਾ ਕੇ ਲੋਕਾਂ ਦੀ ਪਿਛਲੇ 40 ਸਾਲਾਂ ਦੀ ਮੰਗ ਨੂੰ ਪੂਰਾ ਕਰਵਾਇਆ, ਘੱਗਰ ਵਿਚ ਠੋਕਰਾਂ ਲਵਾ ਕੇ ਇਕੱਠੇ ਹੋਏ ਪਾਣੀ ਨੂੰ ਖੇਤਾਂ ਨੂੰ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਕਰਾਇਆ, ਹਲਕੇ ਦੇ ਸਾਰੇ ਰਜਬਾਹੇ ਪੱਕੇ ਕਰਵਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੌਲੀ ਰਜਬਾਹੇ ਨੂੰ ਪੱਕਾ ਕਰਵਾਉਣ ਦਾ ਕੰਮ ਸ਼ੁਰੂ ਕਰਵਾਉਣ ਦੇ ਨਾਲ ਨਾਲ ਅਨੇਕਾਂ ਅਜਿਹੇ ਵੱਡੇ ਕੰਮ ਹਲਕੇ ਅੰਦਰ ਹੋਏਜਿਨ੍ਹਾਂ ਨੂੰ ਕਰਵਾਉਣ ਵਿਚ ਹੁਣ ਤੱਕ ਦੇ ਸਾਰੇ ਵਿਧਾਇਕ ਅਸਫਲ ਰਹੇ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਪਿਛਲੇ 10 ਸਾਲਾਂ ਅੰਦਰ ਕਰਵਾਏ ਰਿਕਾਰਡ ਵਿਕਾਸ ਕਾਰਜ ਅਤੇ ਹਰ ਇਕ ਭਾਈਚਾਰੇ ਲਈ ਸਥਾਪਿਤ ਕੀਤੀਆਂ ਯਾਦਗਾਰਾਂ ਸਦਕਾ ਅੱਜ ਹਰ ਇਕ ਵਰਗ ਅਕਾਲੀ-ਭਾਜਪਾ ਸਰਕਾਰ ਨੂੰ ਮੁੜ ਸੱਤਾ 'ਚ ਲਿਆਉਣ ਦਾ ਮਨ ਬਣਾ ਚੁੱਕਿਆ ਹੈ ਇਸ ਲਈ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਤੁਹਾਡੇ ਵਲੋਂ ਜਿਤਾਉਣ ਦੇ ਸਿਰਫ਼ ਮਹੀਨਿਆਂ ਦੇ ਅੰਦਰ ਅੰਦਰ ਹਲਕੇ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦਾ ਕੰਮ ਵਿੱਢ ਦਿੱਤਾ ਜਾਵੇਗਾ। ਅਖ਼ੀਰ ਵਿਚ ਪ੍ਰੋ. ਚੰਦੂਮਾਜਰਾ ਨੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ 1 ਮਹੀਨਾ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ, ਉਸ ਉਪਰੰਤ ਅਗਲੇ ਪੰਜ ਸਾਲ ਚੰਦੂਮਾਜਰਾ ਪਰਿਵਾਰ ਤੁਹਾਡੀ ਸੇਵਾ ਲਈ ਦਿਨ ਰਾਤ ਹਾਜ਼ਰ ਰਹੇਗਾ।
ਇਸ ਮੌਕੇ ਅਕਾਲੀ-ਭਾਜਪਾ ਦੇ ਹਲਕਾ ਸਨੌਰ ਤੋਂ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਦੀ ਦਿਲੀ ਸਾਂਝ ਹੈ ਕਿ ਹਲਕਾ ਸਨੌਰ ਅੰਦਰ ਉਹ ਹਰ ਇਕ ਸਹੂਲਤ ਹੋਵੇ ਜੋ ਹਰ ਇਕ ਲੋੜੀਂਦੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਤਿੰਨ ਮਹੀਨਿਆਂ ਅੰਦਰ ਕਰਵਾਏ ਵਿਕਾਸ ਜੋ ਸਭ ਦੇ ਸਾਹਮਣੇ ਹਨ ਅਤੇ ਉਨ੍ਹਾਂ ਦੀ ਇਹ ਦਿਲੀ ਤਾਂਘ ਹੈ ਕਿ ਇਥੇ ਹੋਰ ਵੱਡੇਵਿਕਾਸ ਕਰਵਾਏ ਜਾਣਗੇ ਜਿਨ੍ਹਾਂ ਵਿਚ ਹਲਕੇ ਦੇ ਸਾਰੇ 10ਵੀਂ ਅਤੇ ਬੀ.ਏ. ਪਾਸ ਬੱਚਿਆਂ ਨੂੰ ਢੁਕਵਾਂ ਰੁਜ਼ਗਾਰ ਜਾਂ ਕਾਰੋਬਾਰ ਦੇ ਕੇ ਆਪਣੇ ਪੈਰਾਂ 'ਤੇ ਖੜ੍ਹਾ ਕਰਾਂਗਾ। ਉਨ੍ਹਾਂ ਹੋਰ ਆਖਿਆ ਕਿ ਕੇਂਦਰ ਤੋਂ ਵੱਡੇ ਸਨਅਤੀ ਪ੍ਰੋਜੈਕਟ ਲਿਆ ਕੇ ਅੱਧੀ ਦਰਜਨ ਤਕਨੀਕੀ ਕਾਲਜ ਖੁਲਵਾ ਕੇ ਅਤੇ ਹੁਨਰਮੰਦ ਬੱਚਿਆਂ ਨੂੰ ਸਸਤੀਆਂ ਦਰਾਂ 'ਤੇ ਕਰਜ਼ੇ ਦਾ ਪ੍ਰਬੰਧ ਕਰਵਾ ਕੇ ਹਲਕੇ ਵਿਚੋਂ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਹੋਰ ਆਖਿਆ ਕਿ ਹਲਕੇ ਅੰਦਰ ਜਲਦ ਹੀ ਸ਼੍ਰੋਮਣੀ ਕਮੇਟੀ ਵਲੋਂ ਲੜਕੀਆਂ ਲਈ ਕਾਲਜ ਖੋਲ੍ਹਿਆ ਜਾਵੇਗਾ ਜਿਸ ਵਿਚ ਹਲਕੇ ਦੀਆਂ ਧੀਆਂ ਵਿਦਿਆ ਹਾਸਲ ਕਰਕੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਣੀਆਂ।
ਇਸ ਮੌਕੇ ਸ. ਹਰਜੀਤ ਸਿੰਘ ਅਦਾਲੀਤੀਵਾਲਾ, ਫੌਜਇੰਦਰ ਸਿੰਘ ਮੁਖਮੈਲਪੁਰ, ਜਥੇਦਾਰ ਸੁਖਦਰਸ਼ਨ ਸਿੰਘ ਮਿਹੋਣ, ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਅਵਤਾਰ ਸਿੰਘ ਘਲੌੜੀ, ਜਥੇਦਾਰ ਬੂਟਾ ਸਿੰਘ ਸਦੀਪੁਰ, ਜਥੇਦਾਰ ਜਸਮੇਰ ਸਿੰਘ ਲਾਛੜੂ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ, ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ ਪ੍ਰੋ. ਚੰਦੂਮਾਜਰਾ,ਚੇਅਰਮੈਨ ਗੁਰਦੀਪ ਸਿੰਘ ਸੇਖਪੁਰਾ, ਨਗਰ ਕੌਂਸਲ ਪ੍ਰਧਾਨ ਇੰਦਰ ਸਿੰਘ ਛਿੰਦੀ, ਜਥੇਦਾਰ ਤੇਜਾ ਸਿੰਘ ਕਾਨਾਹੇੜੀ, ਭਾਜਪਾ ਆਗੂ ਰਮੇਸ਼ਵਰ ਸ਼ਰਮਾ,ਜੈ ਕ੍ਰਿਸ਼ਨ ਮਸੀਂਗਣ, ਜਸਵਿੰਦਰ ਰਾਣਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਹਰਫੂਲ ਸਿੰਘ ਬੋਸਰ ਵਾਇਸ ਚੇਅਰਮੈਨ ਬਲਾਕ ਸੰਮਤੀ, ਸਰਕਲ ਪ੍ਰਧਾਨ ਭੋਲਾ ਸਿੰਘ ਈਸਰਹੇੜੀ, ਕਰਮ ਸਿੰਘ, ਤਰਸੇਮ ਸਿੰਘ ਕੋਟਲਾ, ਗੁਰਜੀਤ ਸਿੰਘ ਉਪਲੀ, ਨਰੰਜਣ ਸਿੰਘ ਅਲੀਪੁਰ ਜੱਟਾਂ, ਗੁਰਜੰਟ ਸਿੰਘ ਨੂਰਖੇੜੀਆਂ, ਤਰਸੇਮ ਸਿੰਘ ਕੌਲੀ, ਦਵਿੰਦਰ ਸਿੰਘ ਭਾਂਖਰ, ਅੰਮ੍ਰਿਤਪਾਲ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬੀਬੀ ਬਲਬੀਰ ਕੌਰ ਘੁੰਮਣ ਬਹਾਦਰਗੜ੍ਹ, ਬੀਬੀ ਮਹਿੰਦਰ ਕੌਰ,ਜਗਜੀਤ ਸਿੰਘ ਕੌਲੀ, ਯਾਦਵਿੰਦਰ ਸਿੰਘ ਬਲਬੇੜਾ, ਕਾਕਾ ਮਿੱਤਲ ਬਲਬੇੜਾ ਭਾਰੀ ਗਿਣਤੀ ਪੰਚ, ਸਰਪੰਚ ਤੇ ਵਰਕਰ ਹਾਜ਼ਰ ਸਨ।