ਹੁਸ਼ਿਆਰਪੁਰ, 6 ਜਨਵਰੀ, 2017 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ 'ਵਿਜੇ ਸੰਕਲਪ ਰਥ ਯਾਤਰਾ' ਦਾ ਅੱਜ ਹੁਸ਼ਿਆਰਪੁਰ, ਗੜਦੀਵਾਲਾ, ਦਸੂਹਾ, ਤਲਵਾੜਾ ਤੇ ਮੁਕੇਰੀਆਂ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਹਜਾਰਾਂ ਦੀ ਤਾਦਾਦ ਵਿਚ ਭਾਜਪਾ ਤੇ ਅਕਾਲੀ ਦਲ ਦੇ ਵਰਕਰਾਂ ਤੇ ਸਮਰਥਕਾਂ ਨੇ ਰਥ 'ਤੇ ਸਵਾਰ ਵਿਜੇ ਸਾਂਪਲਾ ਤੇ ਸੂਬਾਈ ਪਾਰਟੀ ਆਗੂਆਂ ਦਾ ਸਵਾਗਤ ਕੀਤਾ ਤੇ ਫੁੱਲਾਂ ਦੀ ਵਰਖਾ ਕੀਤੀ। ਜਲੰਧਰ ਤੋਂ ਚੱਲਕੇ ਵਿਜੇ ਸੰਕਲਪ ਰਥ ਯਾਤਰਾ ਦਾ ਆਦਮਪੁਰ, ਮੰਡਿਆਲਾ ਤੇ ਨਸਰਾਲਾ ਵਿਖੇ ਸਵਾਗਤ ਤੋਂ ਬਾਅਦ ਹੁਸ਼ਿਆਰਪੁਰ ਬਾਈਪਾਸ ਪਹੁੰਚੀ, ਜਿਥੋਂ ਕਾਫ਼ਲੇ ਦੇ ਰੂਪ ਵਿਚ ਪ੍ਰਭਾਤ ਚੌਂਕ, ਸਰਕਾਰੀ ਕਾਲਜ ਚੌਂਕ, ਸੈਸ਼ਨ ਚੌਕ, ਰੇਲਵੇ ਰੋਡ, ਭਾਜਪਾ ਦਫ਼ਤਰ, ਸਾਸ਼ਤਰੀ ਮਾਰਕਿਟ, ਘੰਟਾਘਰ ਚੌਂਕ, ਭਗਵਾਨ ਵਾਲਮੀਕਿ ਚੌਕ ਤੇ ਫਗਵਾੜਾ ਰੋਡ ਵਿਖੇ ਜ਼ੋਰਦਾਰ ਸਵਾਗਤ ਹੋਇਆ। ਇਸ ਤੋਂ ਬਾਅਦ ਯਾਤਰਾ ਗੜਦੀਵਾਲ, ਦਸੂਹਾ, ਤਲਵਾੜਾ ਤੇ ਮੁਕੇਰੀਆਂ ਵਿਖੇ ਪਹੁੰਚੀ।
ਸ੍ਰੀ ਵਿਜੇ ਸਾਂਪਲਾ ਨੇ ਜੋਸ਼ੀਲੇ ਨਾਅਰੇ ਲਗਾ ਰਹੇ ਵਰਕਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਭਾਜਪਾ ਵਰਕਰ ਇਸੇ ਤਰ੍ਹਾਂ ਆਪਣਾ ਜੋਸ਼ ਬਣਾਈ ਰੱਖਣ ਅਤੇ ਜਿਸ ਤਰ੍ਹਾਂ 2012 ਵਿਚ ਅਕਾਲੀ-ਭਾਜਪਾ ਗੱਠਜੋੜ ਨੇ ਲਗਾਤਾਰ ਦੂਸਰੀ ਵਾਰ ਜਿੱਤ ਦਰਜ ਕਰਕੇ ਇਤਿਹਾਸ ਸਿਰਜਿਆ ਸੀ, ਉਸੇ ਤਰ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਜਿੱਤ ਦੀ ਹੈਟ੍ਰਿਕ ਬਣਾਉਂਦਿਆਂ ਰਿਕਾਰਡ ਕਾਇਮ ਕਰਨ। ਉਨ੍ਹਾਂ ਕਿਹਾ ਕਿ ਰਥ ਯਾਤਰਾ ਜਿਥੇ ਵੀ ਪਹੁੰਚੀ ਹੈ ਵਰਕਰਾਂ ਤੇ ਸਮਰਥਕਾਂ ਨੇ ਹਜ਼ਾਰਾਂ ਦੀ ਤਾਦਾਦ ਵਿਚ ਪਹੁੰਚ ਕੇ ਰੱਜਵਾਂ ਪਿਆਰ ਦਿੱਤਾ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਵਿਚ ਜਿੰਨ੍ਹਾ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੀ ਦੇਣ ਹੈ, ਜਿਸਨੇ ਹਰ ਵਰਗ ਨੂੰ ਸਹੂਲਤਾਂ ਦੇ ਗੱਫੇ ਦਿੱਤੇ ਹਨ ਅਤੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਤੇ ਚਹੁਮਾਰਗੀ ਸੜਕਾਂ ਦਾ ਵੱਡੀ ਪੱਧਰ 'ਤੇ ਨਿਰਮਾਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਦਮਪੁਰ ਹਵਾਈ ਅੱਡੇ ਦੀ ਲੰਮੇਂ ਸਮੇਂ ਤੋਂ ਮੰਗ ਸੀ, ਜਿਸ ਨੂੰ ਉਨ੍ਹਾਂ ਨੇ ਬੜੀ ਤੇਜ਼ੀ ਨਾਲ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਨੇ 30 ਮਹੀਨਿਆਂ ਦੇ ਕਾਰਜਕਾਲ ਵਿਚ 90 ਤੋਂ ਵੱਧ ਵਿਕਾਸ ਪੱਖੀ ਨੀਤੀਆਂ ਲਿਆਂਦੀਆਂ ਹਨ ਅਤੇ ਆਪਣੇ ਸਾਹਸੀ ਨਿਰਣੇ ਨਾਲ ਵਿਦੇਸ਼ਾਂ ਵਿਚ ਵੀ ਭਾਰਤ ਦਾ ਮਾਣ ਵਧਾਇਆ ਹੈ।
ਸ੍ਰੀ ਸਾਂਪਲਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਪੰਜਾਬ ਜਾਂ ਸੂਬੇ ਦੇ ਕਿਸੇ ਗਰੀਬ ਦੀ ਚਿੰਤਾ ਨਹੀਂ ਅਤੇ ਕੈਪਟਨ ਨੂੰ ਪਿਛਲੇ ਇਕ ਮਹੀਨੇ ਤੋਂ ਕਿਸੇ ਨੇ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼ੀਸ਼ਗੰਜ ਸਾਹਿਬ 'ਤੇ ਬੁਲਡੋਜ਼ਰ ਚਲਾਉਣ ਵਾਲੇ ਅਰਵਿੰਦ ਕੇਜਰੀਵਾਲ ਤੇ ਉਸਦੇ ਆਗੂਆਂ ਨੇ ਪੰਜਾਬ ਨੂੰ ਬਦਨਾਮ ਕਰਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕੀਤਾ ਤੇ ਨਾ ਹੀ ਦਿੱਲੀ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕੀਤਾ ਹਨ। ਸ੍ਰੀ ਸਾਂਪਲਾ ਨੇ ਕਿਹਾ ਕਿ ਜੇਕਰ ਹੁਸ਼ਿਆਰਪੁਰ ਜਿਲ੍ਹੇ ਦਾ ਵਿਅਕਤੀ ਕੈਨੇਡਾ ਦਾ ਰੱਖਿਆ ਮੰਤਰੀ ਬਣਕੇ ਵਿਦੇਸ਼ ਦੀ ਰੱਖਿਆ ਕਰ ਸਕਦਾ ਹੈ, ਤਾਂ ਪੰਜਾਬੀ ਆਪਣੇ ਸੂਬੇ ਦੀ ਖੁਦ ਰੱਖਿਆ ਕਰਨਾ ਜਾਣਦੇ ਹਨ।
ਵਿਜੇ ਸੰਕਲਪ ਰਥ ਯਾਤਰਾ ਦੌਰਾਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਓਮੇਸ਼ ਸ਼ਾਕਰ, ਵਿਧਾਇਕ ਦਸੂਹਾ ਬੀਬੀ ਸੁਖਜੀਤ ਕੌਰ ਸ਼ਾਹੀ, ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼, ਮੁਕੇਰੀਆਂ ਦੇ ਹਲਕਾ ਇੰਚਾਰਜ ਅਰੁਣੇਸ਼ ਸ਼ਾਕਰ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੀਕਸ਼ਣ ਸੂਦ, ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਤੇ ਜੀਵਨ ਗੁਪਤਾ, ਸੂਬਾ ਸਕੱਤਰ ਵਿਨੀਤ ਜੋਸ਼ੀ ਤੇ ਅਨਿਲ ਸੱਚਰ, ਕਾਰਜਕਾਰਨੀ ਮੈਂਬਰ ਜੰਗੀ ਲਾਲ ਮਹਾਜਨ, ਭਾਜਪਾ ਯੁਵਾ ਮੋਰਚਾ ਦੇ ਸੁੂਬਾ ਪ੍ਰਧਾਨ ਸ਼ਿਵਵੀਰ ਰਾਜਨ ਤੇ ਜਨਰਲ ਸਕੱਤਰ ਅਮਿਤ ਸਾਂਪਲਾ, ਜਿਲ੍ਹਾ ਪ੍ਰਧਾਨ ਡਾ. ਰਮਨ ਘਈ, ਜਨਰਲ ਸਕੱਤਰ ਗੋਪੀ ਚੰਦ ਕਪੂਰ, ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਸੰਜੀਵ ਤਲਵਾਰ, ਪਲਾਨਿੰਗ ਬੋਰਡ ਹੁਸ਼ਿਆਰਪੁਰ ਦੇ ਚੇਅਰਮੈਨ ਜਵਾਹਰ ਖੁਰਾਣਾ, ਮਹਿਲਾ ਮੋਰਚਾ ਦੇ ਸੂਬਾ ਸਕੱਤਰ ਨੀਤੀ ਤਲਵਾਰ, ਮੇਅਰ ਸ਼ਿਵ ਸੂਦ, ਹਲਕਾ ਉੜਮੁੜ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਅਰਵਿੰਦਰ ਸਿੰਘ ਰਸੂਲਪੁਰ, ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਦਿਹਾਤੀ ਸੰਦੀਪ ਮਿਨਹਾਸ, ਤਲਵਾੜਾ ਦੇ ਨਗਰ ਕੌਂਸਲ ਪ੍ਰਧਾਨ ਡਾ. ਧਰੁਵ, ਯੁਵਾ ਮੋਰਚਾ ਜਿਲ੍ਹਾ ਪ੍ਰਧਾਨ ਰੋਹਿਤ ਸੂਦ ਹਨੀ, ਮੰਡਲ ਪ੍ਰਧਾਨ ਮਨੋਜ ਸ਼ਰਮਾ, ਅਸ਼ਵਨੀ ਓਹਰੀ ਤੇ ਮਨਿੰਦਰ ਬੇਦੀ ਵੀ ਮੌਜੂਦ ਸਨ।