ਚੰਡੀਗੜ੍ਹ, 7 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਅੱਜ ਕਿਹਾ ਹੈ ਕਿ ਜਲਾਲਾਬਾਦ ਹਲਕੇ ’ਚ ਡਿਪਟੀ ਸੀ ਐੱਮ ਸੁਖਬੀਰ ਸਿੰਘ ਬਾਦਲ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਐਮ.ਪੀ. ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਾ ਉਤਾਰਨ ਦੇ ਫ਼ੈਸਲੇ ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਹੋਇਆ ਗੁਪਤ ਸਮਝੌਤਾ ਹੁਣ ਜੱਗ ਜ਼ਾਹਿਰ ਹੋ ਗਿਆ ਹੈ।
ਆਮ ਆਦਮੀ ਪਾਰਟੀ ਦੀ ਚੋਣ-ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਐਮ.ਪੀ. ਭਗਵੰਤ ਮਾਨ ਨੇ ਇੱਕ ਬਿਆਨ ’ਚ ਆਖਿਆ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਏ.ਬੀ.ਪੀ. ਟੀ.ਵੀ. ਉੱਤੇ ਪ੍ਰਸਾਰਿਤ ਹੋਏ ਇਕ ਇੰਟਰਵਿਊ ਦੌਰਾਨ ਐਲਾਨ ਕੀਤਾ ਹੈ ਕਿ ਅਕਾਲੀ ਦਲ ਛੱਡ ਕੇ ਪਿੱਛੇ ਜਿਹੇ ਕਾਂਗਰਸ ਵਿੱਚ ਸ਼ਾਮਲ ਹੋਏ ਐਮ.ਪੀ. ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਨੂੰ ਜਲਾਲਾਬਾਦ ਤੋਂ ਨਹੀਂ, ਸਗੋਂ ਫ਼ਾਜ਼ਿਲਕਾ ਤੋਂ ਪਾਰਟੀ ਉਮੀਦਵਾਰ ਬਣਾਇਆ ਜਾਵੇਗਾ। ਸ੍ਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇਹ ਆਖਦੀ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਵਿਚਾਲੇ ਗੁਪਤ ਸਮਝੌਤਾ ਹੋ ਚੁੱਕਾ ਹੈ ਅਤੇ ਉਹ ਦੋਵੇਂ ਹੀ ਇੱਕ-ਦੂਜੇ ਦੇ ਸਿਆਸੀ ਹਿਤ ਹੀ ਪੂਰ ਰਹੇ ਹਨ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਅਜਿਹਾ ਖ਼ਦਸ਼ਾ ਪ੍ਰਗਟਾਇਆ ਸੀ ਕਿ ਕਾਂਗਰਸ ਸੁਖਬੀਰ ਬਾਦਲ ਦੀ ਮਦਦ ਲਈ ਜਲਾਲਾਬਾਦ ਤੋਂ ਘੁਬਾਇਆ ਦੇ ਪੁੱਤਰ ਨੂੰ ਟਿਕਟ ਨਹੀਂ ਦੇਵੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਇਹ ਸਪੱਸ਼ਟ ਕਰਦਿਆਂ ਦੱਸਿਆ ਹੈ ਕਿ ਅਜਿਹੀ ਉਨਾਂ ਦੇ ਪਰਿਵਾਰ ਦੀ ਇੱਛਾ ਸੀ। ਉਨਾਂ ਕਿਹਾ ਕਿ ਕਾਂਗਰਸ ਜਾਣਬੁੱਝ ਕੇ ਸੁਖਬੀਰ ਬਾਦਲ ਵਿਰੁੱਧ ਕੋਈ ਕਮਜ਼ੋਰ ਉਮੀਦਵਾਰ ਚੋਣ ਮੈਦਾਨ ’ਚ ਉਤਾਰੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਆਪਣਾ ਉਮੀਦਵਾਰ ਬਣਾਇਆ ਹੈ ਪਰ ਪਟਿਆਲਾ ਵਿੱਚ ਕਿਉਕਿ ਸ੍ਰੀ ਜੇ.ਜੇ. ਸਿੰਘ ਦਾ ਕੋਈ ਆਧਾਰ ਨਹੀਂ ਹੈ, ਇਸ ਲਈ ਉਹ ਇੱਕ ਕਮਜ਼ੋਰ ਉਮੀਦਵਾਰ ਹਨ।
ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਘੁਬਾਇਆ ਪਰਿਵਾਰ ਨੂੰ ਡਰਾਉਣ ਅਤੇ ਸੁਖਬੀਰ ਬਾਦਲ ਦੀ ਹਮਾਇਤ ਕਰਨ ਦਾ ਦਬਾਅ ਪਾਉਣ ਲਈ ਹਰ ਤਰਾਂ ਦੇ ਗ਼ੈਰ-ਕਾਨੂੰਨੀ ਢੰਗ ਅਪਣਾ ਰਿਹਾ ਹੈ। ਉਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਨੇ ਘੁਬਾਇਆ ਪਰਿਵਾਰ ਵੱਲੋਂ ਚਲਾਏ ਜਾਂਦੇ ਕਾਲਜ ਉੱਤੇ ਛਾਪਾ ਵੀ ਮਾਰਿਆ ਸੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੇਰ ਸਿੰਘ ਘੁਬਾਇਆ ਨੂੰ ਧਮਕੀ ਦਿੱਤੀ ਸੀ। ਉਨਾਂ ਕਿਹਾ ਕਿ ਹੁਣ ਤਾਂ ਇਹ ਵੀ ਮੰਨ ਲਿਆ ਗਿਆ ਹੈ ਕਿ ਘੁਬਾਇਆ ਪਰਿਵਾਰ ਦਾ ਪ੍ਰਭਾਵ ਖ਼ਤਮ ਕਰਨ ਲਈ ਘੁਬਾਇਆ ਦੇ ਪੁੱਤਰ ਨੂੰ ਸ਼ਾਮਲ ਕਰਨਾ ਇੱਕ ਪਹਿਲਾਂ ਤੋਂ ਸੋਚੀ-ਸਮਝੀ ਯੋਜਨਾ ਸੀ। ਉਨਾਂ ਕਿਹਾ ਕਿ ਜਲਾਲਾਬਾਦ ਵਿੱਚ ਰਾਏ ਸਿੱਖਾਂ ਦੀ ਬਹੁ-ਗਿਣਤੀ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹਮਾਇਤ ਨਹੀਂ ਦੇ ਰਹੇ।
ਮਾਨ ਨੇ ਕਿਹਾ ਕਿ ਕੈਪਟਨ ਅਮਰਰਿੰਦਰ ਸਿੰਘ ਨੇ ਆਪਣਾ ਉਹ ਗੁਨਾਹ ਵੀ ਮੰਨਿਆ ਹੈ ਕਿ ਉਨਾਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਸੀ.ਬੀ.ਆਈ. ਦੀ ਜਾਂਚ ਤੋਂ ਬਚਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਉਸ ਸਟੈਂਡ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਸਾਰੀਆਂ ਕੇਂਦਰੀ ਏਜੰਸੀਆਂ ਪਹਿਲਾਂ ਹੀ ਉਸ ਮਾਮਲੇ ਵਿੱਚ ਮਜੀਠੀਆ ਦੀ ਭੂਮਿਕਾ ਦੀ ਜਾਂਚ ਕਰ ਚੁੱਕੀਆਂ ਸਨ ਅਤੇ ਉਹ ਉਨਾਂ ਵਿਰੁੱਧ ਕੋਈ ਸਬੂਤ ਲੱਭਣ ਤੋਂ ਨਾਕਾਮ ਰਹੀਆਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਵੀ ਕੀਤਾ ਕਿ ਉਨਾਂ ਨੇ ਸੀ.ਬੀ.ਆਈ. ਜਾਂਚ ਦਾ ਵਿਰੋਧ ਕੀਤਾ ਸੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਦੋਂ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਵੀ ਦੱਸਿਆ ਸੀ ਕਿ ਮਜੀਠੀਆ ਵਿਰੁੱਧ ਜੇ ਕੋਈ ਅਜਿਹੀ ਗੱਲ ਪਾਈ ਗਈ, ਤਾਂ ਹਾਈ ਕੋਰਟ ਉਸ ਦੀ ਜਾਂਚ ਦੇ ਆਦੇਸ਼ ਦੇਵੇਗੀ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਵਿਸਾਹਘਾਤ ਕੀਤਾ ਹੈ ਅਤੇ ਨਸ਼ਿਆਂ ਦੇ ਤਸਕਰਾਂ ਦੇ ਸ਼ਿਕਾਰ ਹੋਏ ਪੀੜਤਾਂ ਨਾਲ ਭੱਦਾ ਮਜ਼ਾਕ ਕੀਤਾ ਹੈ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲਈ ਇਹ ਸ਼ਰਮਨਾਕ ਗੱਲ ਹੈ ਕਿਉਕਿ ਉਹ ਹੁਣ ਨਸ਼ਿਆਂ ਦੀ ਸਮੱਗਿਗ ਦੇ ਮਾਮਲੇ ਵਿੱਚ ਦੋਹਰੇ ਮਾਪਦੰਡ ਅਪਣਾ ਰਹੇ ਹਨ। ਇੱਕ ਪਾਸੇ ਤਾਂ ਉਹ ਆਖ ਰਹੇ ਹਨ ਕਿ ਉਹ ਸਰਕਾਰ ਬਣਾਉਣ ਦੇ ਇੱਕ ਮਹੀਨੇ ਅੰਦਰ ਨਸ਼ਿਆਂ ਦਾ ਖ਼ਾਤਮਾ ਕਰਵਾ ਦੇਣਗੇ ਅਤੇ ਦੂਜੇ ਪਾਸੇ ਉਹ ਨਸ਼ਿਆਂ ਦੇ ਕਾਰੋਬਾਰ ਦੇ ‘ਮੁੱਖ ਕਰਤਾ-ਧਰਤਾ’ ਨੂੰ ਬਚਾ ਵੀ ਰਹੇ ਹਨ। ਉਨਾਂ ਕਿਹਾ ਕਿ ਨਸ਼ਿਆਂ ਦੇ ਤਸਕਰ ਜਗਦੀਸ਼ ਭੋਲਾ ਨੇ ਜਨਤਕ ਤੌਰ ਉੱਤੇ ਇਹ ਦੋਸ਼ ਲਾਇਆ ਸੀ ਕਿ ਇਸ ਸਾਰੇ ਸਿੰਥੈਟਿਕ ਡਰੱਗ ਦੇ ਕਾਰੋਬਾਰ ਵਿੱਚ ਮਜੀਠੀਆ ਹੀ ਮੁੱਖ ਵਿਅਕਤੀ ਹੈ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਜਿਹੇ ਕਦਾਚਾਰ ਲਈ ਹੁਣ ਪੰਜਾਬ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।