ਪਠਾਨਕੋਟ, ਸੁਜਾਨਪੂਰ, ਭੋਆ, 7 ਜਵਨਰੀ, 2017 : ਵਰ੍ਹਦੇ ਮੀਂਹ ਵਿਚ ਵੀ ਵਿਜੇ ਰੱਥ ਯਾਤਰਾ ਦਾ ਪਠਾਨਕੋਟ ਖੇਤਰ ਵਿਚ ਥਾਂ-ਥਾਂ ਭਰਵਾਂ ਸਵਾਗਤ ਹੋਇਆ। ਇਕ ਪਾਸੇ ਮੀਂਹ ਵਰ੍ਹ ਰਿਹਾ ਸੀ, ਦੂਜੇ ਪਾਸੇ ਵਿਜੇ ਰੱਥ ਯਾਤਰਾ ਦੇ ਸਵਾਗਤ ਲਈ ਪੂਰਾ ਪਠਾਨਕੋਟ, ਸੁਜਾਨਪੁਰ ਅਤੇ ਭੋਆ ਉਮੜ ਆਇਆ ਸੀ। ਇਹ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਲਗਾਤਾਰ ਦਸ ਵਰ੍ਹੇ ਅਕਾਲੀ-ਭਾਜਪਾ ਗੱਠਜੋੜ ਦੇ ਕੀਤੇ ਕਾਰਜਾਂ ਅਤੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਸੂਬੇ ਦਾ ਆਵਾਮ ਡਟ ਕੇ ਖੜ੍ਹਾ ਹੈ। ਇਹ ਰੱਥ ਯਾਤਰਾ ਪਠਾਨਕੋਟ ਵਿਚ ਨੰਗਰ ਭੋਰ, ਤਲਵਾੜਾ ਜੱਟਾਂ, ਮਾਡਲ ਟਾਉਨ, ਭਗਤ ਸਿੰਘ ਚੌਂਕ, ਪੀਰ ਬਾਬਾ ਚੌਂਕ, ਗਾੜੀ ਅਹਾਤਾ ਚੌਕ, ਸ਼ਾਹਪੂਰ ਚੌਕ ਅਤੇ ਸੁਜਾਨਪੂਰ ਵਿਧਾਨਸਭਾ ਅਧੀਨ ਖੱਡੀ ਪੁਲ ਦੇ ਨਜਦੀਕ, ਜੁਗਿਆਲ, ਸੁਜਾਨਪੂਰ ਸ਼ਹਿਰ ਅਤੇ ਮਾਧੋਪੂਰ ਪਹੁੰਚੀ। ਇਸਦੇ ਨਾਲ ਹੀ ਇਹ ਯਾਤਰਾ ਭੋਆ ਵਿਖੇ ਪਹੁੰਚੀ, ਜਿੱਥੇ ਹਜਾਰਾਂ ਦੀ ਤਾਦਾਦ ਵਿਚ ਪਹੁੰਚੇ ਸਮਰਥਕਾਂ ਨੇ ਮਲਿਕਪੂਰ ਚੌਕ ਵਿਚ ਫੁਲਾਂ ਦੀ ਬਰਖਾ ਕਰਕੇ ਰੱਥ ਦਾ ਸੁਆਗਤ ਕੀਤਾ ਅਤੇ ਇਸ ਤੋਂ ਇਲਾਵਾ ਪੂਜਾ ਪੈਲੇਸ ਬਾਠ ਸਾਹਿਬ ਵਿਖੇ ਰੱਥ ਯਾਤਰਾ ਦਾ ਲੋਕਾਂ ਵੱਲੋਂ ਸੁਆਗਤ ਕੀਤਾ ਗਿਆ।
ਜਨਤਾ ਦੇ ਉਤਸ਼ਾਹ ਨੂੰ ਵੇਖਦਿਆਂ ਇਸ ਸਰਦ ਰੁੱਤ ਦੇ ਮੀਂਹ ਵਿਚ ਹੀ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਆਖਿਆ ਕਿ ਤੁਹਾਡੇ ਸਾਡੇ ਵਿਚ ਕੋਈ ਵੀ ਆਫਤ ਰੋੜਾ ਨਹੀਂ ਬਣ ਸਕਦੀ ਚਾਹੇ ਤੂਫਾਨ ਹੋਵੇ ਤੇ ਚਾਹੇ ਮੀਂਹ। ਅਸੀਂ ਇਕੱਠਿਆਂ ਹੀ ਅੱਗੇ ਵਧਣਾ ਹੈ। ਉਨ੍ਹਾਂ ਗੂੰਜ ਰਹੇ ਨਾਅਰਿਆਂ ਵਿਚ ਇਕੱਤਰਤ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਖਰਾਬ ਮੌਸਮ ਵਿਚ ਵੀ ਤੁਹਾਡੀ ਵੱਡੀ ਆਮਦ ਗੱਠਜੋੜ ਸਰਕਾਰ ਦੇ ਵਿਕਾਸ ਕਾਰਜਾਂ 'ਤੇ ਮੋਹਰ ਲਾਉਂਦੀ ਹੈ। ਸਾਂਪਲਾ ਨੇ ਆਖਿਆ ਕਿ ਇਕ ਪਾਸੇ ਕੈਪਟਨ ਅਮਰਿੰਦਰ ਵਰਗੇ ਸ਼ਾਹੀ ਲੋਕ ਹਨ ਜੋ ਆਮ ਜਨਤਾ ਨੂੰ ਤਾਂ ਕੀ ਆਪਣੇ ਪਾਰਟੀ ਦੇ ਲੀਡਰਾਂ ਨੂੰ ਵੀ ਨਹੀਂ ਮਿਲਦੇ। ਇਕ ਪਾਸੇ ਭਾਜਪਾ ਦੇ ਲੀਡਰ ਅਤੇ ਵਰਕਰ ਹਨ ਜੋ ਧਰਤੀ ਨਾਲ ਜੁੜੇ ਹਨ ਅਤੇ ਆਮ ਜਨਤਾ ਦਾ ਹੀ ਹਿੱਸਾ ਹਨ ਤੇ ਅੱਜ ਇਸ ਮੀਂਹ ਵਿਚ ਤੁਸੀਂ ਜਿਵੇਂ ਅਸੀਂ ਇਕੱਠੇ ਖੜ੍ਹੇ ਹਾਂ ਇਹ ਇਸੇ ਗੱਲ ਦਾ ਸਬੂਤ ਹੈ। ਗੱਠਜੋੜ ਸਰਕਾਰ ਦੇ ਵਿਕਾਸ ਕੰਮਾਂ ਦੀ ਗੱਲ ਕਰਦਿਆਂ ਵਿਜੇ ਸਾਂਪਲਾ ਨੇ ਆਖਿਆ ਕਿ ਕਾਂਗਰਸ ਭੁਲੇਖੇ 'ਚ ਸੀ ਕਿ ਪਠਾਨਕੋਠ ਖੇਤਰ ਸਾਡਾ ਗੜ੍ਹਾ ਹੈ ਪਰ ਇਥੋਂ ਦੀਆਂ ਤਿੰਨੋਂ ਸੀਟਾਂ ਪਠਾਨਕੋਟ, ਸੁਜਾਨਪੁਰ ਤੇ ਭੋਆ ਤੁਸੀਂ ਲਗਾਤਾਰ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਨਾਂ ਕੀਤੀਆਂ ਹਨ ਅਤੇ ਹੁਣ ਫਿਰ ਮੈਂ ਜਿਵੇਂ ਆਪ ਦਾ ਉਤਸ਼ਾਹ ਤੇ ਪਿਆਰ ਵੇਖ ਰਿਹਾ ਹਾਂ, ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਕਾਲੀ-ਭਾਜਪਾ ਗੱਠਜੋੜ ਜਿੱਥੇ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਸੂਬੇ ਵਿਚ ਹੈਟ੍ਰਿਕ ਮਾਰੇਗਾ ਉਥੇ ਇਹ ਤਿੰਨੋਂ ਸੀਟਾਂ ਇਕ ਵਾਰ ਫਿਰ ਤੋਂ ਭਾਜਪਾ ਨੂੰ ਤੁਸੀਂ ਜਿਤਾ ਕੇ ਇਥੋਂ ਵੀ ਫਿਰ ਹੈਟ੍ਰਿਕ ਮਾਰੋਗੇ।
ਇਸ ਮੌਕੇ 'ਤੇ ਬੀਜੇਪੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਸਰਕਾਰ ਉਸ ਦੀ ਹੀ ਬਣਦੀ ਹੈ ਜਿਸ ਨੂੰ ਲੋਕ ਚਾਹੁੰਦੇ ਹਨ। ਵਿਜੇ ਰੱਥ ਯਾਤਰਾ ਨੂੰ ਕ੍ਰਮ ਨੂੰ ਜਿਵੇਂ ਸੂਬੇ ਵਿਚ ਪਿਆਰ ਤੇ ਸਮਰਥਨ ਮਿਲ ਰਿਹਾ ਹੈ ਉਸ ਤੋਂ ਸਾਫ਼ ਹੈ ਕਿ ਇਕ ਵਾਰ ਫਿਰ ਤੋਂ ਗੱਠਜੋੜ ਸਰਕਾਰ ਹੀ ਬਣੇਗੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦਾ ਵੋਟਰ ਜਾਗਰੂਕ ਹੈ ਤੇ ਉਸ ਨੂੰ ਪਤਾ ਹੈ ਕਿ ਕੈਪਟਨ ਧੜਾ ਤੇ ਕੇਜਰੀਵਾਲ ਦਾ ਗੈਂਗ ਕੇਵਲ ਗੱਲਾਂ ਰਾਹੀਂ ਹੀ ਲੋਕਾਂ ਨੂੰ ਸਬਜ਼ਬਾਗ ਦਿਖਾਉਂਦੇ ਹਨ ਪਰ ਹਕੀਕਤ ਵਿਚ ਉਹ ਕੁਝ ਵੀ ਕਰਨ ਦੇ ਸਮਰਥ ਨਹੀਂ। ਇਸ ਲਈ ਪੰਜਾਬੀ ਇਨ੍ਹਾਂ ਨੂੰ ਮੂੰਹ ਨਹੀਂ ਲਾਉਂਦੇ।
ਜ਼ਿਕਰਯੋਗ ਹੈ ਕਿ ਪਠਾਨਕੋਟ ਵਿਚ ਵੱਖੋ-ਵੱਖ ਥਾਈਂ ਵਿਜੇ ਰੱਥ ਯਾਤਰਾ ਦਾ ਵਰ੍ਹ ਰਹੇ ਮੀਂਹ ਵਿਚ ਢੋਲ, ਨਗਾਰਿਆਂ, ਫੱਲਾਂ ਦੇ ਹਾਰਾਂ ਅਤੇ ਜੈਕਾਰਿਆਂ ਨਾਲ ਸਵਾਗਤ ਹੋਇਆ। ਇਸ ਮੌਕੇ 'ਤੇ ਭਾਜਪਾ ਦੇ ਤਿੰਨੋਂ ਵਿਧਾਇਕ…ਅਸ਼ਵਨੀ ਸ਼ਰਮਾ, ਸੁਜਾਨਪੂਰ ਵਿਧਾਇਕ ਦਿਨੇਸ਼ ਸਿੰਘ ਬੱਬੂ ਅਤੇ ਭੋਆ ਦੀ ਵਿਧਾਇਕਾ ਸੀਮਾ ਦੇਵੀ ਅਤੇ ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਥੇਬੰਦਕ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਅਤੇ ਜੀਵਨ ਗੁਪਤਾ, ਸੂਬਾ ਸਕੱਤਰ ਵਿਨੀਤ ਜੋਸ਼ੀ, ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਅਤੇ ਜਨਰਲ ਸਕੱਤਰ ਅਮਿਤ ਸਾਂਪਲਾ, ਜਿਲਾ ਪ੍ਰਧਾਨ ਅਨਿਲ ਰਾਮਪਾਲ, ਜਿਲਾ ਮਹਾਮੰਤਰੀ ਰਾਕੇਸ਼ ਸ਼ਰਮਾ, ਯੁਵਾ ਮੋਰਚਾ ਜਿਲਾ ਪ੍ਰਧਾਨ ਸੁਰੇਸ਼ ਸ਼ਰਮਾ, ਮਹਿਲਾ ਮੋਰਚਾ ਜਿਲਾ ਪ੍ਰਧਾਨ ਬੀਨਾ ਪਰਮਾਰ, ਐਸ.ਸੀ.ਮੋਰਚਾ ਦੇ ਜਿਲਾ ਪ੍ਰਧਾਨ ਜੋਗਿੰਦਰ ਪਾਲ ਬੰਬ, ਮੇਅਰ ਪਠਾਨਕੋਟ ਅਨਿਲ ਵਾਸੁਦੇਵਾ, ਮੰਡਲ ਪ੍ਰਧਾਨ ਪਠਾਨਕੋਟ ਰੋਹਿਤ ਪੂਰੀ, ਭੋਪਾਲ ਸਿੰਘ, ਸੁਰੇਸ਼ ਕੁਮਾਰ, ਰਿਸ਼ੀ ਪਠਾਨਿਆ, ਜਸਵੰਤ ਸਿੰਘ, ਕੰਵਰਪਾਲ, ਬਲਵਾਨ ਸਿੰਘ ਅਤੇ ਦੇਵਦੱਤ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਵਰਕਰ ਅਤੇ ਸਮਰਥਕ ਮੌਜੂਦ ਸਨ।