ਚੰਡੀਗੜ੍ਹ, 7 ਜਨਵਰੀ, 2017 : ਸ੍ਰੋਮਣੀ ਅਕਾਲੀ ਦਲ ਨੂੰ ਸ਼ਨੀਵਾਰ ਨੂੰ ਉਸ ਵੇਲੇ ਇਕ ਹੋਰ ਝਟਕਾ ਲੱਗਿਆ, ਜਦੋਂ ਬਰਨਾਲਾ ਤੋਂ ਕਈ ਮੁੱਖ ਅਕਾਲੀ ਆਗੂ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ।
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮਾਲਵਾ ਦੇ ਇਨ੍ਹਾਂ ਆਗੂਆਂ ਦਾ ਸਵਾਗਤ ਕੀਤਾ, ਜਿਨ੍ਹਾਂ 'ਚ ਅਮਰਜੀਤ ਸਿੰਘ ਅਨੰਦ (ਸ੍ਰੋਅਦ ਮਾਲਵਾ ਜੋਨ-2 ਦੇ ਸੀਨੀਅਰ ਮੀਤ ਪ੍ਰਧਾਨ), ਸੰਦੀਪ ਸਿੰਗਲਾ (ਸ੍ਰੋਅਦ ਮਾਲਵਾ ਜੋਨ-2 ਦੇ ਮੀਤ ਪ੍ਰਧਾਨ) ਤੇ ਦਰਸ਼ਨ ਸਿੰਘ ਮਾਨ (ਸ੍ਰੋਅਦ ਵਪਾਰ ਸੈੱਲ ਦੇ ਮੀਤ ਪ੍ਰਧਾਨ) ਸ਼ਾਮਿਲ ਰਹੇ।
ਉਪਰੋਕਤ ਆਗੂਆਂ ਤੋਂ ਇਲਾਵਾ, ਸ੍ਰੋਅਦ ਨਾਲ ਸਬੰਧ ਰੱਖਣ ਵਾਲੀ ਨੈਸ਼ਨਲ ਐਂਟੀ ਕ੍ਰਪਸ਼ਨ ਕਾਉਂਸਿਲ (ਰਜਿ) ਦੀਆਂ ਕੌਮੀ ਤੇ ਸੂਬਾਈ ਯੂਨਿਟਾਂ ਨੇ ਵੱਡੀ ਗਿਣਤੀ 'ਚ ਆਪਣੇ ਵਰਕਰਾਂ ਨਾਲ ਕੈਪਟਨ ਅਮਰਿੰਰ ਦਾ ਸਾਥ ਦੇਣ ਦੀ ਸਹੁੰ ਚੁੱਕੀ। ਉਨ੍ਹਾਂ 'ਚ ਮੁੱਖ ਤੌਰ 'ਤੇ ਕਾਉਂਸਿਲ ਦੇ ਕੌਮੀ ਪ੍ਰਧਾਨ ਭਾਰਤ ਭੂਸ਼ਣ ਤੇ ਨੈਸ਼ਨਲ ਚੇਅਰਮੈਨ ਜੀ.ਐਲ ਸਿੰਗਲਾ ਸ਼ਾਮਿਲ ਰਹੇ, ਜਿਨ੍ਹਾਂ ਨਾਲ ਕਈ ਮੁੱਖ ਬਿਜਨੇਸਮੈਨ ਤੇ ਸਨਅੱਤਕਾਰ ਵੀ ਸਨ।
ਇਹ ਸ਼ਮੂਲੀਅਤਾਂ ਸ੍ਰੋਅਦ ਤੋਂ ਮੌਜ਼ੂਦਾ ਵਿਧਾਇਕ ਗੁਰਤੇਜ ਸਿੰਘ ਗੁਰਿਆਨਾ (ਬੱਲੂਆਨਾ-ਰਿਜਰਵ) ਦੇ ਬਾਦਲਾਂ ਤੋਂ ਤੰਗ ਹੋ ਕੇ ਕਾਂਗਰਸ 'ਚ ਸ਼ਾਮਿਲ ਹੋਣ ਤੋਂ ਸਿਰਫ ਦੋ ਇਕ ਦਿਨ ਬਾਅਦ ਹੋਈਆਂ ਹਨ। ਸ਼ੁੱਕਰਵਾਰ ਨੂੰ ਸਾਬਕਾ ਅਕਾਲੀ ਸੰਸਦ ਮੈਂਬਰ ਸਵ. ਰਣਜੀਤ ਸਿੰਘ ਬਲਿਆਨ ਦਾ ਪਰਿਵਾਰ ਵੀ ਕਾਂਗਰਸ 'ਚ ਸ਼ਾਮਿਲ ਹੋ ਗਿਆ ਸੀ। ਜਿਸ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਇਕ ਵੱਡਾ ਉਤਸਾਹ ਮਿਲਿਆ ਹੈ।
ਉਥੇ ਹੀ, ਸ਼ਨੀਵਾਰ ਨੂੰ 25 ਤੋਂ ਵੱਧ ਸ੍ਰੋਅਦ ਆਗੂ ਨੇ, ਵੱਡੀ ਗਿਣਤੀ 'ਚ ਆਪਣੇ ਵਰਕਰਾਂ ਸਮੇਤ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਸਰਗਰਮੀ ਨਾਲ ਤੇ ਬਗੈਰ ਕਿਸੇ ਸ਼ਰਤ ਕੈਪਟਨ ਅਮਰਿੰਦਰ ਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਨੂੰ ਸਮਰਥਨ ਦਿੱਤਾ।