ਚੰਡੀਗੜ੍ਹ, 8 ਜਨਵਰੀ, 2017 : 4 ਜਨਵਰੀ ਤੋਂ ਪੰਜਾਬ ਵਿਚ ਆਦਰਸ਼ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਸੱਤਾਧਾਰੀ ਅਕਾਲੀ ਦਲ ਬਾਦਲ ਚੋਣ ਜਾਬਤੇ ਦੀਆਂ ਥਾਂ-ਥਾਂ ਧੱਜੀਆਂ ਉਡਾ ਰਿਹਾ ਹੈ, ਆਮ ਆਦਮੀ ਪਾਰਟੀ ਨੇ ਇਸ ਸੰਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲ ਸ਼ਿਕਾਇਤਾਂ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਐਤਵਾਰ ਨੂੰ ਚੰਡੀਗੜ ਵਿਖੇ ਆਮ ਆਦਮੀ ਪਾਰਟੀ ਦੇ ਮਨੁੱਖੀ ਅਧਿਕਾਰ ਵਿੰਗ ਦੇ ਕਨਵੀਨਰ ਅਤੇ ਉੱਘੇ ਵਕੀਲ ਨਵਕਿਰਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਵੀਡੀਓ ਸੀਡੀ ਦਿਖਾਉਦੇ ਹੋਏ ਦੱਸਿਆ ਕਿ ਬੀਬੀ ਜਗੀਰ ਕੌਰ ਦੇ ਜਵਾਈ ਅਤੇ ਭੁਲੱਥ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਇਕ ਇਕੱਠ ਨੂੰ ਸੰਬੋਧਨ ਕਰਦਾ ਹੋਇਆ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੀ ਵਾਲਿਆਂ ਦੇ ਨਾਂ ਉਪਰ ਵੋਟਾਂ ਮੰਗ ਕੇ ਨਾ ਕੇਵਲ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰ ਰਿਹਾ ਹੈ ਬਲਕਿ ਸਰਵ ਉੱਚ ਅਦਾਲਤ ਦੁਆਰਾ ਕੁਝ ਦਿਨ ਪਹਿਲਾਂ ਜਾਰੀ ਆਦੇਸ਼ਾਂ ਕਿ ਕੋਈ ਵੀ ਰਾਜਨੀਤਿਕ ਦਲ ਧਰਮ, ਜਾਤੀ ਆਦਿ ਦੇ ਨਾਮ ਉਤੇ ਵੋਟਾਂ ਨਹੀਂ ਮੰਗ ਸਕਦਾ, ਦੀਆਂ ਵੀ ਧੱਜੀਆਂ ਉਡਾ ਰਿਹਾ ਹੈ।
ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਇਸ ਵਿਰੁੱਧ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰੰਤੂ ਭੁਪਿੰਦਰ ਸਿੰਘ ਦੀ ਇਹ ਵੀਡਿਓ ਸ਼ੋਸਲ ਮੀਡੀਆ ਉਪਰ ਬੇਰੋਕ ਟੋਕ ਚਲ ਰਿਹਾ ਹੈ। ਉਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਉਮੀਦਵਾਰਾਂ ਨੂੰ ਕਮਿਸ਼ਨ ਵਲੋਂ ਜਾਰੀ ਕੀਤੇ ਆਦੇਸ਼ਾਂ ਦੀਆਂ ਉਲੰਘਣਾ ਕਰਨ ‘ਤੇ ਉਮੀਦਵਾਰ ਦੀ ਅਰਜੀ ਵੀ ਰੱਦ ਕੀਤੀ ਜਾ ਸਕਦੀ ਹੈ।
ਆਪ ਆਗੂ ਨੇ ਦੱਸਿਆ ਕਿ ਇਸੇ ਤਰਾਂ ਦੀ ਇਕ ਹੋਰ ਘਟਨਾ ਵਿਚ ਮੁੱਲਾਂਪੁਰ ਦਾਖਾਂ ਦੇ ਨੇੜੇ ਪਿੰਡ ਹਸਨਪੁਰ ਵਿਖੇ ਅਕਾਲੀ ਦਲ ਦੁਆਰਾ ਹਲਕੇ ਦੇ ਲੋਕਾਂ ਧਾਰਮਿਕ ਯਾਤਰਾ ਕਰਵਾਏ ਜਾਣ ਦੇ ਬੋਰਡ ਲਗਾਉਣੇ ਵੀ ਚੋਣ ਜਾਬਤੇ ਦੀ ਉਲੰਘਣਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਸੂਬੇ ਦੇ ਲੋਕਾਂ ਨੂੰ ਧਰਮ ਅਤੇ ਫਿਰਕੇ ਦੇ ਅਧਾਰ ‘ਤੇ ਵੰਡ ਕੇ ਵੋਟਾਂ ਹਥਿਆਉਣਾ ਚਾਹੁੰਦਾ ਹੈ। ਇਸ ਸੰਬੰਧੀ ਸ਼ਿਕਾਇਤ ਕਰਨ ਉਪਰੰਤ ਚੋਣ ਅਧਿਕਾਰੀ ਨੇ ਉਨਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਜਲਦ ਹੀ ਇਸ ਤਰਾਂ ਦੇ ਬੋਰਡਾਂ ਉਤੇ ਪੇਂਟਿੰਗਾਂ ਨੂੰ ਹਟਵਾਇਆ ਜਾਵੇਗਾ ਪਰੰਤੂ ਅਜੇ ਤੱਕ ਅਜਿਹੀ ਕਾਰਵਾਈ ਨਹੀਂ ਕੀਤੀ ਗਈ। ਐਡਵੋਕੇਟ ਨਵਕਿਰਨ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਚੋਣ ਕਮਿਸ਼ਨ ਦੇ ਸੂਬੇ ਵਿਚ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵਿਆਂ ਦੀ ਫੂਕ ਕੱਢਦੀਆਂ ਹਨ।
ਰਾਮਪੁਰਾ ਫੂਲ ਵਿਚ ਅਕਾਲੀ ਦਲ ਵਲੋਂ ਪਿੰਡਾਂ ਵਿਚ ਖੇਡ ਕਿੱਟਾਂ ਵੰਡਣ ਅਤੇ ਪੁਲਿਸ ਦੀ ਮਿਲੀਭੁਗਤ ਹੋਣ ਦਾ ਖੁਲਾਸਾ ਕਰਦਿਆਂ ਐਡਵੋਕੇਟ ਨਵਕਿਰਨ ਨੇ ਕਿਹਾ ਕਿ ਅਕਾਲੀਆਂ ਦੀਆਂ ਅਜਿਹੀਆਂ ਚਾਲਾਂ ਤੋਂ ਪੰਜਾਬ ਦੇ ਲੋਕ ਜਾਣੂ ਹੋ ਚੁੱਕੇ ਹਨ ਅਤੇ ਉਹ ਕਿਸੇ ਲਾਲਚ ਵਿਚ ਨਹੀਂ ਆਉਣਗੇ। ਉਨਾਂ ਦੱਸਿਆ ਕਿ ਖਰੜ ਇਲਾਕੇ ਵਿਚ ਅਕਾਲੀ ਉਮੀਦਵਾਰ ਦੁਆਰਾ ਗੈਸ ਚੁੱਲੇ ਅਤੇ ਸਿਲੰਡਰ ਵੰਡਣ ਦੀ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਉਹ ਕਮਿਸ਼ਨ ਦੀ ਕਾਰਵਾਈ ਦਾ ਇੰਤਜਾਰ ਕਰਨਗੇ।
ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ-ਨਾਲ ਸੂਬੇ ਦੇ ਆਮ ਲੋਕਾਂ ਨੂੰ ਵੀ ਇਸ ਸੰਬੰਧੀ ਸੁਚੇਤ ਹੋਣ ਦੀ ਲੋੜ ਹੈ ਅਤੇ ਕਿਸੇ ਸਥਾਨ ‘ਤੇ ਵੀ ਚੋਣ ਜਾਬਤੇ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰਨੀ ਚਾਹੀਦੀ ਹੈ। ਉਨਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਫੌਰੀ ਤੌਰ ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤੈਨਾਤੀ ਯਕੀਨੀ ਬਣਾਵੇ ਅਤੇ ਸੂਬੇ ਵਿਚ ਹੋ ਰਹੀ ਉਲੰਘਣਾ ਨੂੰ ਨੱਥ ਪਾਉਣ ਲਈ ਸਖਤ ਕਦਮ ਚੁੱਕੇ।