ਫਤਹਿਗੜ੍ਹ ਸਾਹਿਬ, 8 ਜਨਵਰੀ, 2017 : 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕਮਲਦੀਪ ਸਿੰਘ ਸੰਘਾ ਨੇ ਜ਼ਿਲ੍ਹੇ ਦੇ ਸਮੂਹ ਪ੍ਰਿੰਟਿੰਗ ਪ੍ਰੈਸ ਮਾਲਕਾਂ/ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਉਹਨਾ ਨੂੰ ਹਦਾਇਤ ਕੀਤੀ ਕਿ ਚੋਣ ਜ਼ਾਬਤੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਪੈਂਫਲਟ ਜਾਂ ਇਸ਼ਤਿਹਾਰ ਛਾਪਣ ਸਮੇਂ ਉਸ ਉਪਰ ਛਾਪਕ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪੂਰਾ ਪਤਾ ਛਾਪਣਾ ਲਾਜਮੀ ਹੋਵੇਗਾ।
ਜਿਲ੍ਹਾ ਚੋਣ ਅਫਸਰ ਨੇ ਛਾਪਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਪ੍ਰਚਾਰ ਸਮੱਗਰੀ ਛਾਪਣ ਤੋਂ ਪਹਿਲਾਂ ਸਬੰਧਤ ਰਾਜਸੀ ਪਾਰਟੀ ਜਾਂ ਉਸ ਦੇ ਨੁਮਾਇੰਦਿਆਂ ਤੋਂ ਘੋਸ਼ਣਾ ਪੱਤਰ ਦੋਹਰੀ ਪਰਤ ਵਿੱਚ ਲੈੈਣਾ ਲਾਜ਼ਮੀ ਹੋਵੇਗਾ ਜਿਹੜਾ ਕਿ ਉਸਨੂੰ ਨਿੱਜੀ ਤੌਰ ਤੇ ਜਾਨਣ ਵਾਲੇ ਦੋ ਵਿਅਕਤੀਆਂ ਵੱਲੋਂ ਤਸਦੀਕ ਕੀਤਾ ਗਿਆ ਹੋਵੇ । ਉਹਨਾਂ ਦੱਸਿਆ ਕਿ ਘੋਸ਼ਣਾ ਪੱਤਰ ਵਿੱਚ ਇਹ ਵੀ ਲਿਖਿਆ ਜਾਵੇਗਾ ਕਿ ਇਹ ਚੋਣ ਸਮੱਗਰੀ ਕਿਸਨੇ ਅਤੇ ਕਿੰਨੀ ਗਿਣਤੀ ਵਿੱਚ ਛਪਵਾਈ ਹੈ ਅਤੇ ਛਾਪੀ ਗਈ ਪ੍ਰਚਾਰ ਸਮੱਗਰੀ ਦੀ ਸੂਚਨਾ ਜ਼ਿਲ੍ਹਾ ਚੋਣ ਅਫਸਰ -ਕਮ- ਜ਼ਿਲ੍ਹਾ ਮੈਜਿਸਟਰੇਟ ਨੂੰ ਦੇਣੀ ਲਾਜ਼ਮੀ ਹੋਵੇਗੀ । ਉਹਨਾਂ ਕਿਹਾ ਕਿ ਜਿਹੜੀ ਵੀ ਪ੍ਰਿੰਟਿੰਗ ਪ੍ਰੈਸ ਪ੍ਰਚਾਰ ਸਮੱਗਰੀ ਨੂੰ ਛਾਪੇਗੀ ਉਸ ਵੱਲੋਂ ਬੈਨਰ, ਫਲੈਕਸ, ਪੋਸਟਰ, ਪੈਂਫਲਿਟ, ਕਿਤਾਬਚੇ ਉਪਰ ਆਪਣੀ ਪ੍ਰੈਸ ਦਾ ਨਾਮ ਅਤੇ ਰਜਿਸਟਰੇਸ਼ਨ ਨੰਬਰ ਛਾਪਣਾ ਵੀ ਲਾਜ਼ਮੀ ਹੋਵੇਗਾ ਅਤੇ ਪ੍ਰਚਾਰ ਸਮੱਗਰੀ ਛਾਪਣ ਦੇ ਤਿੰਨ ਦਿਨਾਂ ਦੇ ਅੰਦਰ-ਅੰਦਰ ਘੋਸ਼ਣਾ ਪੱਤਰ ਅਤੇ ਪ੍ਰਚਾਰ ਸਮੱਗਰੀ ਦੀਆਂ 4 ਕਾਪੀਆਂ ਜ਼ਿਲ੍ਹਾ ਮੈਜਿਸਟਰੇਟ ਦੇ ਦਫਤਰ ਦੀ ਫੁਟਕਲ ਸ਼ਾਖਾ ਵਿਖੇ ਜਮ੍ਹਾਂ ਕਰਵਾਉਣੀਆਂ ਲਾਜ਼ਮੀ ਹੋਣਗੀਆਂ। ਜ਼ਿਲ੍ਹਾ ਚੋਣ ਅਫਸਰ ਨੇ ਪ੍ਰਿੰਟਿੰਗ ਪ੍ਰੈਸ ਮਾਲਕਾਂ/ਨੁਮਾਇੰਦਿਆਂ ਨੂੰ ਕਿਹਾ ਕਿ ਜਿਹੜੀ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਵੱਲੋਂ ਚੋਣ ਕਮਿਸ਼ਨ ਦੀਆਂ ਇਹਨਾਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਵੇਗੀ ਉਸ ਨੂੰ ਛੇ ਮਹੀਨੇ ਤੱਕ ਦੀ ਕੈਦ ਜਾਂ ਦੋ ਹਜਾਰ ਰੁਪਏ ਤੱਕ ਦਾ ਜੁਰਮਾਨਾ ਜਾਂ ਫਿਰ ਦੋਨੋ ਹੀ ਸਜਾਵਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰ: ਉਪਕਾਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰ: ਕੁਲਜੀਤ ਸਿੰਘ, ਤਹਿਸੀਲਦਾਰ ਚੋਣਾਂ ਸ੍ਰ: ਲਾਭ ਸਿੰਘ ਤੋਂ ਇਲਾਵਾ ਵੱਖ ਵੱਖ ਪ੍ਰਿਟਿੰਗ ਪ੍ਰੈਸਾਂ ਦੇ ਮਾਲਕਾਂ ਅਤੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।