ਪਟਿਆਲਾ, 9 ਜਨਵਰੀ, 2017 : ਵਿਧਾਨ ਸਭਾ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਮੁੱਖ ਦਫਤਰ ਦਾ ਉਦਘਾਟਨ ਅੱਜ ਸਥਾਨਕ ਅਰਬਨ ਅਸਟੇਟ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਅਤੇ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਦੇ ਸਮੁੱਚੀ ਅਕਾਲੀ-ਭਾਜਪਾ ਲੀਡਰਸ਼ਿਪ ਸਣੇ ਵੱਡੀ ਗਿਣਤੀ ਹਲਕਾ ਸਨੌਰ ਦੇ ਵਰਕਰ ਹਾਜ਼ਰ ਸਨ।
ਪ੍ਰੋ. ਬਡੂੰਗਰ ਨੇ ਇਸ ਮੌਕੇ ਆਖਿਆ ਕਿ ਸੂਬੇ ਲਈ ਅਕਾਲੀ-ਭਾਜਪਾ ਦਾ ਸੱਤਾ 'ਚ ਆਉਣਾ ਲਾਜ਼ਮੀ ਹੈ, ਕਿਉਂਕਿ ਜਦੋਂ ਜਦੋਂ ਵੀ ਗੈਰ ਪਾਰਟੀ ਪੰਜਾਬ ਦੀ ਸੱਤਾ 'ਤੇ ਕਾਬਜ ਹੋਈ ਹੈ, ਉਦੋਂ ਉਦੋਂ ਪੰਜਾਬ ਨੂੰ ਖਾਸ ਕਰਕੇ ਸਿੱਖਾਂ ਨੂੰ ਨੁਕਸਾਨ ਝੱਲਣਾ ਪਿਆ ਹੈ, ਜਿਸਦਾ ਇਤਿਹਾਸ ਗਵਾਹ ਹੈ। ਉਨ੍ਹਾਂ ਇਸ ਮੌਕੇ ਅੱਗੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਦਾ ਸੱਤਾ 'ਚ ਤੀਜੀ ਵਾਰ ਆਉਣਾ ਤੈਅ ਹੈ ਅਤੇ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਸਨੌਰ ਤੋਂ ਜਿੱਤ ਤੋਂ ਬਾਅਦ ਅਗਲੀ ਸਰਕਾਰ ਅੰਦਰ ਮੰਤਰੀ ਬਣਨਾ ਵੀ ਪੱਕਾ ਹੈ। ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਜਿੱਤ ਨਾਲ ਨਾ ਸਿਰਫ਼ ਹਲਕਾ ਸਨੌਰ ਨੂੰ ਬਲਕਿ ਪੂਰੇ ਪਟਿਆਲਾ ਜ਼ਿਲ੍ਹੇ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਆਖਿਆ ਕਿ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਇਕ ਪੜ੍ਹੇ ਲਿਖੇ ਦੇ ਮਿਹਨਤੀ ਨੌਜਵਾਨ ਹਨ, ਜਿਨ੍ਹਾਂ ਵਲੋਂ ਹਲਕੇ ਅੰਦਰ ਸਿਰਫ਼ ਦੋ ਮਹੀਨਿਆਂ ਅੰਦਰ ਹੀ ਕਰਵਾਏ ਰਿਕਾਰਡ ਵਿਕਾਸ ਕਾਰਜ ਇਕ ਮਿਸਾਲ ਬਣ ਚੁੱਕੇ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਲੋਕ ਸਭਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪਟਿਆਲਾ ਜ਼ਿਲ੍ਹੇ 'ਚੋਂ ਹੀ ਨਹੀਂ ਬਲਕਿ ਪੂਰੇ ਪੰਜਾਬ ਅੰਦਰ ਸੂਪੜਾ ਸਾਫ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਅੰਦਰ ਸੂਬਾ ਸਰਕਾਰ ਨੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਉਥੇ ਹੀ ਹਰ ਇਕ ਭਾਈਚਾਰੇ ਨੂੰ ਬਰਾਬਰ ਸਨਮਾਨ ਦਿੰਦਿਆਂ ਵੱਖ ਵੱਖ ਯਾਦਗਾਰਾਂ ਸਥਾਪਿਤ ਕਰਕੇ ਸਾਰਿਆਂ ਨੂੰ ਬਰਾਬਰ ਲਿਆ ਖੜ੍ਹਾ ਕਰ ਦਿੱਤਾ ਹੈ।
ਅਖ਼ੀਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਰਣਧੀਰ ਸਿੰਘ ਰੱਖੜਾ ਨੇ ਆਈ ਸਮੁੱਚੀ ਅਕਾਲੀ ਭਾਜਪਾ ਲੀਡਰਸ਼ਿਪ ਅਤੇ ਵਰਕਰਾਂ ਦਾ ਇਥੇ ਪੁੱਜਣ 'ਤੇ ਧੰਨਵਾਦ ਕਰਦਿਆਂ ਅਕਾਲੀ-ਭਾਜਪਾ ਗਠਜੋੜ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣ ਲਈ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।
ਉਦਘਾਟਨੀ ਸਾਮਗਮ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਉਪਰੰਤ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਹਲਕਾ ਪਟਿਆਲਾ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਅਤੇ ਹਲਕਾ ਸਨੌਰ ਤੋਂ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਜ਼ਿਲ੍ਹਾ ਲੀਡਰਸ਼ਿਪ ਵਲੋਂ ਇਸ ਮੌਕੇ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਟਿਆਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਵਿਸ਼ਨੂੰ ਸ਼ਰਮਾ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਚੇਅਰਮੈਨ ਗੁਰਦੀਪ ਸਿੰਘ ਸੇਖਪੁਰਾ, ਸ. ਫੌਜਇੰਦਰ ਸਿੰਘ ਮੁਖਮੈਲਪੁਰ, ਸ. ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ ਪ੍ਰੋ. ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਚੇਅਰਮੈਨ ਸ. ਸੁਰਿੰਦਰ ਸਿੰਘ ਪਹਿਲਵਾਨ, ਡਿਪਟੀ ਮੇਅਰ ਹਰਿੰਦਰ ਕੋਹਲੀ, ਚੇਅਰਮੈਨ ਨਰਦੇਵ ਸਿੰਘ ਆਕੜੀ, ਜਸਮੇਰ ਸਿੰਘ ਲਾਛੜੂ, ਜਥੇਦਾਰ ਇੰਦਰਮੋਹਨ ਸਿੰਘ ਬਜਾਜ, ਮੇਅਰ ਅਮਰਿੰਦਰ ਸਿੰਘ ਬਜਾਜ, ਨਗਰ ਕੌਂਸਲ ਸਨੌਰ ਦੇ ਪ੍ਰਧਾਨ ਸ. ਇੰਦਰ ਸਿੰਘ ਛਿੰਦੀ ਜੀ, ਸ. ਸੁਖਦਰਸ਼ਨ ਸਿੰਘ ਮਿਹੋਣ, ਕ੍ਰਿਸ਼ਨ ਸਿੰਘ ਸਨੌਰ, ਬੂਟਾ ਸਿੰਘ ਸ਼ਾਦੀਪੁਰ, ਭੁਪਿੰਦਰ ਸਿੰਘ ਵਿਰਕ, ਜਰਨੈਲ ਸਿੰਘ ਅਲੀਪੁਰ, ਸ੍ਰੀ ਛੱਜੂ ਰਾਮ ਸੋਫਤ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਸ. ਸੁਖਬੀਰ ਸਿੰਘ ਅਬਲੋਵਾਲ, ਦਵਿੰਦਰ ਸਿੰਘ ਭਾਂਖਰ, ਗੁਰਜੰਟ ਸਿੰਘ ਨੂਰਖੇੜੀਆਂ, ਤਰਸੇਮ ਸਿੰਘ ਕੌਲੀ, ਭੁਪਿੰਦਰ ਸਿੰਘ, ਜਗਜੀਤ ਸਿੰਘ ਕੌਲੀ, ਰਮੇਸ਼ਵਰ ਸ਼ਰਮਾ ਬਲਬੇੜਾ, ਭਾਜਪਾ ਆਗੂ ਰਜਿੰਦਰ, ਹਰਿੰਦਰ ਸਿੰਘ ਕੋਹਲੀ ਸਣੇ ਸਮੂਹ ਮੈਂਬਰ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਪੰਚ ਸਰਪੰਚ, ਕੌਂਸਲਰ ਸਾਹਿਬਾਨ ਹਾਜ਼ਰ ਸਨ।