ਚੰਡੀਗੜ੍ਹ, 9 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ, ਕੰਵਰ ਸੰਧੂ, ਜੱਸੀ ਜਸਰਾਜ ਅਤੇ ਦਿਨੇਸ਼ ਚੱਢਾ ਦੀ ਅਗਵਾਈ ਹੇਠ ਪਾਰਟੀ ਦੇ ਵਲੰਟੀਆਰਾਂ ਨੇ ਚੰਡੀਗੜ ਲਾਗਲੇ ਇਲਾਕੇ ਵਿੱਚ ਉਸਾਰੇ ਗਏ ਲੁੱਟ ਦੇ ਮਹਿਲ ‘ਸੁਖਵਿਲਾਸ ਰਿਜ਼ੌਰਟ ਤੇ ਸਪਾਅ’ ਦੇ ਬਾਹਰ ਜੋਰਦਾਰ ਪ੍ਰਦਰਸ਼ਨ ਕੀਤਾ। ਲੀਡਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਸੁਖਬੀਰ ਬਾਦਲ ਦੁਅਰਾ ਲੁੱਟ ਬਣਾਏ ਅਜਿਹੇ ਸਾਰੇ ਹੋਟਲਾਂ ਨੂੰ ਜ਼ਬਤ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਕੰਵਰ ਸੰਧੂ ਨੇ ਕਿਹਾ ਕਿ ਇੱਕ ਸੜਕ ਬਣਾਉਣ ਲਈ ਸਰਕਾਰੀ ਖ਼ਜ਼ਾਨੇ ’ਚੋਂ 29 ਕਰੋੜ ਰੁਪਇਆਂ ਦੀ ਦੁਰਵਰਤੋਂ ਕੀਤੀ ਗਈ ਸੀ। ਸੁਖਬੀਰ ਬਾਦਲ ਨੇ ਮੋਹਾਲੀ ਵਿੱਚ ਵੀ ਸੜਕਾਂ ਦੀ ਰੂਪ-ਰੇਖਾ ਤਿਆਰ ਕੀਤੀ ਸੀ, ਤਾਂ ਜੋ ਉਹ ਮੋਹਾਲੀ ਦੇ ਹਵਾਈ ਅੱਡੇ ਤੋਂ ਆਪਣੇ ਰਿਜ਼ੌਰਟ ਤੱਕ ਇੱਕ ਸਿੱਧੀ ਪਹੁੰਚ ਮੁਹੱਈਆ ਕਰਵਾ ਸਕੇ।
ਸੰਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਓਬੇਰਾਏ ਗਰੁੱਪ ਨੂੰ ਵੀ ਉਸ ਰਿਜ਼ੌਰਟ ਵਿੱਚ ਸ਼ਾਮਲ ਕੀਤਾ, ਜਿਸ ਵਿੱਚ ਉਸ (ਸੁਖਬੀਰ) ਦੇ ਆਪਣੇ ਤੇ ਉਸ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੱਡਾ ਹਿੱਸਾ ਹੈ। ਉਨਾਂ ਕਿਹਾ ਕਿ ਸੁਖਬੀਰ ਦੇ ਰਿਜ਼ੌਰਟ ਵਿੱਚ ਇੱਕ ਵਿਲਾ ਦਾ ਇੱਕ ਰਾਤ ਦਾ ਕਿਰਾਇਆ 5 ਲੱਖ ਰੁਪਏ ਅਤੇ ਇੱਕ ਕਮਰੇ ਦਾ ਕਿਰਾਇਆ 35,000 ਰੁਪੲਹੇ ਹੈ।
ਉਨਾਂ ਕਿਹਾ ਕਿ ਅਜਿਹੀਆਂ ਐਸ਼ ਪ੍ਰਸਤੀਆਂ ਪੰਜਾਬ ਦੀ ਜਨਤਾ ਲਈ ਤਾਂ ਹੋ ਨਹੀਂ ਸਕਦੀਆਂ, ਸਗੋਂ ਸੁਖਬੀਰ ਬਾਦਲ ਨੇ ਆਮ ਲੋਕਾਂ ਨੂੰ ਲੁੱਟ ਕੇ ਗ਼ੈਰ-ਕਾਨੂੰਨੀ ਢੰਗ ਨਾਲ ਅਰਬਾਂ ਰੁਪਏ ਇਸ ਰਿਜ਼ੌਰਟ ਉੱਤੇ ਖ਼ਰਚ ਕੀਤੇ ਹਨ। ਉਨਾਂ ਕਿਹਾ ਕਿ ਸੁਖਵਿਲਾਸ ਰਿਜ਼ੌਰਟ ਤਾਂ ਬਾਦਲ ਪਰਿਵਾਰ ਵੱਲੋਂ ਲੋਕਾਂ ਦੀ ਸ਼ਰੇਆਮ ਕੀਤੀ ਲੁੱਟ ਦਾ ਸਮਾਰਕ ਹੈ।
ਬਾਦਲ ਪਰਿਵਾਰ ਉਤੇ ਵਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਨਾਂ ਨੇ ਸੂਬੇ ਵਿਚ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰਕੇ ਆਪਣੇ ਖੁਦ ਦੇ ਵਪਾਰ ਨੂੰ ਵਧਾਵਾ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪੰਜਾਬ ਰੋਡਵੇਜ ਅਤੇ ਪੈਪਸੂ ਦੀਆਂ ਬੱਸਾਂ ਰਾਹੀਂ ਮੁਫਤ ਧਾਰਮਿਕ ਯਾਤਰਾਵਾਂ ਕਰਵਾਉਣ ਦਾ ਕੁਲ 300 ਕਰੋੜ ਖਰਚ ਆਇਆ ਹੈ। ਜਦੋਂ ਕਿ ਬਾਦਲ ਪਰਿਵਾਰ ਦੀ ਪ੍ਰਾਇਵੇਟ ਬੱਸਾਂ ਦੀ ਕੰਪਨੀ ਵਿਚੋਂ ਇਕ ਵੀ ਬੱਸ ਇਸ ਕਾਰਜ ‘ਤੇ ਨਹੀਂ ਲਗਾਈ ਗਈ। ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਾਦਲ ਪਰਿਵਾਰ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਕਰਵਾ ਕੇ ਉਨਾਂ ਨੂੰ ਜਬਤ ਕੀਤਾ ਜਾਵੇਗਾ।
ਜੱਸੀ ਜਸਰਾਜ ਨੇ ਕਿਹਾ ਕਿ ਉੱਧਰ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ, ਪੜੇ-ਲਿਖੇ ਬੇਰੋਜ਼ਗਾਰ ਨੌਜਵਾਨ ਨੌਕਰੀਆਂ ਲਈ ਪਾਣੀਆਂ ਦੀਆਂ ਟੈਂਕੀਆਂ ਉੱਤੇ ਚੜ ਰਹੇ ਹਨ ਤੇ ਆਤਮਦਾਹ ਕਰਨ ਲਈ ਮਜਬੂਰ ਹੋ ਰਹੇ ਹਨ, ਅਧਿਆਪਕਾਂ ਉੱਤੇ ਪੁਲਿਸ ਲਾਠੀਚਾਰਜ ਕਰ ਰਹੀ ਹੈ ਤੇ ਅਜਿਹੇ ਵੇਲੇ ਸੁਖਬੀਰ ਬਾਦਲ ਆਪਣੇ ਸ਼ਾਹੀ ਰਿਜ਼ੌਰਟ ਦੀ ਉਸਾਰੀ ਕਰਵਾਉਣ ਵਿੱਚ ਰੁੱਝਿਆ ਹੋਇਆ ਸੀ। ਉਨਾਂ ਕਿਹਾ ਕਿ ਪਿਛਲੇ ਸਾਰੇ ਸਾਲਾਂ ਦੌਰਾਨ ਬਾਦਲ ਨੇ ਪੰਜਾਬ ਦੀ ਜਨਤਾ ਨੂੰ ਕੇਵਲ ਝੂਠੇ ਸੁਫ਼ਨੇ ਹੀ ਵੇਚੇ ਹਨ ਅਤੇ ਉਨਾਂ ਨੂੰ ਹਰ ਪਾਸਿਓਂ ਲੁੱਟਿਆ ਹੈ। ਉਨਾਂ ਕਿਹਾ ਕਿ ਉਸ ਨੇ ਅਤੇ ਬਿਕਰਮ ਮਜੀਠੀਆ ਨੇ ਗ਼ੈਰ-ਕਾਨੂੰਨੀ ਖਣਨ, ਸ਼ਰਾਬ ਅਤੇ ਨਸ਼ਿਆਂ ਦੇ ਕਾਰੋਬਾਰ ’ਚੋਂ ਅਥਾਹ ਦੌਲਤ ਕਮਾਈ ਹੈ। ਉਸ ਨੇ ਜਨਤਕ ਟਰਾਂਸਪੋਰਟ ਦੀ ਲਾਗਤ ਉੱਤੇ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਖ਼ੂਬ ਵਧਾ ਲਿਆ ਹੈ ਅਤੇ ਪੰਜਾਬ ਰੋਡਵੇਜ਼ ਅਤੇ ਪੈਪਸੂ ਨੂੰ ਵੱਡੇ ਘਾਟਿਆਂ ਵੱਲ ਧੱਕ ਦਿੱਤਾ ਹੈ।
ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਰਿਜ਼ੌਰਟ ਵਾਤਾਵਰਨ ਨੇਮਾਂ ਦੀ ਉਲੰਘਣਾ ਕਰ ਕੇ ਸੀਸਵਾਂ ਵਣ ਰੇਂਜ ਵਿੱਚ ਸਥਾਪਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਗ੍ਰੀਨ ਟਿ੍ਰਬਿਊਨਲ ਨੇ ਪਹਿਲਾਂ ਹੀ ਪੰਜਾਬ ਸਰਕਾਰ ਤੋਂ ਵਣ ਖੇਤਰ ਵਿੱਚ ਇਸ ਰਿਜ਼ੌਰਟ ਦੀ ਸਥਾਪਨਾ ਲਈ ਦਿੱਤੀਆਂ ਮਨਜ਼ੂਰੀਆਂ ਦੀ ਵਿਆਖਿਆ ਮੰਗੀ ਹੋਈ ਹੈ। ਉਨਾਂ ਕਿਹਾ ਕਿ ਬਾਦਲ ਪਰਿਵਾਰ ਦੇ ਮੈਂਬਰਾਂ ਦੀ ਦੌਲਤ ਪਿਛਲੇ 10 ਵਰਿਆਂ ਦੌਰਾਨ ਕਈ ਗੁਣਾ ਵਧ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇਨਾਂ 10 ਵਰਿਆਂ ਦੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਵੱਲੋਂ ਬਣਾਈਆਂ ਸਾਰੀਆਂ ਸੰਪਤੀਆਂ ਦੀ ਜਾਂਚ ਕਰਵਾਏਗੀ ਅਤੇ ਉਨਾਂ ਵਿਰੁੱਧ ਹਰ ਸੰਭਵ ਕਾਨੂੰਨੀ ਕਾਰਵਾਈ ਕਰੇਗੀ।