ਚੰਡੀਗੜ, 9 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ‘ਪੰਜਾਬ ਡਾਇਲਾੱਗ’ ਦੇ ਮੁਖੀ ਅਤੇ ਮੈਨੀਫ਼ੈਸਟੋ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਨੇ ਪੰਜਾਬ ਕਾਂਗਰਸ ਵੱਲੋਂ ਨਵੀਂ ਦਿੱਲੀ ’ਚ ਜਾਰੀ ਕੀਤੇ ਗਏ ਚੋਣ ਮਨੋਰਥ-ਪੱਤਰ ਦਾ ਮਖ਼ੌਲ ਉਡਾਉਦਿਆਂ ਕਿਹਾ ਹੈ ਕਿ ਕਾਂਗਰਸ ਦਾ ਇਹ ਦਸਤਾਵੇਜ਼ ਝੂਠ ਦੇ ਪੁਲੰਦੇ ਤੋਂ ਵੱਧ ਹੋਰ ਕੁਝ ਨਹੀਂ ਹੈ ਅਤੇ ਇਸ ਉੱਤੇ ਕਿਸੇ ਵੀ ਤਰਾਂ ਭਰੋਸਾ ਨਹੀਂ ਕੀਤਾ ਜਾ ਸਕਦਾ।
ਸੰਧੂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਨੇ ਆਪਣਾ ਇਹ ਚੋਣ ਮਨੋਰਥ-ਪੱਤਰ ਏਅਰ-ਕੰਡੀਸ਼ਨਡ ਕਮਰਿਆਂ ਵਿੱਚ ਸੁਖਾਵੇਂ ਜਿਹੇ ਮਾਹੌਲ ਵਿੱਚ ਜਾਂ ਸੋਹਣੇ ਡਰਾਇੰਗ ਰੂਮ ਵਿੱਚ ਤਿਆਰ ਕੀਤਾ ਹੈ; ਜਦ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ‘ਇਲੈਕਸ਼ਨ ਮੈਨੀਫ਼ੈਸਟੋ’ (ਚੋਣ ਮਨੋਰਥ-ਪੱਤਰ) ਸਮਾਜ ਦੇ ਹਰੇਕ ਵਿਅਕਤੀ ਤੇ ਵਰਗ ਕੋਲ ਜਾ ਕੇ ਤਿਆਰ ਕੀਤੇ ਹਨ; ਭਾਵੇਂ ਤੁਸੀਂ ਦਲਿਤਾਂ ਦੀ ਗੱਲ ਕਰ ਲਵੋ ਤੇ ਚਾਹੇ ਨੌਜਵਾਨਾਂ ਦੀ, ਕਿਸਾਨਾਂ ਜਾਂ ਉਦਯੋਗਾਂ ਤੇ ਕਾਰੋਬਾਰ ਦੀ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਖਰੜ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਕੰਵਰ ਸੰਧੂ ਨੇ ਕਿਹਾ ਕਿ ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਜਿਹੜੀ ਕਾਂਗਰਸ ਪਾਰਟੀ ਖ਼ੁਦ ਦੇ ਪੰਜਾਬ ਦੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਉਸ ਨੇ ਸਮੂਹ ਪੰਜਾਬੀਆਂ ਲਈ ਆਪਣਾ ਚੋਣ ਮਨੋਰਥ-ਪੱਤਰ ਨਵੀਂ ਦਿੱਲੀ ’ਚ ਜਾਰੀ ਕੀਤਾ ਹੈ।
ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਿਸੇ ਵੀ ਸੂਬਾਈ ਚੋਣ ਦੌਰਾਨ ਇੰਨਾ ਵੱਡਾ ਮੈਨੀਫ਼ੈਸਟੋ ਜਾਰੀ ਨਹੀਂ ਕੀਤਾ ਅਤੇ ਕਾਂਗਰਸ ਨੇ ਇਸ ਵਿੱਚ ਦਰਜ ਕੀਤੇ ਬਹੁਤੇ ਨੁਕਤੇ ਤਾਂ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਤੋਂ ਜਾਰੀ ਕੀਤੇ ਜਾ ਚੁੱਕੇ ਚਾਰ ਮੈਨੀਫ਼ੈਸਟੋਜ਼ ਤੋਂ ਹੀ ਲਏ ਹਨ ਅਤੇ ਕਾਂਗਰਸ ਦਾ ਇਹ ਮੈਨੀਫ਼ੈਸਟੋ ਕੇਵਲ ਉਨਾਂ ਦੀ ਹੀ ਇੱਕ ਕਾਪੀ ਜਾਪਦਾ ਹੈ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਤਰਜਮਾਨ ਰਾਘਵ ਚੱਢਾ ਨੇ ਕਿਹਾ ਕਿ ਲੋਕ ਕਿਸੇ ਵੀ ਹਾਲਤ ਵਿੱਚ ਕਾਂਗਰਸ ਦਾ ਚੋਣ ਮਨੋਰਥ-ਪੱਤਰ ਪ੍ਰਵਾਨ ਨਹੀਂ ਕਰਨਗੇ ਕਿਉਕਿ ਉਸ ਦੀ ਨਾ ਤਾਂ ਕੋਈ ਭਰੋਸੇਯੋਗਤਾ ਹੈ ਅਤੇ ਨਾ ਹੀ ਉਸ ਦੀ ਕੋਈ ਪ੍ਰਮਾਣਿਕਤਾ ਹੈ।
ਚੱਢਾ ਨੇ ਕਿਹਾ,‘‘ਉਦਾਹਰਨ ਵਜੋਂ, ਇਸ ਮੈਨੀਫ਼ੈਸਟੋ ਵਿੱਚ, ਕਾਂਗਰਸ ਪੰਜਾਬ ਦੀ ਜਨਤਾ ਨੂੰ ਨੌਕਰੀਆਂ, ਪੈਨਸ਼ਨ ਦੇਣ ਅਤੇ ਉਨਾਂ ਦੀ ਭਲਾਈ ਲਈ ਯੋਜਨਾਵਾਂ ਲਾਗੂ ਕਰਨ ਦੀਆਂ ਗੱਲਾਂ ਕਰਦੀ ਹੈ, ਪਰ ਸਾਲ 2002 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ, ਤਾਂ ਉਨਾਂ ਨੇ ਸੱਤਾ ਉੱਤੇ ਕਾਬਜ਼ ਹੋਣ ਤੋਂ ਬਾਅਦ ਪਹਿਲਾ ਕੰਮ ਨਵੀਆਂ ਭਰਤੀਆਂ, ਪੈਨਸ਼ਨਾਂ ਤੇ ਹੋਰ ਭਲਾਈ ਯੋਜਨਾਵਾਂ ਉੱਤੇ ਮੁਕੰਮਲ ਪਾਬੰਦੀ ਲਾਉਣ ਦਾ ਹੀ ਕੀਤਾ ਸੀ।’’ ਉਨਾਂ ਕਿਹਾ ਕਿ ਇਸ ਲਈ ਹੁਣ ਕਿਸੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਉੱਤੇ ਬਿਲਕੁਲ ਭਰੋਸਾ ਹੀ ਨਹੀਂ ਕਰਨਾ ਅਤੇ ਉਨਾਂ ਦੀ ਪਾਰਟੀ ਨੇ ਜਿਹੜੇ ਵਾਅਦੇ ਆਪਣੇ ਮੈਨੀਫ਼ੈਸਟੋ ਵਿੱਚ ਪੂਰੇ ਕਰਨ ਦੇ ਵਾਅਦੇ ਕੀਤੇ ਹਨ, ਉਹ ਕੇਵਲ ਝੂਠਾਂ ਦਾ ਪੁਲੰਦਾ ਹੀ ਜਾਪਦੇ ਹਨ।
ਕਾਂਗਰਸੀ ਚੋਣ ਮਨੋਰਥ-ਪੱਤਰ ਵਿੱਚ ਭਰੋਸੇਯੋਗਤਾ ਦੀ ਘਾਟ ਦੀ ਇੱਕ ਹੋਰ ਉਦਾਹਰਨ ਦਿੰਦਿਆਂ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਇਸ ਦਸਤਾਵੇਜ਼ ਵਿੱਚ 60 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ, ਜਦ ਕਿ ਕੇਂਦਰ ਸਰਕਾਰ ਵਿੱਚ ਵੀ ਨੌਕਰੀਆਂ ਦੀ ਕੁੱਲ ਗਿਣਤੀ ਕੇਵਲ 50 ਲੱਖ ਹੈ ਅਤੇ ਇਸ ਗਿਣਤੀ ਵਿੱਚ ਰੇਲਵੇਜ਼ ਅਤੇ ਹਥਿਆਰਬੰਦ ਬਲਾਂ ਜਿਹੇ ਵਿਭਾਗ ਵੀ ਸ਼ਾਮਲ ਹਨ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਨੇ ਕਿਹਾ ਕਿ ਕਾਂਗਰਸ ਭਾਰਤ ਦੀ ਜਨਤਾ ਨੂੰ ਅਜਿਹੇ ਝੂਠੇ ਵਾਅਦੇ ਕਰ ਕੇ ਗੁੰਮਰਾਹ ਹੀ ਕਰ ਰਹੀ ਹੈ। ਉਨਾਂ ਕਿਹਾ ਕਿ ਕਾਂਗਰਸ ਨੇ ਆਪਣੇ ਇੱਕ ਵਾਅਦੇ ਵਿੱਚ ਕਿਹਾ ਹੈ ਕਿ ਉਹ ਸਰਕਾਰੀ ਗੱਡੀਆਂ ਤੋਂ ਲਾਲ ਬੱਤੀਆਂ ਹਟਾ ਲਵੇਗੀ, ਜਦ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਦਿੱਲੀ ’ਚ ਆਪਣਾ ਇਹ ਏਜੰਡਾ ਲਾਗੂ ਵੀ ਕਰ ਚੁੱਕੀ ਹੈ। ਉਨਾਂ ਕਿਹਾ ਕਿ ਜੇ ਕਾਂਗਰਸ ਆਪਣੇ ਸਿਆਸੀ ਪ੍ਰਭੂਆਂ, ਮੰਤਰੀਆਂ ਤੇ ਅਧਿਕਾਰੀਆਂ ਦੇ ਵਾਹਨਾਂ ਦੇ ਉੱਤੇ ਲੱਗੀਆਂ ਲਾਲ ਬੱਤੀਆਂ ਹਟਾਉਣ ਦਾ ਆਪਣਾ ਏਜੰਡਾ ਲਾਗੂ ਕਰਨ ਬਾਰੇ ਗੰਭੀਰ ਹੈ, ਤਾਂ ਉਨਾਂ ਨੂੰ ਪਹਿਲਾਂ ਆਪਣੀ ਪਾਰਟੀ ਵਿੱਚ ਇਸ ਨੂੰ ਲਾਗੂ ਕਰ ਕੇ ਵਿਖਾਉਣ ਚਾਹੀਦਾ ਹੈ ਅਤੇ ਪਹਿਲਾਂ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਆਪਣੇ ਹੋਰ ਸੀਨੀਅਰ ਆਗੂਆਂ ਨੂੰ ਇਹ ਲਾਲ ਬੱਤੀਆਂ ਹਟਾਉਣ ਲਈ ਆਖਣਾ ਚਾਹੀਦਾ ਹੈ; ਇਸ ਦੇ ਨਾਲ ਹੀ ਜਿਹੜੇ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਹਨ, ਉਨਾਂ ਦੇ ਮੁੱਖ ਮੰਤਰੀਆਂ, ਤੇ ਕੈਬਿਨੇਟ ਮੰਤਰੀਆਂ ਨੂੰ ਵੀ ਇਹ ਬੱਤੀਆਂ ਹਟਾ ਦੇਣੀਆਂ ਚਾਹੀਦੀਆਂ ਹਨ।
ਚੱਢਾ ਨੇ ਕਿਹਾ ਕਿ ਕਰਜ਼ਿਆਂ ਦੇ ਬੋਝ ਹੇਠਾਂ ਦੱਬੇ ਪਏ ਕਿਸਾਨਾਂ ਨੂੰ ਰਾਹਤ ਦੇਣ ਦੇ ਮਾਮਲੇ ’ਤੇ ਵੀ ਕਾਂਗਰਸ ਝੂਠ ਬੋਲ ਰਹੀ ਹੈ, ਕਿਉਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਵੀ ਬਹੁਤ ਸਾਰੇ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ ਅਤੇ ਤਦ ਕੈਪਟਨ ਨੇ ਉਨਾਂ ਦੇ ਦੁੱਖ ਦੂਰ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਸਨ।