ਚੰਡੀਗੜ੍ਹ, 9 ਜਨਵਰੀ, 2017 : ਆਮ ਆਦਮੀ ਪਾਰਟੀ ਜਦੋਂ ਤਬਦੀਲੀ ਦੀ ਗੱਲ ਕਰਦੀ ਹੈ ਤਾਂ ਉਸ ਦਾ ਅਰਥ ਆਮ ਲੋਕਾਂ ਨੂੰ ਸਹੂਲਤਾਂ ਦੇਣਾ ਨਹੀਂ, ਸਿਰਫ ਕੁਰਸੀ ਮੱਲਣਾ ਹੈ। ਆਪ ਦੀ ਸਰਕਾਰ ਨੇ ਦਿੱਲੀ ਅੰਦਰ ਇੰਨੀ ਮਾਰੂ ਤਬਦੀਲੀ ਲਿਆਂਦੀ ਹੈ ਕਿ ਰਾਜਧਾਨੀ ਦੇ ਲੋਕ ਤਬਦੀਲੀ ਦੇ ਨਾਂ ਤੋਂ ਡਰਨ ਲੱਗ ਪਏ ਹਨ।
ਇਹ ਸ਼ਬਦ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ। ਉਹ ਆਪ ਆਗੂ ਸੰਜੇ ਸਿੰਘ ਵੱਲੋਂ ਐਤਵਾਰ ਨੂੰ ਜਲੰਧਰ ਵਿਖੇ ਤਬਦੀਲੀ ਲਿਆਉਣ ਲਈ ਦਿੱਤੇ ਬਿਆਨ ਉੱਤੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਆਪ ਦਾ ਇੱਕ ਨੁਕਾਤੀ ਪ੍ਰੋਗਰਾਮ ਹਰ ਪੈਂਤੜਾ ਵਰਤ ਕੇ ਸੱਤਾ ਦੀ ਕੁਰਸੀ ਉੱਤੇ ਬੈਠਣਾ ਹੈ। ਇਹੋ ਤਬਦੀਲੀ ਉਹਨਾਂ ਦਿੱਲੀ ਵਿਚ ਕੀਤੀ ਹੈ ਅਤੇ ਅਜਿਹੀ ਹੀ ਤਬਦੀਲੀ ਦਾ ਸੁਫਨਾ ਉਹ ਪੰਜਾਬ ਵਿਚ ਲੈ ਰਹੇ ਹਨ। ਨਾ ਉਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਕੋਈ ਸਹੂਲਤਾਂ ਦਿੱਤੀਆਂ ਹਨ ਅਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਦੇਣੀਆਂ ਹਨ। ਉਹ ਲੋਕਾਂ ਦੇ ਮੋਢਿਆਂ Aੁੱਤੇ ਬੰਦੂਕ ਰੱਖ ਕੇ ਖੁਦ ਨੂੰ ਨਾਇਕ ਬਣਨ ਦੀ ਤਾਕ ਵਿਚ ਹਨ। ਪਰ ਪੰਜਾਬ ਦੇ ਲੋਕ ਉਹਨਾਂ ਦਾ ਇਹ ਸੁਫਨਾ ਕਦੀ ਪੂਰਾ ਨਹੀਂ ਹੋਣ ਦੇਣਗੇ।
ਸ਼ ਸਿਰਸਾ ਨੇ ਕਿਹਾ ਕਿ ਆਪ ਆਗੂਆਂ ਦੀ ਨੀਤੀਆਂ ਨੇ ਪਿਛਲੇ ਇੱਕ ਸਾਲ ਵਿਚ ਦਿੱਲੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਰਾਜਧਾਨੀ ਵਿਚ ਅਮਨ ਅਤੇ ਕਾਨੂੰਨ ਦੀ ਮਾੜੀ ਹਾਲਤ ਹੈ। ਆਪ ਦੇ ਕਿੰਨੇ ਹੀ ਆਗੂ ਭ੍ਰਿਸ਼ਟਾਚਾਰ, ਦੁਰਚਾਰ, ਘਰੇਲੂ ਹਿੰਸਾ ਅਤੇ ਬੇਅਦਬੀ ਦੇ ਮਾਮਲਿਆਂ ਵਿਚ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਇਸ ਤੋਂ ਇਲਾਵਾ ਪ੍ਰਦੂਸ਼ਣ ਦਾ ਪੱਧਰ ਇੰਨਾ ਵਧ ਗਿਆ ਹੈ ਕਿ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ। ਪਾਣੀ ਅਤੇ ਬਿਜਲੀ ਦੀਆਂ ਸਹੂਲਤਾਂ ਦਾ ਮੰਦਾ ਹਾਲਤ ਹੈ। ਆਪ ਵੱਲੋਂ ਲੋਕਾਂ ਨਾਲ ਜਿੰਨੇ ਵਾਅਦੇ ਕੀਤੇ ਗਏ ਸਨ, ਉਹਨਾਂ ਵਿਚੋਂ ਇੱਕ ਤਿਹਾਈ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ।
ਸ਼ ਸਿਰਸਾ ਨੇ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਜਾਣ ਬੁੱਝ ਕੇ ਕੋਈ ਨਵਾਂ ਵਿਵਾਦ ਸ਼ੁਰੂ ਕਰ ਦਿੰਦਾ ਹੈ। ਉਹ ਕਦੇ ਸਰਜੀਕਲ ਹਮਲਿਆਂ ਦੀ ਆਲੋਚਨਾ ਦਾ ਰਾਗ ਛੇੜਦਾ ਹੈ, ਕਦੇ ਨੋਟਬੰਦੀ ਨੂੰ ਘਪਲਾ ਕਰਾਰ ਦਿੰਦਾ ਹੈ, ਕਦੇ ਦਿੱਲੀ ਦੇ ਰਾਜਪਾਲ ਨਾਲ ਉਲਝਦਾ ਅਤੇ ਕਦੇ ਦਿੱਲੀ ਦੀ ਪੁਲਿਸ ਨੂੰ ਨਿਸ਼ਾਨਾ ਬਣਾਉਂਦਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਇਹ ਸਾਰੀ ਡਰਾਮੇਬਾਜ਼ੀ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕਰਦਾ ਹੈ। ਅਕਾਲੀ ਆਗੂ ਨੇ ਦੱਸਿਆ ਕਿ ਆਪ ਆਗੂ ਬਦਲਾਓ (ਤਬਦੀਲੀ) ਦੀ ਨਹੀਂ ਸਗੋਂ ਬਦਲੇ ਦੀ ਰਾਜਨੀਤੀ ਕਰਦੇ ਹਨ। ਪੰਜਾਬ ਵਿਚ ਵੀ ਜੇਕਰ ਆਪ ਦੀ ਸਰਕਾਰ ਬਣ ਗਈ ਤਾਂ ਉਹਨਾਂ ਨੇ ਦਿੱਲੀ ਵਾਂਗ ਆਮ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦੇਣਾ ਹੈ।