ਚੰਡੀਗੜ੍ਹ, 10 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਕਾਂਗਰਸ ਵੱਲੋਂ ਦਿੱਲੀ ਵਿੱਚ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਨੂੰ ਇੱਕ ਮਜਾਕ ਦੱਸਿਆ ਅਤੇ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਇਹ ਦਸਤਾਵੇਜ ਕੁੱਝ ਵੀ ਨਹੀਂ ਹੈ।
ਫੂਲਕਾ ਨੇ ਕਿਹਾ ਕਿ ਜਿਸ ਵੇਲੇ ਕਾਂਗਰਸ ਵੱਲੋਂ ਦਿੱਲੀ ਵਿੱਚ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ, ਉਸ ਵੇਲੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਹੀਂ ਪਹੁੰਚੇ, ਕਿਉਂਕਿ ਉਹ ਐਸਵਾਈਐਲ ਉਤੇ ਸਵਾਲਾਂ ਤੋਂ ਬਚਣਾ ਚਾਹੁੰਦੇ ਸਨ। ਉਨਾਂ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਬਾਰੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ, ਕਿਉਂਕਿ ਕਪੂਰੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਇੰਦਰਾ ਗਾਂਧੀ ਨੇ ਐਸਵਾਈਐਲ ਦਾ ਟੱਕ ਲਗਾਇਆ ਸੀ। ਕਾਂਗਰਸੀ ਆਗੂਆਂ ਨੂੰ ਚੁਣੌਤੀ ਦਿੰਦਿਆਂ ਫੂਲਕਾ ਨੇ ਕਿਹਾ ਕਿ ਜੇਕਰ ਕਾਂਗਰਸ ਐਸਵਾਈਐਲ ਦੇ ਮੁੱਦੇ ਉਤੇ ਗੰਭੀਰ ਹੈ ਤਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ 24 ਘੰਟਿਆਂ ਅੰਦਰ ਪੰਜਾਬ ਦੇ ਹੱਕ ਵਿੱਚ ਬਿਆਨ ਜਾਰੀ ਕਰਨਾ ਚਾਹੀਦਾ ਹੈ।
ਫੂਲਕਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਕਾਂਗਰਸ ਨੇ ਚੋਣ ਮਨੋਰਥ ਪੱਥਰ ਪੰਜਾਬ ਦੀ ਬਜਾਏ ਦਿੱਲੀ ਤੋਂ ਜਾਰੀ ਕੀਤਾ, ਜਦਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਚੋਣ ਮਨੋਰਥ ਪੱਤਰ ਲੋਕਾਂ ਵਿੱਚ ਜਾ ਕੇ ਪੰਜਾਬ ਵਿੱਚ ਹੀ ਰਿਲੀਜ ਕੀਤੇ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪਾਰਟੀ ਪੰਜਾਬ ਦੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਨਾਲ ਡੂੰਘਾਈ ਤੱਕ ਜੁੜੀ ਹੋਈ ਹੈ।
ਆਗਾਮੀ ਵਿਧਾਨ ਚੋਣਾਂ ਲਈ ਦਾਖਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੂਲਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਇਸ ਵਾਅਦੇ ਅਨੁਸਾਰ ਪੰਜਾਬ ਵਿੱਚ 55 ਲੱਖ ਨੌਕਰੀਆਂ ਮੁਹੱਈਆ ਕਰਵਾਉਣੀਆਂ ਪੈਣਗੀਆਂ, ਜੋ ਕਿ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਹੈ।
ਉਨਾਂ ਕਿਹਾ ਕਿ ਸਰਕਾਰੀ ਨੌਕਰੀਆਂ ਦੇਣ ਦੀ ਕੇਂਦਰ ਸਰਕਾਰ ਦੀ ਵੀ ਵੱਧ ਤੋਂ ਵੱਧ 50 ਲੱਖ ਨੌਕਰੀਆਂ ਪ੍ਰਦਾਨ ਕਰਵਾਉਣ ਦੀ ਸਮਰੱਥਾ ਅਤੇ ਦਾਇਰਾ ਹੈ, ਜਦੋਂ ਕਿ ਕੇਂਦਰ ਵੱਲੋਂ ਸਭ ਤੋਂ ਵੱਡੇ ਵਿਭਾਗਾਂ ਜਿਵੇਂ ਰੇਲਵੇ ਅਤੇ ਫੌਜ ਵਿੱਚ ਬਹੁਤ ਜਿਆਦਾ ਭਰਤੀ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਨੂੰ ਐਨਾ ਵੀ ਪਤਾ ਨਹੀਂ ਕਿ ਪੰਜਾਬ ਵਿੱਚ ਲਗਭਗ ਚਾਰ ਲੱਖ ਸਰਕਾਰੀ ਕਰਮਚਾਰੀ ਹਨ ਅਤੇ ਇੱਕ ਲੱਖ ਦੇ ਕਰੀਬ ਸੇਵਾਮੁਕਤ ਕਰਮਚਾਰੀ ਪੈਨਸ਼ਨ ਲੈਣ ਵਾਲੇ ਹਨ।
ਫੂਲਕਾ ਨੇ ਕਿਹਾ ਲੋਕ ਕੈਪਟਨ ਅਮਰਿੰਦਰ ਸਿੰਘ ਦਾ ਭਰੋਸਾ ਕਿਓਂ ਕਰਨਗੇ ਕਿਉਂਕਿ 2002 ਦੀ ਵਿਧਾਨ ਸਭਾ ਚੋਣਾਂ ਵਿੱਚ ਉਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਰੋਜਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਮੁੱਖ ਮੰਤਰੀ ਬਣਦਿਆਂ ਹੀ ਇਸ ਦੇ ਉਲਟ ਕੰਮ ਕੀਤਾ।
ਫੂਲਕਾ ਨੇ ਕਿਹਾ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹੈ, ਜਿਸਨੇ 2002 ਵਿੱਚ ਸੱਤਾ ਸੰਭਾਲਦਿਆਂ ਹੀ ਨੌਕਰੀਆਂ ਉਤੇ ਪਾਬੰਦੀ ਲਗਾ ਦਿੱਤੀ ਸੀ। ਸਿਰਫ ਐਨਾ ਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਪੈਨਸ਼ਨ ਬੰਦ ਕਰਨ ਅਤੇ ਕਰਮਚਾਰੀਆਂ ਲਈ ਜਾਰੀ ਹੋਰ ਭਲਾਈ ਸਕੀਮਾਂ ਨੂੰ ਬੰਦ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ।
ਫੂਲਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰਦੇ ਹਨ ਕਿ ਉਹ ਕਿਸਾਨ ਹਿਤੈਸ਼ੀ ਹਨ, ਪਰ ਉਨਾਂ ਦੇ ਮੁੱਖ ਮੰਤਰੀ ਰਹਿੰਦਿਆਂ ਜਦੋਂ ਕਿਸਾਨ ਨੂੰ ਮਜਬੂਰ ਹੋ ਕੇ ਖੁਦਕੁਸ਼ੀ ਕਰਨੀ ਪਈ, ਤਾਂ ਉਨਾਂ ਨੇ ਪੀੜਤ ਪਰਿਵਾਰ ਦੇ ਦੁਖ ਵੰਡਾਉਣ ਦੀ ਬਜਾਏ ਮੁਆਵਜੇ ਦੇ ਬਣਦਾ ਚੈਕ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਉਨਾਂ ਕਿਹਾ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹੈ, ਜਿਸਨ ਸੱਤਾ ਸੰਭਾਲਦਿਆਂ ਹੀ ਕਿਸਾਨਾਂ ਨੂੰ ਮੁਫਤ ਵਿੱਚ ਦਿੱਤੀ ਜਾ ਰਹੀ ਬਿਜਲੀ ਦੀ ਸਹੂਲਤ ਨੂੰ ਵਾਪਿਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ 2002 ਤੋਂ 2007 ਤੱਕ ਮੁੱਖ ਮੰਤਰੀ ਦੇ ਅਹੁਦੇ ਉਤੇ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜੋ ਕਿ ਵੱਡੇ ਕਰਜੇ ਦੇ ਬੋਝ ਥੱਲੇ ਦਬੇ ਹੋਏ ਸਨ।
ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਕਰਜਾ ਦਸੰਬਰ 2018 ਤੱਕ ਮਾਫ ਕਰ ਦਿੱਤਾ ਜਾਵੇਗਾ, ਜਦਕਿ ਕਾਂਗਰਸ ਨੇ ਚੋਣ ਮਨੋਰਥ ਪੱਤਰ ਵਿੱਚ ਵੱਡੇ ਕਿਸਾਨਾਂ ਜਿਵੇਂ ਕੈਪਟਨ ਅਮਰਿੰਦਰ ਅਤੇ ਮਨਪ੍ਰੀਤ ਬਾਦਲ ਵਰਗੇ ਰਹੀਸਾਂ ਦਾ ਕਰਜਾ ਮਾਫ ਕਰਨ ਦੀ ਕੋਸ਼ਿਸ਼ ਕੀਤੀ ਹੈ।
ਫੂਲਕਾ ਨੇ ਕਿਹਾ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਓਆਰਓਪੀ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਜਦਕਿ 2004 ਤੋਂ 2014 ਤੱਕ ਦਸ ਸਾਲ ਕਾਂਗਰਸ ਕੇਂਦਰੀ ਸੱਤਾ ਉਤੇ ਕਾਬਜ ਰਹੀ, ਤਾਂ ਕਾਂਗਰਸ ਵੱਲੋਂ ਉਸ ਸਮੇਂ ਓਆਰਓਪੀ ਸਕੀਮ ਲਾਗੂ ਕਿਓਂ ਨਾ ਕਰਵਾਈ ਗਈ। ਉਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਵੱਲੋਂ ਲੋਕਾਂ ਨੂੰ ਮੂਰਖ ਸਮਝਿਆ ਜਾ ਰਿਹਾ ਹੈ।
ਫੂਲਕਾ ਨੇ ਕਿਹਾ ਕਿ ਉਨਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਹੈ ਕਿ ਜਿਹੜੀ ਪਾਰਟੀ ਨੇ ਭਾਰਤੀ ਸਿਆਸਤ ਵਿੱਚ ਵੀਆਈਪੀ ਕਲਚਰ ਸ਼ੁਰੂ ਕੀਤਾ ਅਤੇ ਹੁਣ ਉਹੀ ਪਾਰਟੀ ਇਸ ਨੂੰ ਬੰਦ ਕਰਨ ਦੀ ਗੱਲ ਕਹਿ ਰਹੀ ਹੈ। ਫੂਲਕਾ ਨੇ ਕਿਹਾ ਕਿ ਕਾਂਗਰਸ ਵੱਲੋਂ ਅਜਿਹੇ ਵਾਅਦੇ ਮਜਬੂਰੀ ਵਿੱਚ ਕਰਨੇ ਪੈ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਵੀਆਈਪੀ ਕਲਚਰ ਵਿੱਚ ਯਕੀਨ ਨਹੀਂ ਕਰਦੀ। ਉਨਾਂ ਕਿਹਾ ਕਿ ਜੇਕਰ ਕਾਂਗਰਸ ਸਚਮੁੱਚ ਇਸ ਮੁੱਦੇ ਨੂੰ ਲੈ ਕੇ ਗੰਭੀਰ ਹੈ ਤਾਂ ਕਾਂਗਰਸ ਨੂੰ ਇਸ ਦੀ ਸ਼ੁਰੂਆਤ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਹੋਰਨਾਂ ਸੂਬਿਆਂ ਦੇ ਮੰਤਰੀਆਂ ਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਲੋਕ ਚੰਗੀ ਤਰਾਂ ਜਾਣਦੇ ਹਨ ਕਿ ਕਾਂਗਰਸ ਵੱਲੋਂ ਵੀਆਈਪੀ ਕਲਚਰ ਨੂੰ ਕਦੇ ਨਹੀਂ ਛੱਡਿਆ ਜਾ ਸਕਦਾ, ਕਿਉਂਕਿ ਇਹ ਉਨਾਂ ਦੇ ਖੂਨ ਵਿੱਚ ਸਮਾ ਚੁੱਕਿਆ ਹੈ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦਿਆਂ ਹੀ ਚਾਰ ਹਫਤੇ ਦੇ ਅੰਦਰ-ਅੰਦਰ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ,। ਫੂਲਕਾ ਨੇ ਕਿਹਾ ਕਿ ਉਹ ਵਿਅਕਤੀ ਜਿਸਨੇ ਆਪਣੇ ਭਤੀਜੇ ਅਤੇ ਬਿਕਰਮ ਸਿੰਘ ਮਜੀਠੀਆ ਨੂੰ 6000 ਕਰੋੜ ਰੁਪਏ ਦੇ ਡਰੱਗ ਰੈਕੇਟ ਵਿੱਚ ਸੀਬੀਆਈ ਜਾਂਚ ਤੋਂ ਬਚਾਇਆ ਹੋਵੇ, ਉਹੀ ਵਿਅਕਤੀ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਹਿ ਰਿਹਾ ਹੈ, ਜੋ ਕਿ ਬਿਲਕੁਲ ਹਾਸੋਹੀਣਾ ਹੈ।
ਫੂਲਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੌਂਟੀ ਚੱਡਾ ਰਾਹੀਂ ਸ਼ਰਾਬ ਕਾਰੋਬਾਰ ਨੂੰ ਫੈਲਾਇਆ ਅਤੇ ਹੁਣ ਇਸ ਨੂੰ ਸੀਮਿਤ ਕਰਨ ਦੀ ਗੱਲ ਕਹਿ ਰਹੇ ਹਨ। ਫੂਲਕਾ ਨੇ ਸਵਾਲ ਕੀਤਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਇਹ ਸਮਝਦੇ ਹਨ ਕਿ ਲੋਕ ਉਨਾਂ ਦੀਆਂ ਗੱਲਾਂ ਦਾ ਯਕੀਨ ਕਰਨਗੇ।
ਫੂਲਕਾ ਨੇ ਕਿਹਾ ਕਿ ਡਰੱਸ ਤਸਕਰੀ ਦੇ ਮਾਮਲੇ ਵਿੱਚ ਨਾਂਅ ਆਉਣ ਵਾਲੇ ਸਰਵਣ ਸਿੰਘ ਫਿਲੌਰ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਵੇਲੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਝਿਜਕ ਮਹਿਸੂਸ ਨਹੀਂ ਹੋਈ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਕਾਂਗਰਸ ਵਿੱਚ ਸ਼ਾਮਿਲ ਕਰ ਲਿਆ, ਜਿਸਨੂੰ ਕਿ ਮਜੀਠੀਆ ਦਾ ਸੱਜਾ ਹੱਥ ਸਮਝਿਆ ਜਾਂਦਾ ਸੀ। ਫੂਲਕਾ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਲੋਕ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਉਤੇ ਕਿਵੇਂ ਯਕੀਨ ਕਰ ਸਕਦੇ ਹਨ।