ਨਵੀਂ ਦਿੱਲੀ, 10 ਜਨਵਰੀ, 2o17 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਵਿਧਾਨ ਸਭਾ ਚੋਣਾਂ 'ਤੇ ਮੰਡਰਾ ਰਹੇ ਅੱਤਵਾਦੀ ਤੇ ਸੰਪ੍ਰਦਾਇਕ ਹਿੰਸਾ ਦੇ ਖਤਰੇ ਸਬੰਧੀ ਖ਼ਬਰਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਨ੍ਹਾਂ ਹਾਲਾਤਾਂ ਨਾਲ ਨਿਪਟਣ ਲਈ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਗਾਏ ਜਾਣ ਦੀ ਮੰਗ ਕੀਤੀ ਹੈ।
ਇਸ ਲੜੀ ਹੇਠ ਕੇਂਦਰ ਦੀ ਪੰਜਾਬ ਪੁਲਿਸ ਨੂੰ ਅੱਤਵਾਦੀ ਹਮਲਿਆਂ ਤੇ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੰਕਾ ਦੇ ਮੱਦੇਨਜ਼ਰ ਹੁਸ਼ਿਆਰ ਰਹਿਣ ਦੀ ਚੇਤਾਵਨੀ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਕਤ ਹਾਲਾਤ ਕੇਂਦਰ ਦੇ ਸ਼ਾਸਨ ਹੇਠ ਚੋਣਾਂ ਕਰਵਾਉਣ ਸਮੇਤ ਅਜਿਹੇ ਗੰਭੀਰ ਹਾਲਾਤਾਂ ਤੋਂ ਬੱਚਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ 'ਤੇ ਜ਼ੋਰ ਦਿੰਦੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਇਨ੍ਹਾਂ ਹਾਲਾਤਾਂ ਨੂੰ ਮਜ਼ਬੂਤ ਤੇ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਠੀਕ ਕਰਨ ਅਤੇ ਇਸਨੂੰ ਬਾਹਰੀ ਖਤਰਿਆਂ ਤੋਂ ਬਚਾਉਣ ਦੀ ਦਿਸ਼ਾ 'ਚ ਰਾਸ਼ਟਰਪਤੀ ਸ਼ਾਸਨ ਲਗਾਏ ਜਾਣ ਸਮੇਤ ਚੋਣ ਕਮਿਸ਼ਨ ਦੇ ਦਖਲ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਹੇ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੀ ਗਈ ਚੇਤਾਵਨੀ ਸੂਬੇ ਅੰਦਰ ਪੇਸ਼ ਆ ਰਹੀ ਹਿੰਸਾ ਦਾ ਮੁਕਾਬਲਾ ਕਰਨ ਦੀ ਦਿਸ਼ਾ 'ਚ ਕਾਫੀ ਨਹੀਂ ਹੈ, ਜਿਹੜਾ ਪਹਿਲਾਂ ਹੀ ਅੱਤਵਾਦੀਆਂ ਦੇ ਨਾਲ ਨਾਲ ਆਪਣੇ ਸ਼ਾਸਕਾਂ ਹੱਥੋਂ ਕਾਫੀ ਕੁਝ ਸਹਿਣ ਕਰ ਚੁੱਕਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਪੰਜਾਬ ਸਮੇਤ ਅਗਲੇ ਮਹੀਨੇ ਚੋਣਾਂ ਦਾ ਸਾਹਮਣਾ ਕਰਨ ਜਾ ਰਹੇ ਹੋਰ ਸੂਬਿਆਂ ਅੰਦਰ ਭਾਰੀ ਮਾਤਰਾ 'ਚ ਸੁਰੱਖਿਆ ਫੋਰਸਾਂ ਦੀ ਤੈਨਾਤੀ ਦੇ ਬਾਵਜੂਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੂਬਾ ਪੁਲਿਸ ਨੂੰ ਨਿਰਦੇਸ਼ ਦੇਣਾ ਇਹ ਸਪੱਸ਼ਟ ਕਰਨ ਲਈ ਕਾਫੀ ਹੈ ਕਿ ਜ਼ਮੀਨੀ ਪੱਧਰ 'ਤੇ ਹਾਲਾਤ ਬਹੁਤ ਗੰਭੀਰ ਤੇ ਵਿਸਫੋਟਕ ਹਨ।
ਇਸ ਦਿਸ਼ਾ 'ਚ, ਕੈਪਟਨ ਅਮਰਿੰਦਰ ਨੇ ਮੁੱਦੇ ਦੀ ਗੰਭੀਰਤਾ ਨੂੰ ਦਰਸਾਉਣ ਲਈ ਬੀਤੇ ਇਕ ਸਾਲ ਤੋਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਤੇ ਹਾਲੇ 'ਚ ਦਲਿਤਾਂ ਖਿਲਾਫ ਹਿੰਸਾ ਸਮੇਤ ਹੋਰ ਮਾਮਲਿਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਹਵਾ ਦੇ ਕੇ ਲੋਕਾਂ ਨੂੰ ਸੰਪ੍ਰਦਾਇਕ ਤੇ ਜਾਤ ਦੇ ਅਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।
ਕੈਪਟਨ ਅਮਰਿੰਦਰ ਮੁਤਾਬਿਕ ਨਾਭਾ ਜੇਲ੍ਹ ਦੀ ਘਟਨਾ ਤੇ ਸਿਰਫ ਕੁਝ ਦਿਨਾਂ ਪਹਿਲਾਂ ਸਾਹਮਏ ਆਇਆ ਫਾਜ਼ਿਲਕਾ ਸਬ ਜੇਲ੍ਹ ਦਾ ਮਾਮਲਾ, ਜਿਥੇ ਚੋਣਾਂ ਨੂੰ ਲੈ ਕੇ ਇਕ ਮੀਟਿੰਗ ਹੋ ਰਹੀ ਸੀ, ਵੀ ਸਾਫ ਇਸ਼ਾਰਾ ਕਰਦੇ ਹਨ ਕਿ ਚੋਣਾਂ ਦੌਰਾਨ ਹਿੰਸਾ ਵਰ੍ਹਾ ਕੇ ਵੋਟਿੰਗ ਪ੍ਰੀਕ੍ਰਿਆ 'ਚ ਰੁਕਾਵਟ ਪਾਉਣ ਲਈ ਅਪਰਾਧਿਕ ਗਿਰੋਹ ਤੇ ਹਥਿਆਰਬੰਦ ਗੁੰਡੇ ਸਖ਼ਤ ਕੋਸ਼ਿਸ਼ਾਂ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸਰਹੱਦ ਪਾਰ ਬੈਠੇ ਅੱਤਵਾਦੀ ਸਮੂਹਾਂ ਵੱਲੋਂ ਚੋਣਾਂ ਵੇਲੇ ਪੰਜਾਬ ਅੰਦਰ ਵੋਟਿੰਗ ਪ੍ਰੀਕ੍ਰਿਆ 'ਚ ਰੁਕਾਵਟ ਪਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀਆਂ ਖ਼ਬਰਾਂ ਨੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।
ਜਿਸ 'ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਸਾਰੇ ਰੁਕਾਵਟ ਪਾਉਣ ਤੇ ਮਾਹੌਲ ਖ਼ਰਾਬ ਕਰਨ ਵਾਲੇ ਅਨਸਰਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਦੇ ਨਾਲ ਨਾਲ ਚੋਣ ਕਮਿਸ਼ਨ ਨੂੰ ਦੇਣ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ, ਚੋਣ ਕਮਿਸ਼ਨ ਨੂੰ ਵੀ ਸਾਰੇ ਹਥਿਆਰਬੰਦ ਗਿਰੋਹਾਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਬਾਰੇ ਖ਼ਬਰਾਂ ਮੁਤਾਬਿਕ ਅਨੁਮਾਨਿਤ 52 ਹਥਿਆਰਬੰਦ ਗਿਰੋਹ ਅਜ਼ਾਦ ਘੁੰਮ ਰਹੇ ਹਨ। ਕੈਪਟਨ ਅਮਰਿੰਦਰ ਨੇ ਆਉਂਦੇ ਦਿਨਾਂ 'ਚ ਗੰਭੀਰ ਹਿੰਸਾ ਤੋਂ ਬੱਚਣ ਲਈ ਚੋਣ ਕਮਿਸ਼ਨ ਨੁੰ ਸੂਬੇ ਨੂੰ ਕੇਂਦਰ ਦੇ ਸ਼ਾਸਨ ਅਧੀਨ ਲਿਆਉਣ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ।