ਚੰਡੀਗੜ੍ਹ, 10 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਆਪਣੀ ਗੁਪਤਾ ਇੱਛਾ ਪਾਲਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬੀ ਕਦੇ ਵੀ ਉਸਦੀ ਇੱਛਾ ਪੂਰੀ ਨਹੀਂ ਹੋਣ ਦੇਣਗੇ ਕਿਉਂਕਿ ਅੱਜ ਸ੍ਰੀ ਮਨੀਸ਼ ਸਿਸੋਦੀਆ ਵੱਲੋਂ ਮੁਹਾਲੀ ਵਿਚ ਦਿੱਤੇ ਬਿਆਨ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਸਿਸੋਦੀਆ ਦੇ ਬਿਆਨ ਨੇ ਹੁਣ ਜਾਹਰ ਕਰ ਦਿੱਤਾ ਹੈ ਕਿ ਸ੍ਰੀ ਕੇਜਰੀਵਾਲ ਲੰਬੇ ਸਮੇਂ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਲੋਚ ਰਹੇ ਹਨ ਤੇ ਇਸੇ ਲਈ ਉਹਨਾਂ ਨੇ ਉਹਨਾਂ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜੋ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਬਣਦੇ ਗਏ। ਉਹਨਾਂ ਕਿਹਾ ਕਿ ਮੁਅੱਤਲ ਕੀਤੇ ਗਏ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ੍ਰੀ ਧਰਮਵੀਰ ਗਾਂਧੀ ਤੇ ਸ੍ਰੀ ਹਰਿੰਦਰ ਸਿੰਘ ਖਾਲਸਾ ਦੇ ਦਾਅਵੇ ਸਹੀ ਸਾਬਤ ਹੋਏ ਹਨ ਕਿ ਦਿੱਲੀ ਦਾ ਆਗੂ ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ 'ਤੇ ਅੱਖ ਰੱਖੀਂ ਬੈਠਾ ਹੈ। ਉਹਨਾਂ ਕਿਹਾ ਕਿ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਸ੍ਰੀ ਭਗਵੰਤ ਮਾਨ, ਜਿਹਨਾਂ ਦਾ ਦਾਅਵਾ ਅੱਜ ਸ੍ਰੀ ਸਿਸੋਦੀਆ ਨੇ ਰੱਦ ਕਰ ਦਿੱਤਾ, ਇਸ ਮਾਮਲੇ 'ਤੇ ਸ੍ਰੀ ਕੇਜਰੀਵਾਲ ਦੇ ਸਾਹਮਣੇ ਸਿਰ ਨਿਵਾ ਕੇ ਫੈਸਲਾ ਕਬੂਲ ਕਰਨਗੇ ਜਾਂ ਇਸਦਾ ਵਿਰੋਧ ਕਰਨਗੇ।
ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਸਿਸੋਦੀਆ ਦੇ ਬਿਆਨ ਨਾਲ ਇਕ ਵਾਰ ਫਿਰ ਤੋਂ ਜਾਹਰ ਹੋ ਗਿਆ ਹੈ ਕਿ ਸ੍ਰੀ ਕੇਜਰੀਵਾਲ ਝੂਠ ਬੋਲਣ ਦੇ ਆਦੀ ਹਨ ਜੋ ਪੰਜਾਬੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਹਨ ਕਿ ਪੰਜਾਬ ਵਿਚ ਪਾਰਟੀ ਦੇ ਸੱਤਾ ਵਿਚ ਆਉਣ ਦੀ ਸੂਰਤ ਵਿਚ ਮੁੱਖ ਮੰਤਰੀ ਪੰਜਾਬੀ ਹੋਵੇਗਾ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਇਹ ਐਲਾਨਦੇ ਆ ਰਹੇ ਸਨ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਨਾਮ ਢੁਕਵੇਂ ਸਮੇਂ 'ਤੇ ਐਲਾਨਿਆ ਜਾਵੇਗਾ ਪਰ ਜਦੋਂ ਇਸਦਾ ਵੇਲਾ ਆਇਆ ਤਾਂ ਉਹ ਇਸ ਤੋਂ ਸਾਫ ਇਨਕਾਰੀ ਹੋ ਗਏ। ਉਹਨਾਂ ਕਿਹਾ ਕਿ ਪੰਜਾਬੀ ਵੀ ਇਹ ਸਮਝਦੇ ਹਨ ਕਿ ਜਦੋਂ ਸ੍ਰੀ ਕੇਜਰੀਵਾਲ ਨੇ ਗੋਆ ਲਈ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਫਿਰ ਪੰਜਾਬ ਵਿਚ ਉਹ ਇਹ ਉਮੀਦਵਾਰ ਦਾ ਐਲਾਨ ਕਿਉਂ ਨਹੀਂ ਕਰ ਰਹੇ।
ਇਸ ਸਾਰੇ ਵਰਤਾਰੇ ਨੂੰ ਇਕ ਗਿਣੀ ਮਿਥੀ ਸਾਜ਼ਿਸ਼ ਕਰਾਰ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਹ ਆਪਣੇ ਰਾਜ ਹਰਿਆਣਾ ਨੂੰ ਆਪਣੀ ਜ਼ਿੰਮੇਵਾਰੀ ਨਾਲ ਦੇਣ ਦੇਣੀ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਸ ਵਾਸਤੇ ਉਹ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਖੋਹ ਕੇ ਹਰਿਆਣਾ ਨੂੰ ਦੇਣ ਦੇ ਇਰਾਦਾ ਰੱਖਦੇ ਹਨ ਤੇ ਨਾਲ ਹੀ ਸਤਲੁਜ ਯਮੁਨਾ ਲਿੰਕ ਨਹਿਰ ਵੀ ਪੂਰੀ ਕਰਵਾਉਣ ਦੀ ਯੋਜਨਾ ਰੱਖਦੇ ਹਨ ਤਾਂ ਕਿ ਉਹ ਆਪਣੇ ਰਾਜ ਹਰਿਆਣਾ ਨੂੰ ਪਾਣੀ ਦੇ ਸਕਣ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਵੱਡੀ ਸਾਜ਼ਿਸ਼ ਦਾ ਇਕ ਹਿੱਸਾ ਸਿੱਖ ਭਾਈਚਾਰੇ ਦਾ ਨੁਕਸਾਨ ਕਰਨ ਦਾ ਵੀ ਹੈ ਕਿਉਂਕਿ ਇਕ ਗੈਰ ਸਿੱਖ ਜੇਕਰ ਪੰਜਾਬ ਦਾ ਮੁੱਖ ਮੰਤਰੀ ਬਣਦਾ ਹੈ ਤਾਂ ਉਹ ਆਪਣੀ ਤਾਕਤ ਦੀ ਵਰਤੋਂ ਇਸ ਉਦੇਸ਼ ਵਾਸਤੇ ਕਰ ਸਕਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਧੋਖਾ ਦੇਣ ਦੇ ਵੀ ਆਦੀਹ ਨ ਜਿਹਨਾਂ ਨੇ ਪਹਿਲੀ ਵਾਰ ਦਿੱਲੀ ਵਾਸੀਆਂ ਨੂੰ ਉਦੋਂ ਧੋਖਾ ਦਿੱਤਾ ਜਦੋਂ ਉਹਨਾਂ ਨੇ ਸਰਕਾਰ ਬਣਾਉਣ ਲਈ ਕਾਂਗਰਸ ਨਾਲ ਗਠਜੋੜ ਕਰ ਲਿਆ। ਇਸ ਉਪਰੰਤ 49 ਦਿਨ ਸਰਕਾਰ ਚਲਾ ਕੇ ਫਿਰ ਧੋਖਾ ਦਿੱਤਾ ਤੇ ਤਾਜ਼ੀਆਂ ਚੋਣਾਂ ਵਿਚ ਦਿੱਲੀ ਵਾਸੀਆਂ ਤੋਂ ਪਹਿਲੀ ਗਲਤੀ ਦੀ ਮੁਆਫੀ ਮੰਗ ਕੇ ਦੁਬਾਰਾ ਫਤਵਾ ਹਾਸਲ ਕੀਤਾ ਪਰ ਹੁਣ ਤੀਜੀ ਵਾਰ ਦਿੱਲੀ ਵਾਸੀਆਂ ਨੂੰ ਧੋਖਾ ਦੇਣ ਦਾ ਇਰਾਦਾ ਬਣਾ ਰਹੇ ਹਨ ਜਿਸ ਤਹਿਤ ਸ੍ਰੀ ਸਿਸੋਦੀਆ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਕੇ ਆਪ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਯੋਜਨਾ ਖੁਦ ਉਹਨਾਂ ਦੇ ਆਪਣੇ ਸਾਥੀ ਨੇ ਬੇਨਕਾਬ ਕਰ ਦਿੱਤੀ ਹੈ ਤੇ ਹੁਣ ਪੰਜਾਬੀ ਇਸ ਪ੍ਰਣ ਲੈਣਗੇ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਜਾਵੇਗਾ। ਉਹਨਾਂ ਨੇ ਪਾਰਟੀ ਦੇ ਵੱਖ ਵੱਖ ਆਗੂਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਸਪਸ਼ਟ ਕਰਨ ਕਿ ਕੀ ਉਹ ਸ੍ਰੀ ਸਿਸੋਦੀਆ ਦੇ ਬਿਆਨਾਂ ਦੀ ਰੋਸ਼ਨੀ ਵਿਚ ਸਪਸ਼ਟ ਕਰਨ ਕਿ ਉਹ ਸ੍ਰੀ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਨਾਲ ਸਹਿਮਤ ਹਨ ਜਾਂ ਨਹੀਂ।