ਪਟਿਆਲਾ, 10 ਜਨਵਰੀ, 2017 : ਵਿਧਾਨ ਸਭਾ ਚੋਣਾਂ-2017 ਸਬੰਧੀ ਚੋਣ ਕਮਿਸ਼ਨ ਦੀ ਅਬਜਰਵਰ ਮਿਸ ਵੀਨਾ ਯਾਦਵ ਨੇ ਵਿਧਾਨ ਸਭਾ ਹਲਕਾ ਸਨੌਰ, ਘਨੌਰ ਅਤੇ ਰਾਜਪੁਰਾ ਵਿਖੇ ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਮਿੰਨੀ ਸਕੱਤਰੇਤ ਵਿਖੇ ਪੇਡ ਖ਼ਬਰਾਂ (ਮੁੱਲ ਦੀਆਂ ਖ਼ਬਰਾਂ) 'ਤੇ ਨਜ਼ਰ ਰੱਖਣ ਲਈ ਸਥਾਪਿਤ ਕੀਤੇ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਸੈਲ ਦਾ ਮੁਆਇਨਾ ਕੀਤਾ।
ਚੋਣ ਕਮਿਸ਼ਨ ਵੱਲੋਂ ਤਾਇਨਾਤ ਜਾਗਰੂਕਤਾ ਅਬਜਰਵਰ ਨੇ ਪਹਿਲਾਂ ਟੀ.ਵੀ. ਚੈਨਲਾਂ ਤੇ ਰੇਡੀਓ ਪ੍ਰੋਗਰਾਮਾਂ ਦੀ ਰਿਕਾਰਡਿੰਗ ਲਈ ਸਥਾਪਿਤ ਕੀਤੇ ਸੈਲ ਦਾ ਦੌਰਾ ਕੀਤਾ ਫਿਰ ਪ੍ਰਿੰਟ ਮੀਡੀਆ ਤੇ ਪੇਡ ਨਿਊਜ 'ਤੇ ਨਜ਼ਰ ਰੱਖਣ ਅਤੇ ਇਸ਼ਤਿਹਾਰਾਂ ਦੀ ਪੂਰਵ ਪ੍ਰਵਾਨਗੀ ਦੇ ਚੱਲ ਰਹੇ ਕਾਰਜ ਦੀ ਵੀ ਸਮੀਖਿਆ ਕੀਤੀ। ਇਸ ਉਪਰੰਤ ਐਮ.ਸੀ.ਐਮ.ਸੀ. ਕਮੇਟੀ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਾਰੇ ਕਾਰਜਾਂ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।
ਅਬਜਰਵਰ ਨੇ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਚੋਣ ਲੜਨ ਵਾਲੇ ਉਮਦਵਾਰਾਂ ਤੇ ਰਾਜਸੀ ਪਾਰਟੀਆਂ ਚੋਣ ਸਬੰਧੀ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ਲਈ ਤਿਆਰ ਕੀਤੇ ਜਾਣ ਵਾਲੇ ਇਸ਼ਤਿਹਾਰਾਂ ਦੀ ਐਮ.ਸੀ.ਐਮ.ਸੀ. ਤੋਂ ਪੂਰਵ ਪ੍ਰਵਾਨਗੀ ਤੋਂ ਇਲਾਵਾ ਸ਼ੋਸ਼ਲ ਮੀਡੀਆ ਤੇ ਪਾਈ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਲਈ ਵੀ ਇਸ ਕਮੇਟੀ ਦੀ ਪੂਰਵ ਪ੍ਰਵਾਨਗੀ ਲੈਣਗੇ। ਉਹਨਾਂ ਇਹ ਵੀ ਕਿਹਾ ਕਿ ਕਿਸੇ ਇੱਕ ਉਮੀਦਵਾਰ ਵੱਲੋਂ ਪਾਰਟੀ ਨੂੰ ਰਾਜਸੀ ਲਾਭ ਪਹੁੰਚਾਉਣ ਲਈ ਅਖ਼ਬਾਰ ਸਮੇਤ ਕਿਸੇ ਵੀ ਪ੍ਰਚਾਰ ਸਾਧਨ ਵਿੱਚ ਪੇਡ ਨਿਊਜ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਸ ਦਾ ਬਿਊਰਾ ਚੋਣ ਕਮਿਸ਼ਨ ਦੇ ਐਮ.ਸੀ.ਐਮ.ਸੀ. ਵੈਬ ਪੋਰਟਲ 'ਤੇ ਅਪਲੋਡ ਕੀਤਾ ਜਾਵੇ ਤਾਂ ਕਿ ਸਬੰਧਤ ਰਿਟਰਨਿੰਗ ਅਧਿਕਾਰੀ ਉਮੀਦਵਾਰ ਨੂੰ ਨਿਰਧਾਰਤਿ ਸਮੇਂ ਵਿੱਚ ਨੋਟਿਸ ਭੇਜ ਸਕੇ। ਇਸ ਉਪਰੰਤ ਅਬਜਰਵਰ ਮਿਸ ਯਾਦਵ ਨੇ ਵਿਧਾਨ ਸਭਾ ਹਲਕਾ ਸਮਾਣਾ ਤੇ ਸ਼ੁਤਰਾਣਾ ਵਿਖੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਐਮ.ਸੀ.ਐਮ.ਸੀ. ਦੇ ਨੋਡਲ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸਨਰ (ਜਨਰਲ) ਸ਼੍ਰੀ ਅਮਰੇਸ਼ਵਰ ਸਿੰਘ, ਸਹਾਇਕ ਕਮਿਸ਼ਨਰ (ਟਰੇਨਿੰਗ) ਸ਼੍ਰੀ ਸੰਦੀਪ ਕੁਮਾਰ (ਆਈ.ਏ.ਐਸ.) , ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ, ਆਲ ਇੰਡੀਆ ਰੇਡੀਓ ਪਟਿਆਲਾ ਦੇ ਸਹਾਇਕ ਡਾਇਰੈਕਟਰ ਸ਼੍ਰੀ ਅਮਰਜੀਤ ਸਿੰਘ ਵੜੈਚ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਇਸ਼ਵਿੰਦਰ ਸਿੰਘ ਗਰੇਵਾਲ, ਉਪ ਅਰਥ ਅਤੇ ਅੰਕੜਾ ਸਲਾਹਕਾਰ ਸ਼੍ਰੀ ਪਰਮਜੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਸ਼੍ਰੀ ਭੁਪੇਸ਼ ਚੱਠਾ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ਼੍ਰੀਮਤੀ ਸ਼ਾਇਨਾ ਕਪੂਰ ਵੀ ਹਾਜ਼ਰ ਸਨ।