ਚੰਡੀਗੜ੍ਹ, 10 ਜਨਵਰੀ, 2017 : ਪੰਜਾਬ ਵਿਧਾਨ ਸਭਾਂ ਦੀਆਂ 117 ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਹੋਣ ਵਾਲੇ ਜ਼ਿਮਨੀ ਚੋਣਾਂ ਸਬੰਧੀ ਨੋਟੀਫੀਕੇਸ਼ਨ ਭਲਕ ਨੂੰ ਹੋ ਜਾਣ ਦੇ ਨਾਲ ਹੀ ਪੰਜਾਬ ਰਾਜ ਵਿੱਚ ਨਾਮਜਦਗੀਆਂ ਦਾਖਲ ਕਰਨ ਦਾ ਅਮਲ ਵੀ ਸ਼ੁਰੂ ਹੋ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ, ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਮਿਤੀ 11 ਜਨਵਰੀ 2017 ਦਿਨ ਬੁੱਧਵਾਰ ਨੂੰ ਪੰਜਾਬ ਰਾਜ ਦੀਆਂ ਵਿਧਾਨ ਸਭਾ ਚੋਣਾਂ ਲਈ ਨਾਮਜਦਗੀਆਂ ਸਵੇਰੇ 11:00 ਵਜੇਂ ਸੁਰੂ ਹੋ ਕੇ ਬਾਦ ਦੁਪਹਿਰ 3 ਵਜੇ ਤੱਕ ਚਲੇਗਾ । ਉਨ੍ਹਾਂ ਕਿਹਾ ਕਿ ਨਾਮਜਦਗੀ ਦਾਖਲ ਕਰਨ ਦੀ ਆਖਰੀ ਤਰੀਕ 18 ਜਨਵਰੀ2017 ਦਿਨ ਬੁੱਧਵਾਰ ਹੈ ਜਦਕਿ ਨਾਮਜਦਗੀ ਕਾਗਜਾਂ ਦੀ ਪੜਤਾਲ ਮਿਤੀ 19 ਜਨਵਰੀ 2017 ਦਿਨ ਵੀਰਵਾਰ ਨੂੰ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਨਾਮਜਦਗੀ ਪੱਤਰ ਵਾਪਸ ਲੈਣ ਦੀ ਮਿਤੀ 21 ਜਨਵਰੀ 2017 ਦਿਨ ਸ਼ਨਿੱਚਰਵਾਰ ਨੂੰ ਵਾਪਸ ਲਏ ਜਾ ਸਕਣਗੇ ਅਤੇ ਮਿਤੀ 4 ਫਰਵਰੀ 2017 ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 11 ਮਾਰਚ 2017 ਨੂੰ ਹੋਵੇਗੀ ।
ਬੁਲਾਰੇ ਨੇ ਕਿਹਾ ਕਿ ਵਿਧਾਨ ਸਭਾ ਲਈ ਨਾਮਜਦਗੀ ਫਾਰਮ 2- ਬੀ ਭਰੇ ਜਾਣਗੇ ਅਤੇ ਲੋਕ ਸਭਾ ਹਲਕਾ 02-ਅੰਮ੍ਰਿਤਸਰ ਲਈ 2ਏ ਭਰਿਆ ਜਾਣਾ ਹੈ।ਇਹ ਫਾਰਮ ਜ਼ਿਲ੍ਹਾ ਚੋਣ ਅਫਸਰ/ਰੀਟਰਨਿੰਗ ਅਪਸਰ ਕੋਲ ਉਪਲੰਬਧ ਹਨ।ਵਿਧਾਨ ਸਭਾ ਚੋਣਾਂ ਲਈ ਨਾਮਜਦਗੀ ਦਾਖਲ ਕਰਨ ਵਾਲੇ ਉਮੀਦਵਾਰ ਪੰਜਾਬ ਰਾਜ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਵਿੱਚ ਰਜਿਸਟਰਡ ਉਮੀਵਾਰ ਹੋਣਾਂ ਚਾਹੀਂਦਾ ਹੈ ਅਤੇ ਨਾਮਜਦਗੀ ਪੱਤਰ ਦਾਖਲ ਕਰਨ ਵੇਲੇ ਉਮੀਦਵਾਰ ਕੋਲ ਵੋਟਰ ਸੂਚੀ ਵਿੱਚ ਦਰਜ ਆਪਣੇ ਨਾਮ ਦੀ ਸਰਟੀਫਾਈਡ ਕਾਪੀ ਹੋਣੀ ਚਾਹੀਂਦੀ ਹੈ ।ਜਦਕਿ 02-ਅੰਮ੍ਰਿਤਸਰ ਲੋਕ ਸਭਾ ਸੀਟ ਲਈ ਲਈ ਨਾਮਜਦਗੀ ਪੱਤਰ ਦਾਖਲ ਕਰਨ ਵਾਲਾ ਉਮੀਦਵਾਰ ਕਿਸੇ ਵੀ ਲੋਕ ਸਭਾ ਹਲਕੇ ਵਿੱਚ ਰਜਿਸਟਰਡ ਵੋਟਰ ਹੋਣ ਸਬੰਧੀ ਆਪਣੇ ਨਾਮ ਦੀ ਸਰਟੀਫਾਈਡ ਕਾਪੀ ਹੋਣੀ ਚਾਹੀਂਦੀ ਹੈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੀ ਨਵੀਂ ਵਿਧਾਨ ਸਭਾ ਦੇ ਗਠਨ ਸਬੰਧੀ ਸਮੁੱਚੇ ਚੋਣ ਅਮਲ ਨੂੰ 15 ਮਾਰਚ 2017 ਦਿਨ ਬੁੱਧਵਾਰ ਤੋਂ ਪਹਿਲਾਂ ਨੇਪਰੇ ਚੜ੍ਹਾਇਆਂ ਜਾਣਾ ਹੈ।