ਹਲਕਾ ਮਜੀਠਾ ਦੇ ਪਿੰਡ ਸੋਹੀਆਂ ਕਲਾਂ ਵਿਖੇ ਆਪ ਦੇ ਇਕੱਠ ਦੌਰਾਨ ਸੁਖਪਾਲ ਖਹਿਰਾ ਅਤੇ ਐਡਵੋਕੇਟ ਸ਼ੇਰਗਿੱਲ।
ਮਜੀਠਾ/ਚੇਤਨਪੁਰਾ, 10 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਆਰ.ਟੀ.ਆਈ. ਵਿੰਗ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਅਤੇ ਕਾਂਗਰਸੀ ਆਗੂਆਂ ਦੇ ਹੋ ਰਹੇ ਜਨਤਕ ਵਿਰੋਧ ਨੂੰ ਸ਼ਾਂਤਮਈ ਰੱਖੇ ਜਾਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਆਪ ਆਗੂਆਂ 'ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਬਾਦਲ ਅਤੇ ਕੈਪਟਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਵਿਰੋਧ ਅਕਾਲੀ ਤੇ ਕਾਂਗਰਸੀਆਂ ਵੱਲੋਂ ਆਪਣੇ ਸ਼ਾਸ਼ਨਕਾਲ ਦੌਰਾਨ ਕੀਤੇ ਗਈ ਲੁੱਟ ਅਤੇ ਧੱਕੇਸ਼ਾਹੀ ਦਾ ਆਪ-ਮੁਹਾਰਾ ਪ੍ਰਗਟਾਵਾ ਹੈ।
ਸੁਖਪਾਲ ਖਹਿਰਾ ਅੱਜ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ 'ਚ ਪਿੰਡ ਸੋਹੀਆਂ ਕਲਾਂ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਲੋਕਾਂ ਦਾ ਸੱਤਾਧਾਰੀਆਂ ਖ਼ਿਲਾਫ਼ ਹਿੰਸਕ ਵਿਰੋਧ ਜਾਇਜ਼ ਨਹੀਂ ਪਰ ਬਾਦਲਾਂ ਅਤੇ ਕੈਪਟਨ ਨੂੰ ਆਪੋ-ਆਪਣੀ ਪੀੜ੍ਹੀ ਹੇਠਾਂ ਸੋਟਾ ਜ਼ਰੂਰ ਫੇਰਨਾ ਚਾਹੀਦਾ ਹੈ ਕਿ ਆਮ ਲੋਕ ਉਹਨਾਂ ਦੋਹਵਾਂ ਨੂੰ ਏਨੀ ਨਫ਼ਰਤ ਕਿਉਂ ਕਰ ਰਹੇ ਹਨ। ਖਹਿਰਾ ਨੇ ਅਕਾਲੀ-ਭਾਜਪਾ ਸਰਕਾਰ 'ਤੇ ਦੋਸ਼ ਲਾਇਆ ਕਿ ਇਸ ਸਰਕਾਰ ਨੇ ਲੋਕਾਂ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ ਹੈ ਅਤੇ ਸਰਕਾਰ ਵਿਚਲੇ ਮੰਤਰੀਆਂ ਅਤੇ ਹੋਰ ਆਗੂਆਂ ਨੇ ਪੰਜਾਬ ਦੇ ਹਰੇਕ ਕਾਰੋਬਾਰ ਉੱਪਰ ਕਬਜਾ ਕਰ ਲਿਆ, ਜਿਸ ਕਰਕੇ ਆਮ ਪੰਜਾਬੀ ਇਸ ਸਰਕਾਰ ਦਾ ਬੋਰੀ ਬਿਸਤਰਾ ਗੋਲ ਕਰਨ ਲਈ ਉਤਾਵਲਾ ਹੋਇਆ ਪਿਆ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਗ 'ਤੇ ਵੀ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸੀ.ਬੀ.ਆਈ. ਜਾਂਚ ਹੋਣ ਤੋਂ ਰੋਕਣ ਲਈ ਕੈਪਟਨ ਵਿਸ਼ੇਸ਼ ਤੌਰ 'ਤੇ ਦਿੱਲੀ ਤੋਂ ਪੰਜਾਬ ਆ ਕੇ ਬਿਆਨ ਦੇ ਕੇ ਗਿਆ ਸੀ ਅਤੇ ਹੁਣ ਇਸ ਵਿੱਚ ਕੋਈ ਵੀ ਭੁਲੇਖਾ ਨਹੀਂ ਰਹਿ ਗਿਆ ਕਿ ਕੈਪਟਨ ਅਤੇ ਬਾਦਲ ਆਪਸ 'ਚ ਰਲੇ ਹੋਏ ਹਨ।
ਇਸ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਸਚਮੁੱਚ 'ਚ ਆਮ ਆਦਮੀ ਦਾ ਰਾਜ ਲੈ ਕੇ ਆਵੇਗੀ ਅਤੇ ਸਰਕਾਰ ਬਣਦਿਆਂ ਹੀ ਚਿੱਟੇ ਦੇ ਕਾਰੋਬਾਰੀਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ। ਬੱਬਨਬੀਰ ਸਿੰਘ ਅਤੇ ਗੁਰਭੇਜ ਸਿੱਧੂ ਦੇ ਯਤਨਾਂ ਸਦਕਾ ਆਪ ਦੀ ਹਮਾਇਤ 'ਚ ਨਿੱਤਰੇ ਗੁਰਬੀਰ ਸਿੰਘ ਅਤੇ ਜੱਜਬੀਰ ਸਿੰਘ ਦੇ ਗ੍ਰਹਿ ਵਿਖੇ ਇਕੱਤਰ ਲੋਕਾਂ ਨੂੰ ਅਪੀਲ ਕਰਦਿਆਂ ਐਡਵੋਕੇਟ ਸ਼ੇਰਗਿੱਲ ਨੇ ਪੰਜਾਬ ਵਿੱਚ ਸਿਆਸੀ ਕੂੜਾ ਹੂੰਝਣ ਲਈ ਇਸ ਵਾਰ ਝਾੜੂ ਫੇਰਨ ਦਾ ਸੱਦਾ ਦਿੱਤਾ। ਇਸ ਇਕੱਠ ਨੂੰ ਸੁਖਦੀਪ ਸਿੰਘ ਸਿੱਧੂ, ਗੁਰਭੇਜ ਸਿੱਧੂ, ਪ੍ਰਗਟ ਸਿੰਘ ਚੋਗਾਵਾਂ, ਰਾਜਵਿੰਦਰ ਸਿੰਘ ਨਾਗ, ਬਿਕਰਮਜੀਤ ਸਿੰਘ ਫਤਿਹਪੁਰ, ਪਰਮਿੰਦਰ ਸਿੰਘ ਵੜੈਚ, ਗੁਜਰਾਤ ਦੇ ਕਿਸਾਨ ਆਗੂ ਗੁਰਦੀਪ ਸਿੰਘ ਭੁੱਲਰ ਅਤੇ ਸੁੱਖ ਅਬਦਾਲ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ 'ਤੇ ਸੁਖਦੀਪ ਸਿੱਧੂ, ਬੱਬਨਬੀਰ ਸਿੰਘ ਗਿੱਲ, ਗੁਰਭੇਜ ਸਿੱਧੂ, ਪ੍ਰਗਟ ਸਿੰਘ ਚੋਗਾਵਾਂ, ਰਾਜਵਿੰਦਰ ਸਿੰਘ ਨਾਗ, ਜੱਜਬੀਰ ਸਿੰਘ, ਗੁਰਬੀਰ ਸਿੰਘ, ਗੁਰਮਿੰਦਰ ਸਿੰਘ ਕਲੇਰ, ਲਖਵਿੰਦਰ ਸਿੰਘ ਬੇਗੇਵਾਲ, ਸੁਖਮਨ ਬੱਲ, ਜਸਬੀਰ ਸਿੰਘ ਹਮਜਾ, ਕ੍ਰਿਪਾਲ ਸਿੰਘ, ਪਰਮਿੰਦਰ ਵੜੈਚ, ਭੁਪਿੰਦਰ ਸਿੰਘ ਨਾਗ, ਹਰਿੰਦਰ ਸਿੰਘ ਸੇਖੋਂ ਅਤੇ ਹੀਰਾ ਸਿੰਘ ਹੁੰਦਲ ਵੀ ਮੌਜੂਦ ਸਨ।