ਚੰਡੀਗੜ੍ਹ, 10 ਜਨਵਰੀ, 2017 : ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਾਹਰੀ ਵਿਅਕਤੀ ਸ੍ਰੀਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਿਰ ਮੜ੍ਹਨ ਦੀ ਸਾਜ਼ਿਸ਼ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਵੱਲੋਂ ਮੁਹਾਲੀ ਵਿਖੇ ਇਕ ਪ੍ਰੋਗਰਾਮ ਦੌਰਾਨ ਕੀਤੇ ਐਲਾਨ ਨਾਲ ਬੇਨਕਾਬ ਹੋ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਿੱਲੀ ਹੁਣ ਥੈਲਿਓਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪਿਛਲੇ ਦੋ ਸਾਲਾਂ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਲਾਲਸਾ ਰੱਖ ਰਿਹਾ ਸੀ ਤੇ ਹੁਣ ਪਾਰਟੀ ਨੇ ਇਸ ਮਾਮਲੇ ਵਿਚ ਸਾਰੇ ਅੜਿਕੇ ਦੂਰ ਹੋਣ ਤੋਂ ਬਾਅਦ ਐਲਾਨ ਕਰ ਦਿੱਤਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਪਾਰਟੀ ਵਿਚ ਪਿਛਲੇ ਸਮੇਂ ਦੌਰਾਨ ਵਾਪਰੇ ਘਟਨਾਕ੍ਰਮ ਨੂੰ ਇਸ ਰੋਸ਼ਨੀ ਵਿਚ ਸਮਝਿਆ ਜਾ ਸਕਦਾਹ ੈ। ਪਹਿਲਾਂ ਪਾਰਟੀ ਨੇ ਸੂਬਾ ਕਨਵੀਨਰ ਤੇਸਭ ਤੋਂ ਸੀਨੀਅਰ ਨੇਤਾ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਕੱਢਿਆ ਕਿਉਂਕਿ ਉਹ ਇਕ ਸਿੱਖ ਚੇਹਰਾ ਸਨ ਅਤੇ ਸ੍ਰੀ ਕੇਜਰੀਵਾਲ ਲਈ ਚੁਣੌਤੀ ਬਣ ਰਹੇ ਸਨ। ਇਸ ਮਗਰੋਂ ਪਾਰਟੀ ਨੇ ਭਗਵੰਤ ਮਾਨ ਤੇ ਹਿੰਮਤ ਸਿੰਘ ਸ਼ੇਰਗਿੱਲ ਦੀ ਸੰਭਾਵਨਾ ਉਹਨਾਂ ਨੂੰ ਉਹਨਾਂ ਦੇ ਅਤੇ ਸ੍ਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਖੜ੍ਹੇ ਕਰ ਕੇ ਖਤਮ ਕਰ ਦਿੱਤੀ। ਹੁਣ ਜਦੋਂ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਤਾਂ ਫਿਰ ਸ੍ਰੀ ਸਿਸੋਦੀਆ ਨੇ ਪੰਜਾਬ ਆ ਕੇ ਇਸ ਸਬੰਧੀ ਬਹੁਤ ਹੀ ਗਿਣੇ ਮਿਥੇ ਢੰਗ ਨਾਲ ਇਸਦਾ ਐਲਾਨ ਕਰ ਦਿੱਤਾ ਜਿਸਦਾ ਪਾਰਟੀ ਕੇਡਰ ਨੇ ਢੋਲ ਢਮੱਕਿਆਂ ਨਾਲ ਸਵਾਗਤ ਕੀਤਾ।
ਇਸ ਬਾਰੇ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਆਪ ਭਾਵੇਂ ਸ੍ਰੀ ਕੇਜਰੀਵਾਲ ਨੂੰ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਵਿਚ ਸਫਲ ਹੋ ਗਈ ਹੈ ਪਰ ਉਹ ਪੰਜਾਬੀਆਂ ਨੂੰ ਮੂਰਖ ਬਣਾਉਣ ਵਿਚ ਸਫਲ ਨਹੀਂ ਹੋ ਸਕਦੀ। ਉਹਨਾ ਕਿਹਾ ਕਿ ਸ੍ਰੀ ਕੇਜਰੀਵਾਲ ਸਮੇਤ ਪਾਰਟੀ ਇਹ ਕਹਿੰਦੀ ਆ ਰਹੀ ਸੀ ਕਿ ਕਿਸੇ ਪੰਜਾਬੀ ਨੂੰ ਮੁੱਖ ਮੰਤਰੀ ਅਹੁਦੇ ਦਾ ਚੇਹਰਾ ਬਣਾਇਆ ਜਾਵੇਗਾ ਪਰ ਹੁਣ ਉਸਨੇ ਇਕ ਹਰਿਆਣਵੀ ਨੂੰ ਚੁਣ ਲਿਆ ਹੈ ਜੋ ਹਰਿਆਣਾ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ 'ਤੇ ਪੰਜਾਬ ਦੇ ਹਿਤਾਂ ਨਾਲ ਸਮਝੌਤਾ ਕਰ ਸਕੇ। ਉਹਨਾ ਕਿਹਾ ਕਿ ਜੇਕਰ ਕੇਜਰੀਵਾਲ ਸੱਤਾ ਵਿਚ ਆਉਂਦੇ ਹਨ ਤਾਂ ਇਸ ਨਾਲ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਸਮੇਤ ਪੰਜਾਬ ਦੇ ਹਿਤ ਹਰਿਆਣਾ ਨੂੰ ਵੇਚ ਦਿੱਤੇ ਜਾਣਗੇ।
ਉਹਨਾ ਕਿਹਾ ਕਿ ਇਹੀ ਨਹੀਂ ਬਲਕਿ ਸ੍ਰੀ ਕੇਜਰੀਵਾਲ ਜੋ ਕਿ ਖੁਦ ਪ੍ਰੋਫੈਸ਼ਨਲ ਵਿਖਾਵਾਕਾਰੀ ਹਨ, ਅਜਿਹਾ ਵਿਅਕਤੀ ਹਮੇਸ਼ਾ ਪੰਜਾਬ ਦਾ ਕੇਂਦਰ ਨਾਲ ਟਕਰਾਅ ਬਣਾ ਕੇ ਰੱਖੇਗਾ ਤੇ ਇਸ ਨਾਲ ਪੰਜਾਬ ਵਿਚ ਅਨਾਜ ਦੀ ਖਰੀਦ ਪ੍ਰਭਾਵਤ ਹੋਣ ਦਾ ਖਦਸ਼ਾ ਬਣਿਆ ਰਹੇਗਾ ਤੇ ਸਾਡੀ ਕਿਸਾਨੀ ਨੂੰ ਨੁਕਸਾਨ ਉਠਾਉਣਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਕੇਂਦਰ ਨੇ ਸ੍ਰੀ ਕੇਜਰੀਵਾਲ ਦੇ ਕੇਂਦਰ ਵਿਰੋਧੀ ਸਟੈਂਡ ਕਾਰਨ ਢੁਕਵੇਂ ਫੰਡ ਨਾ ਦਿੱਤੇ ਤਾਂ ਫਿਰ ਪੰਜਾਬ ਨੂੰ ਨੁਕਸਾਨ ਝਲਣਾ ਪਵੇਗਾ।
ਪੰਜਾਬੀਆਂ ਨੂੰ ਉਹਨਾਂ 'ਤੇ ਬਾਹਰੀ ਵਿਅਕਤੀ ਥੋਪਣ ਦੀ ਸਾਜ਼ਿਸ਼ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਉਪ ਮੁੱਖ ਮੰਤਰੀ ਨੇ ਿਕਹਾ ਕਿ ਅਸੀਂ ਪੰਜਾਬੀ ਪਹਿਲਾਂ ਹਾਂ ਤੇ ਅਕਾਲੀ, ਕਾਂਗਰਸੀ ਜਾਂ ਭਾਜਪਾਈ ਬਾਅਦ ਵਿਚ ਹਾਂ। ਉਹਨਾਂ ਕਿਹਾ ਕਿ ਜੇਕਰ ਇਕ ਬਾਹਰੀ ਵਿਅਕਤੀ ਸਾਡੇ ਰਾਜ ਦਾ ਮੁੱਖ ਮੰਤਰੀ ਬਣ ਗਿਆ ਤਾਂ ਫਿਰ ਸਾਡੀ ਹੋਂਦ ਲਈ ਹੀ ਖਤਰਾ ਪੈਦਾ ਹੋ ਜਾਵੇਗਾ।