← ਪਿਛੇ ਪਰਤੋ
ਚੰਡੀਗੜ੍ਹ, 10 ਜਨਵਰੀ, 2017 : ਦਿੱਲੀ ਦੇ ਡਿਪਟੀ ਸੀ ਐੱਮ ਮਨੀਸ਼ ਸਿਸੋਦੀਆ ਨੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਮੁੱਖ ਮੰਤਰੀ ਬਨਣ ਦੇ ਇਰਾਦੇ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਮੰਗਲਵਾਰ ਨੂੰ ਮੋਹਾਲੀ ਵਿਖੇ ਇਕ ਪ੍ਰੈਸ ਰੈਲੀ ਵਿਚ ਸਿਸੋਦੀਆ ਨੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਸਮਝ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ। ਸਿਸੋਦੀਆ ਦੇ ਇਸ ਬਿਆਨ ਨਾਲ 'ਆਪ' ਵਾਸਤੇ ਇਕ ਨਵਾਂ ਬਖੇੜਾ ਖੜਾ ਹੋ ਗਿਆ ਹੈ ਕਿਉਂਕਿ ਪਾਰਟੀ ਮੁੱਖ ਮੰਤਰੀ ਦੇ ਉਮੀਦਵਾਰ ਦੇ ਮੁੱਦੇ ਨੂੰ ਚੋਣਾਂ ਤੱਕ ਟਾਲਦੀ ਆ ਰਹੀ ਸੀ। ਆਪ ਵੱਲੋਂ ਪੰਜਾਬ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਦਾ ਭੇਦ ਗੁਪਤ ਰੱਖਣ ਦੀ ਅਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਡਿਪਟੀ ਸੀ ਐੱਮ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਇਸ ਗੱਲ ਦਾ ਪਹਿਲਾਂ ਹੀ ਅੰਦੇਸ਼ਾ ਸੀ ਕਿ ਕੇਜਰੀਵਾਲ ਪੰਜਾਬ ਵਰਗੇ ਵੱਡੇ ਸੂਬੇ ਦੀ ਕਮਾਨ ਆਪਣੇ ਹੱਥਾਂ ਵਿਚ ਲੈਣਾ ਚਾਹੁੰਦਾ ਹੈ। ਉਸ ਨੇ ਆਪਣੇ ਇਸ ਮੰਤਵ ਨੂੰ ਪੂਰਾ ਕਰਨ ਵਾਸਤੇ ਪੂਰੀ ਤਾਕਤ ਝੋਂਕ ਰੱਖੀ ਹੈ। ਸਿਰਸਾ ਨੇ ਕਿਹਾ ਕਿ 'ਆਪ' ਨੂੰ ਪੰਜਾਬੀਆਂ ਉਤੇ ਬਿਲਕੁਲ ਵੀ ਭਰੋਸਾ ਨਹੀਂ ਹੈ ਇਸੇ ਕਰਕੇ ਪਾਰਟੀ ਨੇ ਆਪਣੇ ਸਾਰੇ ਅਬਜਰਬਰ ਦਿੱਲੀ ਜਾਂ ਦੂਜੇ ਸੂਬਿਆਂ ਤੋਂ ਲਿਆ ਕੇ ਲਗਾਏ ਹਨ। ਪੰਜਾਬ ਵਿਚੋਂ ਚੰਦਿਆਂ ਦੇ ਰੂਪ ਵਿਚ ਇਕੱਠੇ ਕੀਤੇ ਪੈਸੇ ਵੀ ਦਿੱਲੀ ਢੋਹ ਲਏ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੀ ਪਾਰਟੀ ਦਾ ਅਬਜਰਬਰ ਵੀ ਕਿਸੇ ਪੰਜਾਬੀ ਨੂੰ ਨਹੀਂ ਲਗਾਉਂਦਾ ਉਹ ਕਿਸੇ ਪੰਜਾਬੀ ਨੂੰ ਮੁੱਖ ਮੰਤਰੀ ਬਣਾਉਣ ਦੀ ਇਜਾਜ਼ਤ ਵੀ ਕਿਵੇਂ ਦੇ ਸਕਦਾ ਹੈ। ਸਿਰਸਾ ਨੇ ਕਿਹਾ ਕਿ ਪੰਜਾਬ ਲਈ ਇਹ ਚੰਗੀ ਗੱਲ ਹੋਈ ਹੈ ਕਿ ਸਿਸੋਦੀਆ ਨੇ ਗਲਤੀ ਨਾਲ ਹੀ ਸਹੀ ਕੇਜਰੀਵਾਲ ਦੇ ਪੰਜਾਬ ਉਤੇ ਕਬਜ਼ਾ ਕਰਨ ਦੇ ਨਾਪਾਕ ਇਰਾਦਿਆਂ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਦੇ ਆਗੂ ਇਹ ਗੱਲ ਕਿੰਨੀ ਵਾਰ ਦੁਹਰਾ ਚੁੱਕੇ ਹਨ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਤੋਂ ਹੋਵੇਗਾ। ਪਰ ਅੱਜ ਸਿਸੋਦੀਆ ਦੇ ਬਿਆਨ ਨੇ ਅਸਲੀ ਕਹਾਣੀ ਬਿਆਨ ਕਰ ਦਿੱਤੀ ਹੈ। ਇਸ ਤੋਂ ਬਾਅਦ ਪਹਿਲਾਂ ਹੀ ਲੋਕਾਂ ਦੇ ਮਨੋ ਉਤਰ ਚੁੱਕੀ 'ਆਪ' ਦਾ ਬਿਸਤਰਾ ਗੋਲ ਹੋਣ ਦੇ ਪੂਰੇ ਆਸਾਰ ਬਣ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਵੀ ਹੁਣ ਕੇਜਰੀਵਾਲ ਤੋਂ ਅੱਕੇ ਪਏ ਹਨ ਕਿਉਂਕਿ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਉਣ ਮਗਰੋਂ ਹੁਣ ਉਸ ਕੋਲ ਦਿੱਲੀ ਵਾਸੀਆਂ ਵਾਸਤੇ ਬਿਲਕੁਲ ਵੀ ਸਮਾਂ ਨਹੀਂ ਹੁੰਦਾ।
Total Responses : 265