ਨਵੀਂ ਦਿੱਲੀ, 11 ਜਨਵਰੀ, 2017 : ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰੀ ਦਿੱਤੇ ਜਾਣ ਤੋਂ ਇਕ ਹਫਤੇ ਤੋਂ ਘੱਟ ਸਮੇਂ ਅੰਦਰ ਬੁੱਧਵਾਰ ਨੂੰ ਦਰਬਾਰੀ ਲਾਲ ਕਾਂਗਰਸ 'ਚ ਵਾਪਿਸ ਆ ਗਏ। ਦਰਬਾਰੀ ਲਾਲ ਨੇ ਕਿਹਾ ਕਿ ਉਹ ਸਮਝ ਚੁੱਕੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਹੀ ਸੰਕਟਾਂ ਨਾਲ ਘਿਰੇ ਪੰਜਾਬ ਲਈ ਰਾਹਤ ਦੀ ਇਕੋ ਇਕ ਉਮੀਦ ਹੈ।
ਇਸ ਮੌਕੇ ਲਾਲ ਦੀ ਪੰਜਾਬ ਕਾਂਗਰਸ 'ਚ ਵਾਪਿਸੀ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਮੌਜ਼ੂਦ ਰਹੇ। ਇਸ ਦੌਰਾਨ ਕੈਪਟਨ ਅਮਰਿੰਦਰ ਨੇ ਲਾਲ ਦੀ ਕਾਂਗਰਸ 'ਚ ਵਾਪਿਸੀ ਨੂੰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਾਸਤੇ ਇਕ ਹੋਰ ਸੱਟ ਕਰਾਰ ਦਿੱਤਾ, ਜਿਸਦੇ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ 'ਚ ਕਾਬੂ ਕੀਤੇ ਜਾ ਚੁੱਕੇ ਲਾਲਚੀ ਲੋਕਾਂ ਦੇ ਇਕ ਸੰਗਠਨ ਵਜੋਂ ਭਾਂਡਾਫੋੜ ਹੋ ਚੁੱਕਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਰਬਾਰੀ ਲਾਲ ਪਾਰਟੀ ਨਾਲ ਉਨ੍ਹਾਂ ਦੀਆਂ ਕੁਝ ਉਚਿਤ ਸ਼ਿਕਾਇਤਾਂ ਕਾਰਨ ਕਾਂਗਰਸ ਛੱਡ ਕੇ ਚਲੇ ਗਏ ਸਨ, ਜਿਨ੍ਹਾਂ ਨੂੰ ਹੁਣ ਸੁਲਝਾ ਲਿਆ ਗਿਆ ਹੈ ਤੇ ਉਨ੍ਹਾਂ ਨੇ ਪਾਰਟੀ 'ਚ ਸ਼ਾਮਿਲ ਹੋਣ ਅਤੇ ਅੰਮ੍ਰਿਤਸਰ 'ਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਸਹਾਇਤ ਕਰਨ ਦਾ ਫੈਸਲਾ ਲਿਆ ਹੈ।
ਜਦਕਿ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਟਿਕਟ ਦੀ ਇੱਛਾ ਨਾਲ ਪਾਰਟੀ 'ਚ ਵਾਪਿਸੀ ਨਹੀਂ ਕੀਤੀ ਹੈ, ਸਗੋਂ ਉਹ ਸੂਬੇ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਭ੍ਰਿਸ਼ਟ ਤੇ ਲਾਲਚੀ ਆਪ ਨੂੰ ਛੱਡਣ ਦਾ ਫੈਸਲਾ ਲਿਆ, ਬਾਵਜੂਦ ਇਸਦੇ ਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲਈ ਅਰਵਿੰਦ ਕੇਜਰੀਵਾਲ ਦੀ ਪਾਰਟੀ ਤੋਂ ਟਿਕਟ ਮਿੱਲ ਗਈ ਸੀ।
ਇਸ ਦੌਰਾਨ ਆਪ ਤੇ ਇਸਦੀ ਅਗਵਾਈ ਉਪਰ ਖਤਰਨਾਕ ਸੋਚ ਰੱਖਣ ਦਾ ਦੋਸ਼ ਲਗਾਉਂਦਿਆਂ, ਜਿਹੜੀ ਪੰਜਾਬ ਲਈ ਹਾਨੀਕਾਰਕ ਹੈ, ਲਾਲ ਨੇ ਕਿਹਾ ਕਿ ਇਹ ਪਾਰਟੀ ਬਾਹਰੀ ਲੋਕਾਂ ਦੀ ਹੈ ਅਤੇ ਇਸਦਾ ਸੂਬੇ 'ਚ ਕੋਈ ਅਧਾਰ ਨਹੀਂ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਦੇ ਵਕਤ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਲਈ ਸੁਨਿਹਰੀ ਸਮਾਂ ਸੀ, ਜਿਸ ਦੌਰਾਨ ਵੱਡੇ ਪੱਧਰ 'ਤੇ ਨਿਵੇਸ਼ ਲਿਆਉਣ ਤੇ ਰੋਜ਼ਗਾਰ ਪੈਦਾ ਕਰਨ ਦੇ ਨਾਲ ਪੁਖਤਾ ਕੀਤਾ ਗਿਆ ਕਿ ਨੌਜ਼ਵਾਨ ਸਮਾਜ ਦੀ ਮੁੱਖ ਧਾਰਾ 'ਚ ਬਣੇ ਰਹਿਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਧਾਇਕ ਰਾਜ ਕੁਮਾਰ ਵੇਰਕਾ, ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਜਨਰਲ ਸਕੱਤਰ ਸੰਜੀਵ ਅਰੋੜਾ ਵੀ ਮੌਜ਼ੂਦ ਰਹੇ।
ਜ਼ਿਕਰਯੋਗ ਹੈ ਕਿ ਲਾਲ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਤੇ ਸੂਬਾ ਵਿਧਾਨ ਸਭਾ 'ਚ ਸਾਬਕਾ ਕਾਂਗਰਸੀ ਡਿਪਟੀ ਸਪੀਕਰ ਰਹੇ ਹਨ, ਜਿਹੜੇ ਪਹਿਲਾਂ 2014 'ਚ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਸਨ ਅਤੇ ਬਾਅਦ 'ਚ ਪਾਰਟੀ ਛੱਡ ਕੇ ਆਪ 'ਚ ਸ਼ਾਮਿਲ ਹੋ ਗਏ ਸਨ।