ਚੰਡੀਗੜ੍ਹ, 11 ਜਨਵਰੀ, 2017 : ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੰਦੇ ਹੋਏ ਕੇਂਦਰੀ ਵਿਦੇਸ਼ ਮੰਤਰਾਲੇ ਵਲੋਂ ਨਿੱਜੀ ਵਿਅਕਤੀਆਂ/ ਕੰਪਨੀਆਂ ਦੇ ਨਿੱਜੀ, ਵਪਾਰਕ ਅਤੇ ਵਿੱਦਿਅਕ ਕਾਗਜਾਤਾਂ ਦੀ ਅਗਾਊਂ ਤਸਦੀਕ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਲਈ ਕਿਹਾ ਗਿਆ ਹੈ ਤਾਂ ਜੋ ਉਹ ਵਿਦੇਸ਼ਾਂ ਵਿਚ ਪੜ੍ਹਾਈ, ਨੌਕਰੀ ਅਤੇ ਕਾਰੋਬਾਰ ਕਰ ਸਕਣ।
ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਮਰੱਥ ਅਥਾਰਟੀਆਂ ਕਾਗਜ਼ਾਤਾਂ ਦੀ ਤਸਦੀਕ ਤੋਂ ਪਹਿਲਾਂ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਨੌਕਰੀ ਪ੍ਰਦਾਨ ਕਰਨ ਵਾਲਿਆਂ ਦੇ ਕਾਗਜ਼ਾਤਾਂ ਦੀ ਮੰਗ ਨਾ ਕਰਨ।ਉਪਰੋਕਤ ਕਦਮ ਪੁੱਟਣ ਨਾਲ ਬਿਨੈਕਾਰਾਂ ਦੇ ਸਮੇਂ ਦੀ ਜਿੱਥੇ ਬਚਤ ਹੋਵੇਗੀ ਉੱਥੇ ਹੀ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਨੌਕਰੀ ਦੇ ਮੌਕਿਆਂ ਦਾ ਲਾਭ ਲੈਣ ਵਿਚ ਵੀ ਮਦਦ ਮਿਲੇਗੀ।