ਚੰਡੀਗੜ੍ਹ, 11 ਜਨਵਰੀ, 2017 : ਦੇਸ਼ ਦੇ ਸਭ ਤੋਂ ਬਜ਼ੁਰਗ ਅਤੇ ਸਰਗਰਮ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ 'ਤੇ ਜੁੱਤਾ ਸੁੱਟੇ ਜਾਣ ਵਾਲੀ ਹਰਕਤ ਦੀ ਭਾਜਪਾ ਨੇ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਭਾਰਤੀ ਜਨਤਾ ਪਾਰਟੀ ਦੇ ਸਕੱਤਰ ਵਿਨੀਤ ਜੋਸ਼ੀ ਨੇ ਆਖਿਆ ਕਿ ਸਾਡਾ ਸੱਭਿਆਚਾਰ ਸਾਨੂੰ ਵੱਡਿਆਂ ਦਾ ਮਾਨ-ਸਤਿਕਾਰ ਕਰਨਾ ਸਿਖਾਉਂਦਾ ਹੈ ਨਾ ਕਿ ਅਪਮਾਨ ਕਰਨਾ। ਉਨ੍ਹਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਸਾਡੇ ਸਭ ਦੇ ਸਤਿਕਾਰਤ ਅਤੇ ਸੀਨੀਅਰ ਆਗੂ ਹਨ ਤੇ ਉਹ ਇੱਕੋ-ਇੱਕ ਅਜਿਹੇ ਆਗੂ ਹਨ ਜਿੰਨ੍ਹਾਂ ਨੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੂਬੇ ਦੀ ਤਨਦੇਹੀ ਨਾਲ ਸੇਵਾ ਕੀਤੀ ਹੈ। ਜੁੱਤਾ ਮਾਰਨ ਵਾਲੀ ਘਟਨਾ ਨੂੰ ਨਿੰਦਣਯੋਗ ਦੱਸਦੇ ਹੋਈ ਵਿਨੀਤ ਜੋਸ਼ੀ ਨੇ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਲੋਕਾਂ ਨੂੰ ਭੜਕਾਅ ਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਆਖਿਆ ਕਿ ਕਦੀ ਭਗਵੰਤ ਮਾਨ ਸਟੇਜਾਂ ਤੋਂ ਬੋਲਦਾ ਹੈ ਕਿ 'ਇੰਨ੍ਹਾਂ ਦੇ ਤਾਂ ਡਲੇ ਪੈਣਗੇ ਵੋਟਾਂ ਨਹੀਂ', ਕਦੀ ਲੋਕਾਂ ਨੂੰ ਭੜਕਾਉਂਦਿਆਂ ਕਹਿੰਦਾ ਹੈ ਕਿ 'ਡਲਾ ਤੋ ਡਲਾ ਹੋਤਾ ਹੈ, ਪਤਾ ਨਹੀਂ ਕਿਧਰ ਸੇ ਚਲਾ ਹੋਤਾ ਹੈ'। ਅਜਿਹੇ ਬਿਆਨ ਭੜਕਾਊ ਹਨ। ਵਿਨੀਤ ਜੋਸ਼ੀ ਨੇ ਆਖਿਆ ਕਿ ਅਮਰਿੰਦਰ ਸਿੰਘ ਵੀ ਡਾਂਗਾਂ-ਸੋਟੀਆਂ ਚੱਕਣ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਤੇ ਕੇਜਰੀਵਾਲ ਤਾਂ ਕਰਦਾ ਹੀ ਭੜਕਾਊ ਸਿਆਸਤ ਹੈ। ਵਿਨੀਤ ਜੋਸ਼ੀ ਨੇ ਇੱਕ ਪਾਸੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਅਜਿਹੀ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਉਪਰ ਨਕੇਲ ਕੱਸੀ ਜਾਵੇ। ਦੂਜੇ ਪਾਸੇ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ 'ਤੇ ਜੁੱਤਾ ਸੁੱਟਣ ਦੀ ਘਟਨਾ ਨੂੰ ਹਮਲਾ ਦੱਸਦਿਆਂ ਮੰਗ ਕੀਤੀ ਕਿ ਤੁਰੰਤ ਇਸ ਦੇ ਪਿੱਛੇ ਲੁਕੀ ਸਾਜ਼ਿਸ਼ ਨੂੰ ਤੇ ਸਾਜ਼ਿਸ਼ ਕਰਤਾਵਾਂ ਨੂੰ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਇਹ ਵੀ ਖ਼ਦਸ਼ਾ ਪ੍ਰਗਟਾਇਆ ਕਿ ਇਸ ਪਿੱਛੇ ਕੁਝ ਗਰਮ-ਖਿਆਲੀ ਤਾਕਤਾਂ ਵੀ ਹੋ ਸਕਦੀਆਂ ਹਨ, ਜਿੰਨ੍ਹਾਂ ਨੇ 'ਆਪ' ਦੇ ਇਸ਼ਾਰੇ 'ਤੇ ਇਸ ਹਰਕਤ ਨੂੰ ਹੋ ਸਕਦਾ ਅੰਜਾਮ ਦਿੱਤਾ ਹੋਵੇ।