ਫ਼ਤਹਿਗੜ੍ਹ ਸਾਹਿਬ, 11 ਜਨਵਰੀ, 2017 : ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਿਆਂ ਦੇ ਸੌਦਾਗਾਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਸਰਹਿੰਦ ਦੀ ਟੀਮ ਨੇ 3 ਕਿਲੋ 500 ਗ੍ਰਾਮ ਅਫੀਮ ਸਮੇਤ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ। ਇਹ ਜਾਣਕਾਰੀ ਦਿੰਦਿਆਂ ਐਸ.ਪੀ. (ਤਫਤੀਸ਼) ਸ੍ਰੀ ਦਲਜੀਤ ਸਿੰਘ ਰਾਣਾ ਨੇ ਦੱਸਿਆ ਕਿ ਸੀ.ਆਈ.ਏ. ਸਰਹਿੰਦ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਵਿਅਕਤੀ ਰਾਜਸਥਾਨ ਤੋਂ ਅਫੀਮ ਲਿਆ ਕੇ ਹਰਿਆਣਾ ਅਤੇ ਹਿਮਾਚਲ ਵਿੱਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਅਨੁਸਾਰ ਕਥਿਤ ਦੋਸ਼ੀ ਅਫੀਮ ਸਪਲਾਈ ਕਰਨ ਲਈ ਆਉਣ ਜਾਣ ਵਾਸਤੇ ਅੰਬਾਲਾ-ਲੁਧਿਆਣਾ ਹਾਈਵੇਅ ਤੋਂ ਨਿਕਲਦੇ ਲਿੰਕ ਰੋਡਾਂ ਦੀ ਵਰਤੋਂ ਕਰਦੇ ਸਨ।ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਿਲੀ ਸੂਚਨਾਂ ਦੇ ਆਧਾਰ 'ਤੇ ਲਗਾਤਾਰ ਨਾਕਾਬੰਦੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਅੱਜ ਨਾਰਕੋਟਿਕ ਸੈਲ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੇ ਸਮੇਤ ਸੀ.ਆਈ.ਏ. ਸਟਾਫ ਸਰਹਿੰਦ ਦੀ ਪੁਲਿਸ ਪਾਰਟੀ ਨਾਲ ਤਰਖਾਣ ਮਾਜਰਾ ਟੀ ਪੁਆਂਇੰਟ ਨੇੜੇ ਨਾਕਾ ਲਗਾਇਆ ਹੋਇਆ ਸੀ ਤਾਂ ਭਾਦਸੋਂ ਲਿੰਕ ਰੋਡ ਵੱਲੋਂ ਸਰਹਿੰਦ ਵੱਲ ਨੂੰ ਆ ਰਹੀ ਸਫੇਦ ਰੰਗ ਦੀ ਸਵਿਫਟ ਕਾਰ ਨੰਬਰ ਪੀ. ਬੀ.-03-ਏ.ਜੇ.-6678 ਵਿੱਚੋ ਲਖਵਿੰਦਰ ਸਿੰਘ ਉਰਫ ਮੰਟੂ ਪੁੱਤਰ ਸੁਰਜੀਤ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 15 ਬਠਿੰਡਾ, ਬਲਜੀਤ ਸਿੰਘ ਉਰਫ ਬੱਲੂ ਪੁੱਤਰ ਮਹਿੰਦਰ ਸਿੰਘ ਗਲੀ ਨੰਬਰ 3 ਸੀਵੀਆ ਰੋਡ ਖੇਤਾ ਨਗਰ ਬਠਿੰਡਾ ਤੇ ਰਵਿੰਦਰ ਸਿੰਘ ਉਰਫ ਟਿੰਕੂ ਪੁੱਤਰ ਗੁਰਮੇਲ ਸਿੰਘ ਵਾਸੀ ਗੁਰੂ ਨਾਨਕ ਬਸਤੀ ਗਲੀ ਨੰਬਰ 1 ਬਠਿੰਡਾ ਨੂੰ 3 ਕਿਲੋ 500 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ।
ਸ. ਰਾਣਾ ਨੇ ਦੱਸਿਆ ਕਿ ਮੁਢਲੀ ਪੁੱਛਗਿਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਲਖਵਿੰਦਰ ਸਿੰਘ ਉਰਫ ਮੰਟੂ ਜਿਸ ਦੀ ਉਮਰ 40 ਸਾਲ ਹੈ ਤੇ ਉਹ 10ਵੀਂ ਜਮਾਤ ਤੱਕ ਪੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੰਟੂ ਦੇ ਵਿਰੁੱਧ ਪਹਿਲਾਂ ਹੀ ਥਾਣਾ ਬਰਨਾਲਾ ਵਿਖੇ ਧਾਰਾ 420 ਅਧੀਨ ਮੁਕਦੱਮਾ ਦਰਜ ਹੈ ਅਤੇ ਥਾਣਾ ਥਰਮਲ ਬਠਿੰਡਾ ਵਿਖੇ ਇੱਕ ਕਿਲੋ ਅਫੀਮ ਸਬੰਧੀ ਐਨ.ਡੀ.ਪੀ.ਐਸ. ਐਕਟ ਤਹਿਤ ਵੀ ਇੱਕ ਮੁਕੱਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਇਨ੍ਹਾਂ ਮਾਮਲਿਆਂ ਵਿੱਚੋਂ ਜਮਾਨਤ 'ਤੇ ਆਇਆ ਹੈ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਬਲਜੀਤ ਸਿੰਘ ਉਰਫ ਬੱਲੂ ਦੀ ਉਮਰ 24 ਸਾਲ ਹੈ ਅਤੇ ਉਹ 9ਵੀਂ ਪਾਸ ਹੈ ਤੇ ਬਠਿੰਡਾ ਥਰਮਲ ਪਲਾਟ ਵਿਖੇ ਵੈਲਡਿੰਗ ਦਾ ਕੰਮ ਕਰਦਾ ਹੈ। ਕਥਿਤ ਦੋਸ਼ੀ ਰਵਿੰਦਰ ਸਿੰਘ ਉਰਫ ਟਿੰਕੂ ਜਿਸ ਦੀ ਉਮਰ 30 ਸਾਲ ਹੈ ਉਹ 8ਵੀਂ ਪਾਸ ਹੈ ਅਤੇ ਬਠਿੰਡਾ ਵਿਖੇ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਕਾਫੀ ਲੰਮੇ ਸਮੇਂ ਤੋਂ ਮਿਲ ਕੇ ਰਾਜਸਥਾਨ ਵਿੱਚੋਂ ਗੈਰ ਕਾਨੂੰਨੀ ਤੌਰ 'ਤੇ ਭਾਰੀ ਮਾਤਰਾ ਵਿੱਚ ਅਫੀਮ ਲਿਆਉਣ ਦਾ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਹੋਰ ਵੀ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਜਿਸ ਵਿੱਚੋਂ ਅਹਿਮ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾਂ ਹੈ।