ਚੰਡੀਗੜ, 11 ਜਨਵਰੀ 2017 : ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ਬਲਾਚੌਰ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਅਤੇ ਫਾਜਿਲਕਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਸ਼ੋਕ ਸਾਮਾ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਐਡਵੋਕੇਟ ਲੱਕੀ ਨੇ ਆਪਣਾ ਸਿਆਸੀ ਸਫਰ ਵਿਦਿਆਰਥੀ ਆਗੂ ਦੇ ਤੌਰ ਉਤੇ ਸ਼ੁਰੂ ਕੀਤਾ ਸੀ ਅਤੇ 2004 ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਪ੍ਰਧਾਨ ਚੁਣੇ ਗਏ ਸਨ। ਇਸ ਤੋਂ ਬਾਅਦ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਿਲ ਹੋਏ ਅਤੇ ਨਵਾਂਸ਼ਹਿਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਉਨਾਂ ਨੇ 2012 ਵਿੱਚ ਕਾਂਗਰਸ ਦੀ ਟਿਕਟ ਉਤੇ ਬਲਾਚੌਰ ਤੋਂ ਵਿਧਾਨ ਸਭਾ ਚੋਣ ਲੜੀ ਸੀ। ਕੈਪਟਨ ਅਮਰਿੰਦਰ ਸਿੰਘ , ਅੰਬਿਕਾ ਸੋਨੀ ਅਤੇ ਵਿਜੇਇੰਦਰ ਸਿੰਗਲਾ ਦੇ ਕਰੀਬੀ ਸਮਝੇ ਜਾਂਦੇ ਐਡਵੋਕੇਟ ਲੱਕੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਯੂਥ ਵੈਲਫੇਅਰ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਐਡਵੋਕੇਟ ਅਸ਼ੋਕ ਸਾਮਾ ਫਾਜਿਲਕਾ ਨਾਲ ਸਬੰਧਿਤ ਹਨ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਮਹਿੰਦਰ ਰਿਣਵਾ ਦੇ ਕਰੀਬੀ ਰਹੇ ਹਨ। ਉਨਾਂ ਨੇ ਫਾਜਿਲਕਾ ਬਲਾਕ ਕਾਂਗਰਸ ਪ੍ਰਧਾਨ ਵਜੋਂ ਸੇਵਾਵਾਂ ਦਿੱਤੀਆਂ ਸਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਹਨ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਲਾਹ ਦਿੰਦੇ ਰਹੇ ਹਨ।
ਐਡਵੋਕੇਟ ਲੱਕੀ ਅਤੇ ਐਡਵੋਕੇਟ ਸਾਮਾ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਚੰਗੇ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦਿਆਂ ਵੇਖ ਕੇ ਉਨਾਂ ਨੂੰ ਕਾਫੀ ਖੁਸੀ ਹੋ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭ੍ਰਿਸ਼ਟਾਚਾਰੀ ਬਾਦਲ ਅਤੇ ਅਮਰਿੰਦਰ ਨੂੰ ਬਾਹਰ ਦਾ ਰਸਤਾ ਵਿਖਾ ਕੇ ਆਮ ਲੋਕਾਂ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।