ਚੰਡੀਗੜ੍ਹ, 11 ਜਨਵਰੀ, 2017 : ਇੱਕ ਹੈਰਾਨੀਜਨਕ ਬਿਆਨ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਪਾਰਟੀ ਵਰਕਰਾਂ ਨੂੰ ਹਿੰਸਾ ਕਰਨ ਦਾ ਆਦੇਸ਼ ਦੇ ਦਿੱਤਾ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਜਿੰਦਾ ਨਹੀਂ ਬਚਣਗੇ। ਉਨ੍ਹਾਂ ਨੇ ਇਹ ਬਿਆਨ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕਾਫਲੇ ਤੇ ਜਲਾਲਾਬਾਦ ਵਿੱਚ ਹੋਏ ਪਥਰਾਅ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਲੰਬੀ ਵਿੱਚ ਜੁੱਤੀ ਮਾਰਨ ਦੀ ਘਟਨਾ ਤੋਂ ਬਾਅਦ ਦਿੱਤਾ।
ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਬੁਢਲਾਡਾ ਵਿੱਚ ਇੱਕ ਫੰਕਸ਼ਨ ਦੌਰਾਨ ਬੋਲਦਿਆਂ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਬਿਆਨ ਮੁੱਖ ਮੰਤਰੀ ਬਾਦਲ ਤੇ ਲੰਬੀ ਵਿੱਚ ਜੁੱਤੀ ਸੁੱਟਣ ਦੀ ਘਟਨਾ ਤੇ ਪ੍ਰਤੀਕਰਮ ਕਰਦਿਆਂ ਦਿੱਤਾ। ਇਥੇ ਇਹ ਜ਼ਿਕਰਯੋਗ ਹੈ ਕਿ ਲੰਬੀ ਵਿੱਚ ਜੁੱਤੀ ਮਾਰਨ ਦੀ ਘਟਨਾ ਦਾ ਸੰਬੰਧ ਗਰਮ-ਖਿਆਲੀ ਪੰਥਕ ਗਰੁੱਪਾਂ ਨਾਲ ਦੱਸਿਆ ਜਾ ਰਿਹਾ ਹੈ।
ਜਲਾਲਾਬਾਦ ਹਲਕੇ ਵਿੱਚ ਸੁਖਬੀਰ ਬਾਦਲ ਦੇ ਕਾਫਲੇ ਤੇ ਪੱਥਰ ਮਾਰਨ ਦੀ ਘਟਨਾ ਲਈ ਅਕਾਲੀ ਦਲ ਦੁਆਰਾ ਆਮ ਆਦਮੀ ਪਾਰਟੀ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਜਲਾਲਾਬਾਦ ਤੋਂ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਇਸ ਘਟਨਾ ਨਾਲ ਕੋਈ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ। ਇਸ ਭਾਸ਼ਣ ਵਿੱਚ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਇਸ ‘ਹਰਿਆਣਵੀ’ ਨੂੰ ਸਾਡੇ ਕਲਚਰ ਦਾ ਕੁੱਝ ਨਹੀਂ ਪਤਾ।
ਹਰਸਿਮਰਤ ਕੌਰ ਬਾਦਲ ਬੁਢਲਾਡਾ ਤੋਂ ਅਕਾਲੀ ਉਮੀਦਵਾਰ ਨਿਸ਼ਾਨ ਸਿੰਘ ਦੇ ਹੱਕ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।