ਖਰਚਾ ਨਿਗਰਾਨ ਸ੍ਰੀ ਰਾਜੇਂਦਰਾ ਚੰਦੇਕਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਚੋਣ ਅਫਸਰ ਸ. ਕਮਲਦੀਪ ਸਿੰਘ ਸੰਘਾ ਅਤੇ ਰਿਟਰਨਿੰਗ ਅਫਸਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 12 ਜਨਵਰੀ 2017 : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਦੀਆਂ 4 ਫਰਵਰੀ, 2017 ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ 54 ਬਸੀ ਪਠਾਣਾਂ, 55 ਫ਼ਤਹਿਗੜ੍ਹ ਸਾਹਿਬ ਤੇ 56 ਅਮਲੋਹ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚ 'ਤੇ ਤਿੱਖੀ ਨਜ਼ਰ ਰੱਖਣ ਲਈ ਨਿਯੁਕਤ ਕੀਤੇ ਗਏ ਖਰਚਾ ਨਿਗਰਾਨ ਸ੍ਰੀ ਰਾਜੇਂਦਰਾ ਚੰਦੇਕਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਚੋਣ ਅਫਸਰ ਸ. ਕਮਲਦੀਪ ਸਿੰਘ ਸੰਘਾ, ਵਧੀਕ ਜ਼ਿਲ੍ਹਾ ਚੋਣ ਅਫਸਰ ਸ. ਉਪਕਾਰ ਸਿੰਘ, ਬਸੀ ਪਠਾਣਾਂ ਦੇ ਰਿਟਰਨਿੰਗ ਅਫਸਰ ਸ੍ਰੀ ਅਰਵਿੰਦ ਗੁਪਤਾ, ਫ਼ਤਹਿਗੜ੍ਹ ਸਾਹਿਬ ਦੇ ਰਿਟਰਨਿੰਗ ਅਫਸਰ ਸ੍ਰੀ ਨਵਰਾਜ ਸਿੰਘ ਬਰਾੜ ਅਤੇ ਅਮਲੋਹ ਦੇ ਰਿਟਰਨਿੰਗ ਅਫਸਰ ਸ੍ਰੀ ਅਮਨਦੀਪ ਸਿੰਘ ਭੱਟੀ ਨਾਲ ਵਿਸ਼ੇਸ ਮੀਟਿੰਗ ਕੀਤੀ। ਉਨ੍ਹਾਂ ਜ਼ਿਲ੍ਹੇ ਵਿੱਚ ਪੈਂਦੇ ਤਿੰਨੇ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਚੋਣਾਂ ਦੌਰਾਨ ਰਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ 'ਤੇ ਕੀਤੇ ਜਾਂਦੇ ਖਰਚੇ 'ਤੇ ਤਿੱਖੀ ਨਜ਼ਰ ਰੱਖਣ ਲਈ ਬਣਾਈਆਂ ਗਈਆਂ ਵੱਖ-ਵੱਖ ਨਿਗਰਾਨ ਟੀਮਾਂ ਤੇ ਉਡਨ ਦਸਤਿਆਂ ਦੀ ਕਾਰਗੁਜਾਰੀ ਦਾ ਵੀ ਜਾਇਜਾ ਲਿਆ।
ਮੀਟਿੰਗ ਦੌਰਾਨ ਸ੍ਰੀ ਚੰਦੇਕਰ ਨੇ ਸਮੂਹ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚ 'ਤੇ ਨਜਰ ਰੱਖਣ ਲਈ ਉਮੀਦਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ, ਮੀਟਿੰਗਾਂ, ਰੋਡ ਸ਼ੋਅ ਸਮੇਤ ਚੋਣ ਪ੍ਰਚਾਰ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੀ ਵੀਡੀਓਗ੍ਰਾਫੀ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਇਨ੍ਹਾਂ 'ਤੇ ਕੀਤੇ ਜਾਣ ਵਾਲੇ ਖਰਚੇ ਨੂੰ ਸਬੰਧਤ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਜ਼ਿਲ੍ਹੇ ਵਿੱਚ ਬਣਾਈਆਂ ਗਈਆਂ ਨਿਗਰਾਨ ਟੀਮਾਂ ਤੇ ਉਡਨ ਦਸਤਿਆਂ ਨਾਲ ਕੀਤੀ ਮੀਟਿੰਗ ਵਿੱਚ ਨਿਰਦੇਸ਼ ਦਿੱਤੇ ਕਿ ਲਗਾਏ ਜਾਣ ਵਾਲੇ ਨਾਕਿਆਂ ਤੋਂ ਲੰਘਣ ਵਾਲੇ ਹਰੇਕ ਵਾਹਨ ਦੀ ਚੈਕਿੰਗ ਕਰਨ ਦੌਰਾਨ ਮੁਕੰਮਲ ਵੀਡੀਓਗ੍ਰਾਫੀ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਜੇਕਰ ਕਿਸੇ ਵਾਹਨ ਵਿੱਚੋਂ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਤੁਰੰਤ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।
ਸ੍ਰੀ ਚੰਦੇਕਰ ਨੇ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਕੋਈ ਵੀ ਉਮੀਦਵਾਰ 28 ਲੱਖ ਰੁਪਏ ਤੋਂ ਵੱਧ ਦਾ ਖਰਚਾ ਨਹੀਂ ਕਰ ਸਕਦਾ, ਇਸ ਲਈ ਇਸ ਨੂੰ ਯਕੀਨੀ ਬਣਾਉਣ ਵਾਸਤੇ ਇੱਕ ਵੱਖਰਾ ਸ਼ੈਡੋ ਰਜਿਸਟਰ ਲਗਾਇਆ ਜਾਵੇ ਜਿਸ ਵਿੱਚ ਉਮੀਦਵਾਰ ਵੱਲੋਂ ਕੀਤੇ ਜਾਣ ਵਾਲੇ ਖਰਚੇ ਨੂੰ ਦਰਜ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ)-ਕਮ-ਨੋਡਲ ਅਫਸਰ ਚੋਣ ਖਰਚਾ ਨਿਗਰਾਨ ਕਮੇਟੀ ਸ੍ਰੀ ਗੁਰਿੰਦਰ ਸਿੰਘ ਸੋਢੀ, ਐਮ.ਸੀ.ਐਮ.ਸੀ. ਦੇ ਨੋਡਲ ਅਫਸਰ ਸ੍ਰੀ ਕੁਲਜੀਤ ਸਿੰਘ, ਲਾਈਜਨ ਅਫਸਰ ਸ੍ਰੀ ਭਾਸਕਰ ਕਟਾਰੀਆ ਵੀ ਮੌਜੂਦ ਸਨ।