ਪਟਿਆਲਾ,12 ਜਨਵਰੀ, 2017 : ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਸਿਆਸੀ ਹੁੰਗਾਰਾ ਮਿਲਿਆ, ਜਦੋਂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਕੇਜਰੀਵਾਲ, ਪਟਿਆਲਾ (ਰੂਰਲ) ਤੋਂ ਪਾਰਟੀ ਉਮੀਦਵਾਰ ਕਰਨਵੀਰ ਟਿਵਾਣਾ ਅਤੇ ਰਾਜੇਵਾਲ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਪ੍ਰੇਸ਼ਾਨੀ ਦੇ ਬਹੁਤ ਥੋੜੇ ਦਿਨ ਰਹਿ ਗਏ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਪਹਿਲ ਹੋਵੇਗੀ ਕਿ ਸੂਬੇ ਵਿੱਚ ਖੇਤੀ ਨੂੰ ਪ੍ਰਫੁੱਲਿਤ ਕੀਤਾ ਜਾਵੇ।
ਇਸ ਮੌਕੇ ਕੇਜਰੀਵਾਲ ਨੇ ਐਲਾਨ ਕੀਤਾ ਕਿ ਕਿਸਾਨਾਂ ਦਾ ਕਰਜਾ ਇੱਕ ਜਾਂ ਦੋ ਸਾਲ ਵਿੱਚ ਮੁਆਫ ਕਰ ਦਿੱਤਾ ਜਾਵੇਗਾ ਅਤੇ ਸਰਕਾਰ ਦੇ ਗਠਨ ਦੇ ਤਿੰਨ ਸਾਲ ਅੰਦਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਖੁਦਕੁਸ਼ੀਆਂ ਕਰਨ ਦੀ ਜਰੂਰਤ ਨਹੀਂ ਹੈ ਅਤੇ ਹੁਣ ਸਮਾਂ ਆ ਗਿਆ ਹੈ, ਜਦੋਂ ਉਨਾਂ ਨੂੰ ਖੇਤੀਬਾੜੀ ਉਤਪਾਦਾਂ ਦਾ 50 ਫੀਸਦੀ ਲਾਭ ਮਿਲੇਗਾ। ਉਨਾਂ ਕਿਹਾ ਕਿ ਸੂਬੇ ਵਿੱਚ ਖੇਤੀਬਾੜੀ ਆਧਾਰਿਤ ਇੰਡਸਟਰੀ ਸਥਾਪਤ ਕਰਨ ਉਤੇ ਧਿਆਨ ਦਿੱਤਾ ਜਾਵੇਗਾ।
ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਲਈ 152 ਪੁਆਇੰਟ ਬਣਾਏ ਹਨ ਅਤੇ ਅਤੇ ਇਨਾਂ ਵਿੱਚ 10 ਮੁੱਖ ਪੁਆਇੰਟਾਂ ਉਤੇ ਸਰਕਾਰ ਬਣਦੇ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਆਪਣੇ ਸੁਨਹਿਰੇ ਭਵਿੱਖ ਲਈ ਸਿਆਸੀ ਬਦਲਾਅ ਲਿਆਉਣ ਅਤੇ ਬਾਦਲਾਂ ਤੇ ਅਮਰਿੰਦਰ ਦੇ ਗਠਜੋੜ ਨੂੰ ਖਤਮ ਕਰਨ, ਜਿਨਾਂ ਵੱਲੋਂ ਪੰਜਾਬ ਦੀਆਂ ਚੋਣਾਂ ਮਿਲ ਕੇ ਲੜੀਆਂ ਜਾਂਦੀਆਂ ਹਨ।
ਕੇਜਰੀਵਾਲ ਨੇ ਇੱਕ ਵਾਰ ਫਿਰ ਦੋਹਰਾਇਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣਨਗੇ ਅਤੇ ਇਹ ਭਰਮ ਅਕਾਲੀਦਲ ਅਤੇ ਕਾਂਗਰਸ ਵੱਲੋਂ ਫੈਲਾਇਆ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਬਣੇ, ਮੈਂ ਗਰੰਟੀ ਦਿੰਦਾ ਹਾਂ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਜਰੂਰ ਕਰੇਗਾ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਉਨਾਂ ਦੀ ਪ੍ਰਾਥਮਿਕਤਾ ਹੋਵੇਗੀ। ਉਨਾਂ ਕਿਹਾ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਨਸ਼ਿਆਂ ਦੀ ਸਪਲਾਈ ਬੰਦ ਕਰਵਾ ਦਿੱਤੀ ਜਾਵੇਗੀ। ਬਾਦਲਾਂ ਨੇ ਲਗਭਗ ਸਾਰੇ ਕਾਰੋਬਾਰਾਂ ਉਤੇ ਕਬਜਾ ਕੀਤਾ ਹੋਇਆ ਹੈ, ਜਿਨਾਂ ਵਿੱਚ ਰੇਤਾ ਬਜਰੀ, ਟ੍ਰਾਂਸਪੋਰਟ, ਕੇਬਲ ਅਤੇ ਸ਼ਰਾਬ ਦਾ ਕਾਰੋਬਾਰ ਸ਼ਾਮਿਲ ਹੈ।
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਾਦਲਾਂ ਵੱਲੋਂ ਕਰਵਾਏ ਗਏ ਝੂਠੇ ਕੇਸਾਂ ਨੂੰ ਰੱਦ ਕਰਵਾਏਗੀ। ਉਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਕੌਮਾਂਤਰੀ ਡਰੱਗ ਮਾਫੀਆ ਨਾਲ ਲਿੰਕ ਹਨ ਅਤੇ ਉਸ ਵੱਲੋਂ ਮੇਰੇ ਖਿਲਾਫ ਵੀ ਅੰਮ੍ਰਿਤਸਰ ਵਿਖੇ ਝੂਠਾ ਕੇਸ ਕੀਤਾ ਹੋਇਆ ਹੈ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੀਨੀਅਰ ਡਾਕਟਰਾਂ ਦੀ ਸਪੈਸ਼ਲ ਟਾਸਕ ਫੋਰਸ ਤਿਆਰ ਕਰੇਗੀ ਅਤੇ 6 ਮਹੀਨਿਆਂ ਦੇ ਅੰਦਰ ਨੌਜਵਾਨਾਂ ਨੂੰ ਨਸ਼ਾ-ਮੁਕਤ ਕੀਤਾ ਜਾਵੇਗਾ। ਉਨਾਂ ਕਿਹਾ ਕਿ 25 ਲੱਖ ਨੌਕਰੀਆਂ ਤਿਆਰ ਕਰਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ।
ਇਸ ਮੌਕੇ ਕੇਜਰੀਵਾਲ ਨੇ ਐਲਾਨ ਕੀਤਾ ਕਿ ਬੁਢਾਪਾ, ਅੰਗਹੀਣਤਾ ਅਤੇ ਵਿਧਵਾ ਪੈਨਸ਼ਨ ਨੂੰ 500 ਰੁਪਏ ਤੋਂ ਵਧਾ ਕੇ 2500 ਰੁਪਏ ਕੀਤਾ ਜਾਵੇਗਾ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਦੇ ਨਾਂਅ ਉਤੇ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਗਰੀਬਾਂ ਲਈ ਆਏ ਫੰਡਾਂ ਵਿੱਚ ਗਬਨ ਕੀਤਾ ਜਾਂਦਾ ਹੈ।
ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਪਹਿਲ ਦੇ ਆਧਾਰ ਉਤੇ ਖਤਮ ਕੀਤਾ ਜਾਵੇਗਾ। ਉਨਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਮਾਹੌਲ ਸਿਰਜਿਆ ਹੈ ਅਤੇ ਇਸੇ ਤਰਾਂ ਪੰਜਾਬ ਵਿੱਚੋਂ ਵੀ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ
ਉਨਾਂ ਕਿਹਾ 2002 ਤੋਂ 2007 ਤੱਕ ਮੁੱਖ ਮੰਤਰੀ ਦੇ ਅਹੁਦੇ ਉਤੇ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਾਲੀ ਕਮਾਈ ਕਰਕੇ ਸਵਿੱਸ ਬੈਂਕ ਵਿੱਚ ਜਮਾਂ ਕਰ ਦਿੱਤੀ। ਉਨਾਂ ਕਿਹਾ ਕਿ ਬੈਂਕ ਅਕਾਉਂਟ ਨੰਬਰ ਮੇਰੇ ਕੋਲ ਹਨ ਅਤੇ ਕਾਲਾ ਧਨ ਵਾਪਿਸ ਲਿਆਂਦਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਢਾਂਚਾ ਪੂਰੀ ਤਰਾਂ ਢਹਿ ਢੇਰੀ ਹੋ ਚੁੱਕਿਆ ਹੈ ਅਤੇ ਪ੍ਰਾਈਵੇਟ ਸਕੂਲ ਅਤੇ ਹਸਪਤਾਲ ਖੁੰਭਾਂ ਦੀ ਖੁੱਲ ਰਹੇ ਹਨ। ਉਨਾ ਕਿਹਾ ਕਿ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਜਾਵੇਗੀ ਅਤੇ ਹਰ ਪਿੰਡ ਵਿੱਚ ਡਿਸਪੈਂਸਰੀ ਖੋਲੀ ਜਾਵੇਗੀ।