ਚੰਡੀਗੜ੍ਹ, 12 ਜਨਵਰੀ 2017 : ਆਮ ਆਦਮੀ ਪਾਰਟੀ (ਆਪ) ਦੇ ਆਰਟੀਆਈ ਵਿੰਗ ਦੇ ਕੋ-ਕਨਵੀਨਰ ਐਡਵੋਕੇਟ ਦਿਨੇਸ਼ ਚੱਢਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਰੇਤੇ ਬਜਰੀ ਦੀ ਰੌਇਲਟੀ ਦੇ ਨਾਂਅ ਉਤੇ ਇਕੱਠੇ ਕੀਤੇ ਜਾ ਰਹੇ ਕਾਲੇ ਧਨ ਦੇ ਕਾਰੋਬਾਰ ਨੂੰ ਰੋਕਿਆ ਜਾਵੇ ਕਿਉਂਕਿ ਇਹ ਕਾਲਾ ਪੈਸਾ ਚੋਣਾਂ ਵਿੱਚ ਇਸਤੇਮਾਲ ਕੀਤਾ ਜਾਣਾ ਹੈ। ਚੋਣ ਕਮਿਸ਼ਨ ਨੂੰ ਦਿੱਤੇ ਮੰਗ ਪੱਤਰ ਵਿੱਚ ਦਿਨੇਸ਼ ਚੱਢਾ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਵਾਲਾ ਮਾਫੀਆ ਗੈਰ-ਕਾਨੂੰਨੀ ਖੁਦਾਈ ਉਤੇ ਰੌਇਲਟੀ ਦੇ ਨਾਂਅ ਉਤੇ ਕਈ ਸਾਲਾਂ ਤੋਂ ਵੱਡੀਆਂ ਰਕਮਾਂ ਵਸੂਲ ਰਿਹਾ ਹੈ। ਉਨਾਂ ਕਿਹਾ ਕਿ ਗੁੰਡਾ ਟੈਕਸ ਵਸੂਲੀ ਦਾ ਇਹ ਕੰਮ ਖਾਸਕਰ ਸ਼੍ਰੀ ਆਨੰਦਪੁਰ ਸਾਹਿਬ ਅਤੇ ਪਠਾਨਕੋਟ ਜਿਲੇ ਵਿੱਚ ਚੱਲ ਰਿਹਾ ਹੈ।
ਐਡਵੋਕੇਟ ਚੱਢਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀ ਦਖਲ-ਅੰਦਾਜੀ ਨਾਲ ਗੁੰਡਾ ਟੈਕਸ ਵਸੂਲੀ ਦਾ ਇਹ ਕੰਮ ਰੁਕਿਆ ਸੀ, ਪਰ ਇਨਾਂ ਗੈਰ ਸਮਾਜਿਕ ਤੱਤਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸੀ। ਹੁਣ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ ਵੀ ਮਾਫੀਆ ਵੱਲੋਂ ਬਿਨਾਂ ਕਿਸੇ ਖੌਫ ਦੇ ਵਸੂਲੀ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਮਾਫੀਆ ਸਰਗਨਾਂ ਖੁਦ ਖੁਦਾਈ ਵਾਲੀ ਥਾਂ ਉਤੇ ਮੌਜੂਦ ਰਹਿੰਦੇ ਹਨ।
ਐਡਵੋਕੇਟ ਚੱਢਾ ਨੇ ਕਿਹਾ ਕਿ ਰੇਤ ਬਜਰੀ ਦਾ ਸਾਰਾ ਕਾਰੋਬਾਰ ਅਕਾਲੀ ਅਤੇ ਕਾਂਗਰਸੀ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਲਈ ਇਸ ਕਾਰੋਬਾਰ ਤੋਂ ਹੋਈ ਕਾਲੀ ਕਮਾਈ ਨੂੰ ਉਹ ਚੋਣਾਂ ਵਿੱਚ ਵਰਤ ਸਕਦੇ ਹਨ। ਉਨਾਂ ਕਿਹਾ ਕਿ ਕਾਲੇ ਧਨ ਦੀ ਜਾਂਚ ਲਈ ਬਣੀ ਐਸਆਈਟੀ ਕੋਲ ਇਸ ਸਬੰਧੀ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਪੰਜਾਬ ਪੁਲਿਸ ਨੂੰ ਹੁਕਮ ਦਿੱਤਾ ਜਾਵੇ ਕਿ ਖੁਦਾਈ ਵਾਲੇ ਖੇਤਰਾਂ ਵਿੱਚ ਮੌਜੂਦ ਮਾਫੀਆ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ ਅਤੇ ਨਾਲ ਹੀ ਇਸ ਮਾਫੀਆ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ, ਤਾਂ ਜੋ ਚੋਣਾਂ ਵਿੱਚ ਇਸ ਕਾਲੇ ਧਨ ਦੀ ਵਰਤੋਂ ਨੂੰ ਰੋਕਿਆ ਜਾ ਸਕੇ।
ਇਸ ਦੇ ਨਾਲ ਹੀ ਦਿਨੇਸ਼ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਪੰਜਾਬ ਵਿੱਚੋਂ ਗੁੰਡਾ ਟੈਕਸ ਮਾਫੀਆ, ਕ੍ਰੈਸ਼ਰ ਮਾਫੀਆ ਅਤੇ ਟ੍ਰਾਂਸਪੋਰਟ ਮਾਫੀਆ ਨੂੰ ਖਤਮ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਸਿਆਸੀ ਸਰਪ੍ਰਸਤੀ ਹੇਠ ਇਕੱਠੇ ਕੀਤੇ ਗਏ ਕਾਲੇ ਧਨ ਦੀ ਜਾਂਚ ਲਈ ਐਸਆਈਟੀ ਬਣਾਈ ਜਾਵੇਗੀ ਅਤੇ ਨਾਲ ਹੀ ਮਾਫੀਆ ਅਤੇ ਇਸਦੇ ਸਿਆਸੀ ਸਰਪ੍ਰਸਤਾਂ ਨੂੰ ਫੜ ਕੇ ਜੇਲ ਭੇਜਿਆ ਜਾਵੇਗਾ।