ਚੰਡੀਗੜ੍ਹ, 12 ਜਨਵਰੀ, 2017 : 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਲ ਸਭਾ ਚੋਣਾਂ ਨੂੰ ਲੈ ਕੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਪੂਰ੍ਹੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਚੋਣਾਂ ਨਿਰਪੱਖ, ਸ਼ਾਂਤਮਈ ਅਤੇ ਨਿਰਵਿਘਨ ਢੰਗ ਨਾਲ ਕਰਵਾਈਆਂ ਜਾ ਸਕਣ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨ ਬਠਿੰਡਾ ਸ਼੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ 2229 ਪੁਲਿਸ ਮੁਲਾਜ਼ਮਾਂ ਦੇ ਨਾਲ 3 ਕੰਪਨੀਆਂ ਇੰਡੋ ਤਿੱਬਤ ਬਾਰਡਰ ਪੁਲਿਸ ਦੀ ਤਾਇਨਾਤੀ ਕੀਤੀ ਜਾ ਚੁੱਕੀ ਹੈ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾ ਸਕੇ।
ਸ਼੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਅਮਨ ਕਾਨੂੰਨ ਨੂੰ ਲੈ ਕੇ 6 ਜਨਵਰੀ ਅਤੇ 12 ਜਨਵਰੀ ਨੂੰ ਫਲੈਗ ਮਾਰਚ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਸਰਗਰਮੀਆਂ ਦੀ ਰੋਕਥਾਮ ਲਈ ਪੁਲਿਸ ਵਲੋਂ 16 ਗੈਂਗਸਟਰ, 471 ਭਗੌੜੇ ਹਿਰਾਸਤ ਵਿਚ ਲਏ ਗਏ ਹਨ ਜਦਕਿ 111.82 ਲੀਟਰ ਨਜ਼ਾਇਜ ਸ਼ਰਾਬ, 652 ਕਿਲੋ ਲਾਹਣ, 2 ਕਿਲੋ ਅਫੀਮ, 137.20 ਕਿਲੋ ਚੂਰਾ ਪੋਸਤ, 150 ਗ੍ਰਾਮ ਗਾਂਜਾ, 745 ਨਸ਼ੀਲੇ ਪਾਊਡਰ, 25 ਗ੍ਰਾਮ ਸਮੈਕ ਅਤੇ 12352 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ।
ਸੁਰੱਖਿਆ ਪ੍ਰਬੰਧਾਂ ਸਬੰਧੀ ਸ਼੍ਰੀ ਥੋਰੀ ਨੇ ਦੱਸਿਆ ਕਿ 3 ਅੰਤਰਰਾਜੀ ਨਾਕੇ ਅਤੇ 8 ਅੰਤਰ ਜ਼ਿਲ੍ਹਾ ਨਾਕੇ ਸਥਾਪਿਤ ਕੀਤੇ ਗਏ ਹਨ ਜਿਥੇ ਸੀ.ਸੀ.ਟੀ.ਵੀ. ਕੈਮਰੇ ਲਗਾਕੇ ਹਰ ਤਰ੍ਹਾਂ ਦੀ ਸਰਗਰਮੀ 'ਤੇ ਨਿਗ੍ਹਾ ਰੱਖੀ ਜਾ ਸਕੀ ਹੈ । ਇਸ ਤੋਂ ਇਲਾਵਾ ਨਸ਼ਿਆਂ ਦੀ ਬਰਾਮਦਗੀ ਲਈ 1 ਮਾਹਰ ਸਨੀਫਰ ਡੌਗ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 251 ਪੋਲਿੰਗ ਸਟੇਸ਼ਨ ਥਾਵਾਂ ਅਤੇ 296 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ। ਜਿਥੇ ਵਧੇਰੇ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ 'ਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਦੇ ਨਾਲ-ਨਾਲ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ।
ਸ਼੍ਰੀ ਥੋਰੀ ਨੇ ਵੋਟਰਾਂ ਨੂੰ ਬਿਨਾਂ ਕਿਸੇ ਭੈਅ ਅਤੇ ਡਰ ਤੋਂ ਵੋਟ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ ਹੈ ਤਾਂ ਜੋ ਉਹ ਆਪਣੇ ਲੋਕਤੰਤਰਿਕ ਹੱਕ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਜ਼ਿਲ੍ਹੇ ਦੀਆਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਵੋਟਰਾਂ ਨੂੰ ਉਤਸ਼ਾਹਤ ਕਰਨ ਤਾਂ ਜੋ ਵੱਧ ਤੋਂ ਵੱਧ ਵੋਟਾਂ ਪੈ ਸਕਣ।