ਅਬੋਹਰ, 13 ਜਨਵਰੀ 2017 : ਅਬੋਹਰ ਦੇ ਬਹੁ ਚਰਚਿਤ ਭੀਮ ਕਤਲਕਾਂਡ ਦੇ ਮੁੱਖ ਦੋਸ਼ੀ ਅਤੇ ਅਕਾਲੀ ਆਗੂ ਸ਼ਿਵ ਲਾਲ ਡੋਡਾ ਨੇ ਸ਼ੁੱਕਰਵਾਰ ਨੂੰ ਅਬੋਹਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਇਸ ਮੌਕੇ 'ਤੇ ਉਸ ਨਾਲ ਭਤੀਜਾ ਅਮਿਤ ਡੋਡਾ ਵੀ ਮੌਜੂਦ ਸੀ, ਜਿਸ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ। ਇਸ ਦੌਰਾਨ ਅਬੋਹਰ ਦੇ ਤਹਿਸੀਲ ਕੰਪਲੈਕਸ 'ਚ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ। ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਕੁਝ ਦਿਨ ਪਹਿਲਾਂ ਹੀ ਫਾਜ਼ਿਲਕਾ ਜੇਲ 'ਚ ਚੋਣ ਦਰਬਾਰ ਦੇ ਮਾਮਲੇ 'ਚ ਸੁਰਖੀਆਂ 'ਚ ਆਇਆ ਸੀ, ਜਿਸ ਤੋਂ ਬਾਅਦ ਦੋਹਾਂ ਨੂੰ ਅੰਮ੍ਰਿਤਸਰ ਜੇਲ 'ਚ ਤਬਦੀਲ ਕਰ ਦਿੱਤਾ ਗਿਆ ਸੀ। ਅੱਜ ਸ਼ਿਵ ਲਾਲ ਡੋਡਾ ਨੂੰ ਜੇਲ ਤੋਂ ਭਾਰੀ ਸੁਰੱਖਿਆ ਦੇ ਘੇਰੇ 'ਚ ਤਹਿਸੀਲ ਕੰਪਲੈਕਸ 'ਚ ਲਿਆਂਦਾ ਗਿਆ, ਜਿੱਥੇ ਉਸ ਨੇ ਰਿਟਰਨਿੰਗ ਅਫਸਰ ਜਸਪ੍ਰੀਤ ਸਿੰਘ ਦੇ ਸਾਹਮਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸ਼ਿਵ ਲਾਲ ਡੋਡਾ ਦੇ ਹਜ਼ਾਰਾਂ ਸਮਰਥਕ ਇਸ ਮੌਕੇ 'ਤੇ ਤਹਿਸੀਲ ਦੇ ਬਾਹਰ ਉਨ੍ਹਾਂ ਨੂੰ ਮਿਲਣ ਲਈ ਉਤਾਵਲੇ ਸਨ ਪਰ ਪੁਲਸ ਨੇ ਕਿਸੇ ਨੂੰ ਵੀ ਸ਼ਿਵ ਲਾਲ ਡੋਡਾ ਨਾਲ ਮਿਲਣ ਨਹੀਂ ਦਿੱਤਾ ਅਤੇ ਮੀਡੀਆ ਨੂੰ ਵੀ ਉਸ ਤੋਂ ਦੂਰ ਰੱਖਿਆ ਗਿਆ। ਇਸ ਮੌਕੇ ਡੋਡਾ ਨੇ ਕਿਹਾ ਕਿ ਅਬੋਹਰ ਦੀ ਜਨਤਾ ਨੂੰ ਸੁਨੀਲ ਜਾਖੜ ਦੀ ਕੈਦ ਤੋਂ ਆਜ਼ਾਦ ਕਰਾਉਣ ਲਈ ਉਹ ਇੱਥੋਂ ਚੋਣਾਂ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਿਵ ਲਾਲ ਡੋਡਾ ਸੀਨੀਅਰ ਕਾਂਗਰਸੀ ਅੱਗੂ ਸੁਨੀਲ ਜਾਖੜ ਦੇ ਖਿਲਾਫ ਬਤੌਰ ਆਜ਼ਾਦ ਉਮੀਦਵਾਰ ਚੋਣਾਂ ਲੜਿਆ ਸੀ ਪਰ ਹਾਰ ਗਿਆ। ਇਸ ਦੌਰਾਨ ਡੋਡਾ ਦੇ ਫਾਰਮ ਹਾਊਸ 'ਤੇ ਦਲਿਤ ਦੇ ਕਤਲ ਮਾਮਲੇ 'ਚ ਸੁਨੀਲ ਜਾਖੜ ਨੇ ਸਮੂਹ ਕਾਂਗਰਸ ਸਮੇਤ ਡੋਡਾ ਦੀ ਗ੍ਰਿਫਤਾਰੀ 'ਤੇ ਸਵਾਲ ਖੜ੍ਹੇ ਕੀਤੇ ਸਨ, ਜਿਸ ਤੋਂ ਬਾਅਦ ਸ਼ਿਵ ਲਾਲ ਡੋਡਾ ਨੇ ਖੁਦ ਪੁਲਸ ਅੱਗੇ ਸਰੰਡਰ ਕਰ ਦਿੱਤਾ ਸੀ।