ਚੰਡੀਗੜ੍ਹ, 13 ਜਨਵਰੀ, 2017 : ਆਮ ਆਦਮੀ ਪਾਰਟੀ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਉਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਉਸ ਉਤੇ ਪੱਥਰ ਸੁੱਟਣ ਅਤੇ ਉਸਦੇ ਪਿਤਾ ਵੱਲ ਜੁੱਤਾ ਸੁੱਟੇ ਜਾਣ ਦੀ ਘਟਨਾ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਦੱਸਿਆ ਸੀ।
ਆਮ ਆਦਮੀ ਪਾਰਟੀ ਦੇ ਸੂਬੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਥੋਂ ਜਾਰੀ ਇੱਕ ਬਿਆਨ ਵਿੱਚ ਸੁਖਬੀਰ ਬਾਦਲ ਨੂੰ ਹੈਡਲਾਇਨ ਮਸ਼ੀਨ ਦੱਸਿਆ, ਜਿਸ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨਾਂ ਦੇ ਜੀਵਨ ਵਿੱਚ ਕੋਈ ਸਿਆਸੀ ਜਾਂ ਸਮਾਜਿਕ ਨੈਤਿਕਤਾ ਨਹੀਂ ਹੈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਜਿੰਦਗੀ ਦਾ ਮਕਸਦ ਸਿਰਫ ਪੈਸੇ ਖਾਤਿਰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਅਤੇ ਕਿਸੇ ਵੀ ਕੀਮਤ ਉਤੇ ਆਪਣੀ ਸੱਤਾ ਦੀ ਲਾਲਸਾ ਪੂਰੀ ਕਰਨਾ ਹੈ।
ਵੜੈਚ ਨੇ ਸੁਖਬੀਰ ਬਾਦਲ ਦੀ ਇੱਕ ਟੀਵੀ ਇੰਟਰਵਿਊ ਦਾ ਹਵਾਲਾ ਦਿੱਤਾ, ਜਿਸ ਵਿੱਚ ਉਸਨੇ ਆਮ ਆਦਮੀ ਪਾਰਟੀ ਦੇ ਸਬੰਧ ਅੱਤਵਾਦੀਆਂ ਨਾਲ ਦੱਸੇ ਸੀ। ਵੜੈਚ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਦੂਜਿਆਂ ਉਤੇ ਆਰੋਪ ਲਗਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਆਪਣੀ ਪਾਰਟੀ ਦੇ ਪਿਛੋਕੜ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਨੂੰ ਸਾਹਮਣੇ ਵੇਖ ਕੇ ਸੁਖਬੀਰ ਬਾਦਲ ਦਾ ਮਾਨਸਿਕ ਸੰਤੁਲਨ ਗੜਬੜਾ ਗਿਆ ਹੈ।
ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚੇ ਦੌਰਾਨ ਸਿੱਖ ਨੌਜਵਾਨਾਂ ਨੂੰ ਪੰਥ ਦੇ ਨਾਂਅ ਉਤੇ ਹਿੰਸਾ ਵਿੱਚ ਸੁੱਟਿਆ ਅਤੇ ਬਾਅਦ ਵਿੱਚ ਸੱਤਾ ਹਾਸਿਲ ਕਰਨ ਲਈ ਨੌਜਵਾਨਾਂ ਨੂੰ ਧੋਖਾ ਦਿੱਤਾ। ਉਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਸੱਤਾ ਦੀ ਲਾਲਸਾ ਨੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਹਜਾਰਾਂ ਬੇਦੋਸ਼ੇ ਸਿੱਖ ਨੌਜਵਾਨਾਂ ਦੀ ਜਾਨ ਲਈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸੱਤਾ ਹਾਸਿਲ ਕਰਨ ਲਈ ਇੱਕ ਵਾਰ ਫਿਰ ਤੋਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੜੈਚ ਨੇ ਕਿਹਾ ਕਿ ਸੁਖਬੀਰ ਵੱਲੋਂ ਆਪਣੇ ਵਿਰੋਧੀਆਂ ਨੂੰ ਅੱਤਵਾਦੀ ਦੱਸ ਕੇ ਉਨਾਂ ਖਿਲਾਫ ਝੂਠੇ ਮਾਮਲੇ ਦਰਜ ਕਰਵਾਏ ਗਏ।
ਵੜੈਚ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਦੋਵਾਂ ਵੱਲੋਂ ਪੱਥਰਬਾਜੀ ਅਤੇ ਜੁੱਤਾ ਸੁੱਟਣ ਦੀ ਘਟਨਾ ਨੂੰ ਲੈ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਜਿਹੀ ਕਿਸੇ ਵੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਵੜੈਚ ਨੇ ਕਿਹਾ ਕਿ ਅਸੀਂ ਲੋਕਤੰਤਰ ਵਿੱਚ ਭਰੋਸਾ ਕਰਦੇ ਹਾਂ ਅਤੇ ਕਿਸੇ ਕਿਸਮ ਦੀ ਹਿੰਸਾ ਦਾ ਸਮਰਥਨ ਨਹੀਂ ਕਰਦੇ। ਉਨਾਂ ਕਿਹਾ ਕਿ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇਹ ਬਾਦਲ ਪਰਿਵਾਰ ਦੀ ਇੱਕ ਚਾਲ ਹੋ ਸਕਦੀ ਹੈ, ਪ੍ਰੰਤੂ ਉਹ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ। ਇਨਾਂ ਘਟਨਾਵਾਂ ਦਾ ਕਾਰਨ ਉਨਾਂ ਨੇ ਲੋਕਾਂ ਵਿਚ ਬਾਦਲ ਪਰਿਵਾਰ ਖਿਲਾਫ ਗੁੱਸੇ ਨੂੰ ਦੱਸਿਆ।
ਉਨਾਂ ਕਿਹਾ ਕਿ ਬਾਦਲ ਨੂੰ ਸੂਬੇ ਦੇ ਸੋਮਿਆਂ ਦੀ ਖੁੱਲੀ ਲੁੱਟ ਕਾਰਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਬਾਦਲਾਂ ਨੇ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚ ਧੱਕਿਆ ਹੈ। ਸੂਬੇ ਦੇ ਲੋਕ ਹੁਣ ਪੂਰੀ ਅਸਲੀਅਤ ਜਾਣ ਚੁੱਕੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਰੇਤ ਮਾਫੀਆ ਨੂੰ ਕੌਣ ਚਲਾ ਰਿਹਾ ਹੈ। ਉਨਾਂ ਦੋਸ਼ ਲਗਾਇਆ ਕਿ ਸੁਖਬੀਰ ਬਾਦਲ ਨੇ ਸਰਕਾਰ ਨੂੰ ਆਪਣੇ ਪਰਿਵਾਰ ਦੀ ਪ੍ਰਾਈਵੇਟ ਫਰਮ ਦੀ ਤਰਾਂ ਚਲਾਇਆ ਹੈ। ਬਾਦਲ ਪਰਿਵਾਰ ਦਾ ਨਾਂਅ ਪੰਜਾਬ ਦੇ ਇਤਿਹਾਸ ਵਿੱਚ ਭਿ੍ਰਸ਼ਟਾਚਾਰ ਦੇ ਪ੍ਰਤੀਕ ਵਜੋਂ ਜਾਣਿਆ ਜਾਵੇਗਾ।
ਉਨਾਂ ਦੋਸ਼ ਲਗਾਇਆ ਕਿ ਸੁਖਬੀਰ ਬਾਦਲ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦਾ ਮਾਸਟਰਮਾਈਂਡ ਹੈ ਅਤੇ ਇਸ ਸਭ ਨੂੰ ਆਮ ਆਦਮੀ ਪਾਰਟੀ ਨਾਲ ਜੋੜ ਕੇ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰੰਤੂ ਘਟਨਾਵਾਂ ਵਿੱਚ ਗਿ੍ਰਫਤਾਰ ਮੁੱਖ ਆਰੋਪੀ ਵਿਜੇ ਕੁਮਾਰ ਨੇ ਖੁਲਾਸਾ ਕੀਤਾ ਹੈ ਕਿ ਉਸ ਉਤੇ ਪੁਲਿਸ ਵੱਲੋਂ ਦਬਾਅ ਪਾ ਕੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਨਾਂਅ ਲੈਣ ਲਈ ਮਜਬੂਰ ਕੀਤਾ ਗਿਆ। ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹਾਲੇ ਤੱਕ ਗਿ੍ਰਫਤਾਰ ਕਿਓਂ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗਾਇਬ ਹਨ ਅਤੇ ਪੁਲਿਸ ਹਾਲੇ ਤੱਕ ਪਤਾ ਲਗਾਉਣ ਵਿੱਚ ਅਸਫਲ ਰਹੀ ਹੈ। ਵੜੈਚ ਨੇ ਕਿਹਾ ਕਿ ਉਨਾਂ ਪੁਲਿਸਕਰਮੀਆਂ ਦਾ ਵੀ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਜਿਨਾਂ ਹੱਥੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਬਹਿਬਲ ਕਲਾਂ ਵਿੱਚ ਦੋ ਸਿੱਖਾਂ ਦੀ ਜਾਨ ਗਈ ਸੀ।
ਵੜੈਚ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਤੁਸੀਂ ਕੁੱਝ ਲੋਕਾਂ ਬੇਵਕੂਫ ਬਣਾ ਸਕਦੇ ਹੋ ਪਰ ਤੁਸੀਂ ਸਾਰੇ ਲੋਕਾਂ ਨੂੰ ਹਮੇਸ਼ਾਂ ਲਈ ਬੇਵਕੂਫ ਨਹੀਂ ਬਣਾ ਸਕਦੇ।