ਜਲੰਧਰ, 13 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਲੰਧਰ ਵਿਖੇ ਭਰਵਾਂ ਸਵਾਗਤ ਕੀਤਾ ਗਿਆ, ਜਦੋਂ ਉਨਾਂ ਨੇ ਇੱਥੇ ਰੋਡ ਸ਼ੋਰ ਕੱਢਿਆ। ਇਸ ਮੌਕੇ ਨੈਸ਼ਨਲ ਹਾਈਵੇ ਉਤੇ ਪਿੰਡ ਪਰਾਗਪੁਰ ਵਿਖੇ ਵੱਡੀ ਗਿਣਤੀ ਵਿੱਚ ਲੋਕ ਕੇਜਰੀਵਾਲ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ, ਜਿੱਥੋਂ ਇੱਕ ਵੱਡੀ ਗਿਣਤੀ ਵਿੱਚ ਗੱਡੀਆਂ ਦਾ ਕਾਫਿਲਾ ਚਾਰ ਹਲਕਿਆਂ ਵਿੱਚੋਂ ਲੰਘਿਆ। ਇਸ ਮੌਕੇ ਆਪ ਉਮੀਦਵਾਰਾਂ ਐਚਐਸ ਵਾਲੀਆ (ਜਲੰਧਰ ਕੈਂਟ) ਡਾ. ਸੰਜੀਵ ਸ਼ਰਮਾ (ਜਲੰਧਰ ਸੈਂਟ੍ਰਲ), ਗੁਲਸ਼ਨ ਸ਼ਰਮਾ (ਜਲੰਧਰ ਨਾਰਥ) ਅਤੇ ਚੰਦਨ ਗਰੇਵਾਲ (ਆਦਮਪੁਰ) ਸਣੇ ਕੇਜਰੀਵਾਲ ਰੋਡ ਸ਼ੋਅ ਦੌਰਾਨ ਕਈ ਥਾਵਾਂ ਉਤੇ ਭਰਵੇਂ ਇਕੱਠਾਂ ਨੂੰ ਸੰਬੋਧਨ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ-ਕਾਂਗਰਸ ਗਠਜੋੜ ਦਰਮਿਆਨ ਲੜੀਆਂ ਜਾ ਰਹੀਆਂ ਹਨ, ਕਿਉਂਕਿ ਬਾਦਲ ਅਤੇ ਕੈਪਟਨ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਹੱਥ ਮਿਲਾ ਲਿਆ ਹੈ। ਉਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਮਰਥਨ ਤੋਂ ਇਹ ਸਾਫ ਜਾਹਿਰ ਹੈ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਉਠੀ ਸੁਨਾਮੀ ਨੂੰ ਅਕਾਲੀ-ਕਾਂਗਰਸ ਗਠਜੋੜ ਵੀ ਨਹੀਂ ਰੋਕ ਸਕਦੀ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਲਈ 150 ਪੁਆਇੰਟ ਤਿਆਰ ਕੀਤੇ ਹਨ ਅਤੇ 10 ਮੁੱਖ ਪੁਆਇੰਟਾਂ ਨੂੰ ਸਰਕਾਰ ਦੇ ਗਠਨ ਤੋਂ ਤੁਰੰਤ ਮਗਰੋਂ ਪੂਰਾ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਪੰਜਾਬੀਆਂ ਲਈ ਪੰਜਾਬ ਦੇ ਚੰਗੇ ਭਵਿੱਖ ਲਈ ਸਿਆਸੀ ਬਦਲਾਅ ਦਾ ਇਹ ਵਧੀਆ ਮੌਕਾ ਹੈ, ਜਦੋਂ ਬਾਦਲਾਂ ਅਤੇ ਕੈਪਟਨ ਦੇ ਗਠਜੋੜ ਨੂੰ ਤੋੜਿਆ ਜਾ ਸਕਦਾ ਹੈ, ਜਿਨਾਂ ਵੱਲੋਂ ਪੰਜਾਬ ਦੀਆਂ ਚੋਣਾਂ ਮਿਲ ਕੇ ਲੜੀਆਂ ਜਾਂਦੀਆਂ ਹਨ।
ਉਨਾਂ ਕਿਹਾ ਕਿ ਹਾਲ ਹੀ ਵਿੱਚ ਮਨੀਸ਼ ਸਿਸੋਦੀਆ ਨੇ ਕਿਤੇ ਕਹਿ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਕੇਜਰੀਵਾਲ ਪੂਰਾ ਕਰਨਗੇ ਅਤੇ ਇਸ ਤੋਂ ਬਾਅਦ ਅਕਾਲੀ ਤੇ ਕਾਂਗਰਸੀਆਂ ਨੇ ਇਹ ਭਰਮ ਫੈਲਾਉਣਾ ਸ਼ੁਰੂ ਕਰ ਦਿੱਤਾ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਨਾਂ ਪਾਰਟੀਆਂ ਨੂੰ ਕੇਜਰੀਵਾਲ ਫੋਬੀਆ ਹੋ ਗਿਆ ਹੈ ਅਤੇ ਉਸ ਤੋਂ ਡਰ ਲਗਦਾ ਹੈ। ਕੇਜਰੀਵਾਲ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨਗੇ ਅਤੇ ਇਹ ਸਿਰਫ ਕਾਂਗਰਸ ਅਤੇ ਅਕਾਲੀਆਂ ਦਾ ਕੂੜ ਪ੍ਰਚਾਰ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਾਵੇਂ ਕੋਈ ਵੀ ਬਣੇ, ਪਰ ਉਹ ਗਾਰੰਟੀ ਲੈਂਦੇ ਹਨ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨਾਂ ਦੀ ਪ੍ਰਾਥਮਿਕਤਾ ਨਸ਼ਿਆਂ ਨੂੰ ਖਤਮ ਕਰਨ ਦੀ ਹੋਵੇਗੀ ਅਤੇ ਇੱਕ ਮਹੀਨੇ ਦੇ ਅੰਦਰ ਨਸ਼ੇ ਦੀ ਸਪਲਾਈ ਬੰਦ ਕਰਵਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੇ ਸਾਰੇ ਕਾਰੋਬਾਰਾਂ ਉਤੇ ਬਾਦਲਾਂ ਨੇ ਕਬਜਾ ਕੀਤਾ ਹੋਇਆ ਹੈ ਅਤੇ ਬਿਕਰਮ ਮਜੀਠੀਆ ਵੱਲੋਂ ਨਸ਼ਿਆਂ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੱਤਾ ਸੰਭਾਲਣ ਮਗਰੋਂ ਬਾਦਲਾਂ ਵੱਲੋਂ ਬੇਕਸੂਰ ਲੋਕਾਂ ਖਿਲਾਫ ਐਨਡੀਪੀਸੀ ਦੇ ਝੂਠੇ ਕੇਸਾਂ ਨੂੰ ਖਤਮ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਸੀਨੀਅਰ ਡਾਕਟਰਾਂ ਦੀ ਇੱਕ ਸਪੈਸ਼ਲ ਟਾਸਕ ਫੋਰਸ ਤਿਆਰ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ 6 ਮਹੀਨਿਆਂ ਅੰਦਰ ਨਸ਼ਾ-ਮੁਕਤ ਕੀਤਾ ਜਾਵੇਗਾ ਅਤੇ 25 ਲੱਖ ਨੌਕਰੀਆਂ ਦੀ ਵਿਵਸਥਾ ਕਰਕੇ ਉਨਾਂ ਨੂੰ ਦੁਬਾਰਾ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ। ਉਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦੀ ਗਿਣਤੀ 40 ਲੱਖ ਦੇ ਕਰੀਬ ਹੈ।
ਕੇਜਰੀਵਾਲ ਨੇ ਕਿਹਾ ਕਿ ਬੁਢਾਪਾ, ਅੰਗਹੀਣਤਾ ਅਤੇ ਵਿਧਵਾ ਪੈਨਸ਼ਨ ਨੂੰ 500 ਰੁਪਏ ਤੋਂ ਵਧਾ ਕੇ 2500 ਰੁਪਏ ਮਹੀਨਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜੇਕਰ ਕਾਂਗਰਸ ਪੰਜਾਬ ਵਿੱਚ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕਰ ਸਕਦੀ ਹੈ ਤਾਂ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਰਗੇ ਰਾਜਾਂ ਵਿੱਚ ਕਿਓਂ ਨਹੀਂ ਦਿੰਦੀ, ਜਿੱਥੇ ਕਾਂਗਰਸ ਸੱਤਾ ਵਿੱਚ ਹੈ।
ਇਸਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸਿਸਟਮ ਦਾ ਢਾਂਚਾ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਬਿਲਕੁੱਲ ਤਬਾਹ ਕਰ ਦਿੱਤਾ ਹੈ ਅਤੇ ਇਸਨੂੰ ਦਿੱਲੀ ਦੀ ਤਰਜ ਉਤੇ ਦਰੁਸਤ ਕੀਤਾ ਜਾਵੇਗਾ। ਉਨਾਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਚਾਉਣ ਲਈ ਜਿਹੜੇ ਵਾਅਦੇ ਕੀਤੇ ਹਨ, ਉਨਾਂ ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਦੀ ਲੁੱਟਣ ਵਾਲੇ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਜੇਲ ਵਿੱਚ ਸੁੱਟਿਆ ਜਾਵੇਗਾ।