ਚੰਡੀਗੜ੍ਹ, 13 ਜਨਵਰੀ, 2017 : ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੂਚੀ ਜਾਰੀ ਕਰਦਿਆਂ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਬਰਾੜ ਨੇ ਦੱਸਿਆ ਕਿ ਜਲਦੀ ਉਮੀਦਵਾਰਾਂ ਦੀ ਤੀਜੀ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ।
ਜਿਨ੍ਹਾਂ ਉਮੀਦਵਾਰਾਂ ਦੀ ਅੱਜ ਸੂਚੀ ਜਾਰੀ ਕੀਤੀ ਗਈ ਉਨ੍ਹਾਂ ਵਿਚ ਗੁਰਕੀਮਤ ਸਿੰਘ ਸਿੱਧੂ ਨੂੰ ਬਰਨਾਲਾ ਤੋਂ, ਬਲਦੇਵ ਸਿੰਘ ਛਬੀਲਪੁਰ ਨੂੰ ਸ਼ੁਤਰਾਣਾਂ (ਐਸ ਸੀ) ਤੋਂ, ਸੰਦੀਪ ਸਿੰਘ ਨੂੰ ਪਾਇਲ (ਐਸ ਸੀ) ਤੋਂ, ਬਲਜੀਤ ਸਿੰਘ ਤਲਵੰਡੀ ਰਾਮਾ ਨੂੰ ਡੇਰਾ ਬਾਬਾ ਨਾਨਕ ਤੋਂ, ਮਾਸਟਰ ਸੰਪੂਰਨ ਸਿੰਘ ਸੈਦਪੁਰ ਨੂੰ ਭਾਓ(ਐਸ ਸੀ) ਤੋਂ, ਤਰਨਦੀਪ ਸੰਨੀ ਨੂੰ ਜਲੰਧਰ ਸੈਂਟਰਲ ਤੋਂ, ਸੱਤਪਾਲ ਚੌਧਰੀ ਨੂੰ ਫਿਰੋਜ਼ਪੁਰ ਸ਼ਹਿਰੀ ਤੋਂ, ਲਕਸ਼ਮੀ ਨਰਾਇਣ ਨੂੰ ਅਬੋਹਰ ਤੋਂ, ਪ੍ਰੋਂ: ਅਵਤਾਰ ਵਿਚ ਸਹੋਤਾ ਨੂੰ ਜੈਤੋਂ (ਐਸ ਸੀ) ਤੋਂ ਅਤੇ ਕਾਮਰੇਡ ਰਜਿੰਦਰ ਸਿੰਘ ਰਾਜਾ ਨੂੰ ਮੁਕਤਸਰ ਤੋਂ ਟਿਕਟ ਦਿੱਤੀ ਗਈ ਹੈ।
ਅੱਜ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਬਰਾੜ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ 40 ਵਿਧਾਨ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਸਕਦੀ ਹੈ। ਉਨਾਂ ਅੰਮ੍ਰਿਤਸਰ ਜ਼ਿਮਨੀ ਚੋਣ ਲਈ ਐਨਡੀਏ ਦੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਸਾਂਝਾ ਉਮੀਦਵਾਰ ਮੈਦਾਨ ਵਿਚ ਉਤਾਰਨ ਦਾ ਸੱਦਾ ਦਿੱਤਾ।
ਜਗਮੀਤ ਬਰਾੜ ਨੇ ਜਾਂਣਕਾਰੀ ਦਿੰਦਿਆਂ ਦੱਸਿਆ ਕਿ ਤ੍ਰਿਣਮੂਲ ਕਾਂਗਰਸ ਪੰਜ ਮੁੱਖ ਮੁੱਦਿਆਂ ਤੇ ਪੰਜਾਬ ਚੋਣਾ ਵਿਚ ਲੋਕਾਂ ਵਿਚਕਾਰ ਉਤਰੇਗੀ। ਇੰਨਾਂ ਵਿਚ ਪੰਜਾਬ ਅੰਦਰ ਵੱਧ ਰਹੇ ਅਪਰਾਧ ਅਤੇ ਨਸ਼ਿਆ ਪ੍ਰਸਾਰ, ਖੇਤਬਾੜੀ ਸੰਕਟ, ਐਸਵਾਈਐਲ ਦਾ ਮੁੱਦਾ, ਸਮਾਜਿਕ ਨਿਆ ਅਤੇ ਬੇਰੁਜ਼ਗਾਰੀ ਦਾ ਮੁੱਦਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਾਨਾਸ਼ਾਹੀ ਤਰੀਕੇ ਨਾਲ ਲਾਗੂ ਕੀਤੀ ਗਈ ਨੋਟਬੰਦੀ ਦਾ ਮੁੱਦਾ ਮੁੱਖ ਰਹੇਗਾ।
ਦੱਸਣਯੋਗ ਹੈ ਕਿ ਅੱਜ ਜਿੰਨ੍ਹਾਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਉਨ੍ਹਾਂ ਵਿਚ ਯੂਥ ਕਾਂਗਰਸ ਤੋਂ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਏ ਗੁਰਕੀਮਤ ਸਿੰਘ, ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਅਤੇ ਅਹੁਦੇਦਾਰ ਜਿੰਨਾਂ ਵਿਚ ਤਰਨਦੀਪ ਸੰਨੀ, ਬਲਜੀਤ ਸਿੰਘ ਤਲਵੰਡੀ ਰਾਮਾ ਸ਼ਾਮਲ ਹਨ। ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਨੇ ਵਿਧਾਨ ਸਭਾ ਹਲਕਾ ਪਾਇਲ ਰਾਖਵਾ (ਐਸ ਸੀ) ਲਈ ਸੰਦੀਪ ਸਿੰਘ ਰਪਾਲੋਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜ਼ਿਕਰਯੋਗ ਹੈ ਕਿ ਇਸ ਹਲਕੇ ਵਿਚ ਲੋਕ ਚੇਤਨਾ ਲਹਿਰ ਨੇ ਇਥੇ ਤ੍ਰਿਣਮੂਲ ਕਾਂਗਰਸ ਨੂੰ ਬਿਨ੍ਹਾਂ ਸ਼ਰਤ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।