ਚੰਡੀਗੜ੍ਹ, 13 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਦੇ ਸਾਸ਼ਨ ਵਿੱਚ ਬੇਹਿਸਾਬੀ ਦੌਲਤ ਕਮਾਈ ਹੈ, ਪ੍ਰੰਤੂ ਕੋਈ ਵੀ ਨਹੀਂ ਜਾਣਦਾ ਇਸ ਤਰਾਂ ਦੌਲਤ ਵਧਾਉਣ ਦਾ ਫਾਰਮੂਲਾ ਕੀ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਥੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਅਜਿਹਾ ਕਿਹੜਾ ਫਾਰਮੂਲਾ ਹੈ, ਜਿਸ ਦੇ ਜਰੀਏ ਐਨੀ ਦੌਲਤ ਕਮਾਈ ਜਾ ਸਕਦੀ ਹੈ। ਵੜੈਚ ਨੇ ਕਿਹਾ ਕਿ ਬਾਦਲਾਂ ਦੀ ਸਮਾਜ ਨੂੰ ਇਹ ਬਹੁਤ ਵੱਡੀ ਦੇਣ ਹੋਵੇਗੀ ਜੇਕਰ ਉਹ ਕੁੱਝ ਸੁਝਾਅ ਦੱਸ ਦੇਣ, ਜਿਵੇਂ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ 2012 ਵਿੱਚ 14 ਕਰੋੜ ਤੋਂ 2017 ਵਿੱਚ 29.5 ਕਰੋੜ ਪਹੁੰਚ ਗਈ ਹੈ। ਉਨਾਂ ਕਿਹਾ ਕਿ ਸ਼ਾਇਦ ਹਰਸਿਮਰਤ ਕੌਰ ਬਾਦਲ ਉਤਰੀ ਭਾਰਤ ਵਿੱਚ ਅਜਿਹੀ ਇਕਲੌਤੀ ਮਹਿਲਾ ਸਿਆਸਤਦਾਨ ਹਨ, ਜਿਨਾਂ ਕੋਲ 6 ਕਰੋੜ ਰੁਪਏ ਦੇ ਗਹਿਣੇ ਹਨ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਗ੍ਰਾਮ ਤੋਂ ਜਿਆਦਾ ਸੋਨਾ ਨਾ ਰੱਖਣ ਦੇ ਆਦੇਸ਼ ਦਿੱਤੇ ਹਨ।
ਉਨਾਂ ਕਿਹਾ ਕਿ ਬਾਲਾਸਰ ਫਾਰਮ ਹਾਉਸ, ਜਿਸਦੇ ਮਾਲਕ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਨ, ਉਸ ਵਿੱਚੋਂ ਸੁਖਬੀਰ ਬਾਦਲ ਨੇ 258 ਕਨਾਲ ਦਾ ਹਿੱਸਾ ਹਰਸਿਮਰਤ ਕੌਰ ਬਾਦਲ ਦੇ ਨਾਂਅ ਕਰ ਦਿੱਤਾ ਹੈ, ਜਦਕਿ ਬਾਕੀ 260 ਕਨਾਲ ਦਾ ਹਿੱਸਾ ਪ੍ਰਕਾਸ਼ ਸਿੰਘ ਬਾਦਲ ਦਾ ਹੈ।
ਆਪ ਆਗੂ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਸਦੀ ਪਤਨੀ ਦੀ ਜਾਇਦਾਦ 2014 ਵਿੱਚ 108 ਕਰੋੜ ਰੁਪਏ ਸੀ, ਜਿਸ ਵਿੱਚ 2009 ਨਾਲੋਂ 60.31 ਕਰੋੜ ਰੁਪਏ ਦਾ ਵਾਧਾ ਹੋਇਆ। ਸੁਖਬੀ ਬਾਦਲ ਨੇ 2009 ਵਿੱਚ ਆਪਣੀ ਜਾਇਦਾਦ 13.38 ਕਰੋੜ ਦੱਸੀ ਸੀ, ਜੋ ਕਿ ਸਾਲ 2012 ਵਿੱਚ ਵਧ ਕੋ 90.86 ਕਰੋੜ ਹੋ ਗਈ। ਉਨਾਂ ਕਿਹਾ ਕਿ ਬਾਦਲ ਪਰਿਵਾਰ ਇਹ ਦੱਸਣ ਦੀ ਖੇਚਲ ਕਰੇ ਕਿ ਜੇਕਰ ਉਨਾਂ ਨੇ ਭ੍ਰਿਸ਼ਟਾਚਾਰ ਨਹੀਂ ਕੀਤਾ ਤਾਂ ਅਜਿਹਾ ਕਿਹੜਾ ਫਾਰਮੂਲਾ ਹੈ, ਜਿਸ ਨਾਲ ਦੌਲਤ ਇਸ ਤਰਾਂ ਵਧਦੀ ਹੋਵੇ।