ਚੰਡੀਗੜ੍ਹ, 13 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੱਲੋਂ ਚੋਣ ਕਮਿਸ਼ਨ ਕੋਲ ਕੀਤੀ ਮੁੱਖ ਸਕੱਤਰ ਸਰਵੇਸ਼ ਕੌਸਂਲ ਦੇ ਤਬਾਦਲੇ ਦੀ ਮੰਗ ਬਿਲਕੁੱਲ ਹੀ ਬੇਤੁਕੀ ਅਤੇ ਤਰਕਹੀਣ ਹੈ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ। ਉਹ ਅਮਰਿੰਦਰ ਸਿੰਘ ਵੱਲੋਂ ਮੁੱਖ ਸਕੱਤਰ ਉੱਤੇ ਲਾਏ ਦੋਸ਼ਾਂ ਕਿ ਉਹ ਜ਼ੁਬਾਨੀ ਹੁਕਮਾਂ ਰਾਹੀਂ ਜ਼ਿਲ੍ਹਾ ਪ੍ਰਸਾਸ਼ਕਾਂ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਦੀ ਮੱਦਦ ਕਰਨ ਲਈ ਦਬਾਅ ਪਾ ਰਹੇ ਹਨ, ਬਾਰੇ ਟਿੱਪਣੀ ਕਰ ਰਹੇ ਸਨ।
ਸ਼ ਚੰਦੂਮਾਜਰਾ ਨੇ ਕਿਹਾ ਕਿ ਅਮਰਿੰਦਰ ਨੂੰ ਆਪਣੇ ਸਿਆਸੀ ਵਿਰੋਧੀਆਂ ਉੱਤੇ ਹਮਲੇ ਕਰਨ ਦੀ ਪੂਰੀ ਆਜ਼ਾਦੀ ਹੈ, ਪਰ ਉਸ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਗੰਦੀ ਰਾਜਨੀਤੀ ਦਾ ਸ਼ਿਕਾਰ ਬਣਾਉਣ ਤੋਂ ਗੁਰੇਜ਼ ਕਰੇ।
ਅਕਾਲੀ ਆਗੂ ਨੇ ਉਮੀਦ ਪ੍ਰਗਟ ਕੀਤੀ ਕਿ ਚੋਣ ਕਮਿਸ਼ਨ ਅਮਰਿੰਦਰ ਨੂੰ ਗੈਰ-ਮੁੱਦਿਆਂ ਬਾਰੇ ਫਾਲਤੂ ਦਾ ਰੌਲਾ ਪਾਉਣ ਤੋਂ ਵਰਜੇਗਾ ਅਤੇ ਉਸ ਨੂੰ ਆਪਣੀ ਚੋਣ ਮੁਹਿੰਮ ਉੱਤੇ ਫੋਕਸ ਕਰਨ ਲਈ ਕਹੇਗਾ। ਚੋਣ ਕਮਿਸ਼ਨ ਅਮਰਿੰਦਰ ਦੇ ਖਿਆਲੀ ਡਰਾਂ ਨੂੰ ਖਤਮ ਨਹੀਂ ਕਰ ਸਕਦਾ, ਕਿਉਂਕਿ ਇਹ ਉਸ ਨੂੰ ਪੈਂਦੇ ਦਿਮਾਗੀ ਦੌਰਿਆਂ ਦੀ ਉਪਜ ਹਨ।
ਅਕਾਲੀ ਆਗੂ ਨੇ ਕਿਹਾ ਕਿ ਅਮਰਿੰਦਰ ਨੇ ਚੋਣਾਂ ਵਿਚ ਆਪਣੀ ਸੰਭਾਵੀ ਹਾਰ ਨੂੰ ਵੇਖਦੇ ਹੋਏ ਬੇਸਿਰ-ਪੈਰ ਦੇ ਬਹਾਨੇ ਘੜਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਚੋਣਾਂ ਚੋਣ ਕਮਿਸ਼ਨ ਦੀ ਸਿੱਧੀ ਨਿਗਰਾਨੀ ਅਧੀਨ ਹੁੰਦੀਆਂ ਹਨ, ਜਿਸ ਕਰਕੇ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਫੈਸਲੇ ਚੋਣ ਅਧਿਕਾਰੀਆਂ ਨੇ ਲੋੜ ਮੁਤਾਬਿਕ ਲੈਣੇ ਹੁੰਦੇ ਹਨ। ਕਾਂਗਰਸ ਪ੍ਰਧਾਨ ਚੋਣ ਕਮਿਸ਼ਨ ਨੂੰ ਬੇਤੁਕੀਆਂ ਨਸੀਹਤਾਂ ਦੇ ਕੇ ਉਸ ਦੇ ਕੰਮਾਂ ਵਿਚ ਅੜਚਣ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਹਨਾਂ ਕਿਹਾ ਅਮਰਿੰਦਰ ਦੀ ਮੁੱਖ ਸਕੱਤਰ ਦੇ ਤਬਾਦਲੇ ਨੂੰ ਲੈ ਕੇ ਭੇਜੀ ਗਈ ਅਰਜ਼ੀ ਨੂੰ ਚੋਣ ਕਮਿਸ਼ਨ ਉਸੇ ਤਰ੍ਹਾਂ ਰੱਦੀ ਦੀ ਟੋਕਰੀ ਵਿਚ ਸੁੱਟ ਦੇਵੇਗਾ, ਜਿਸ ਤਰ੍ਹਾਂ ਉਸ ਨੇ ਮਹਾਰਾਜੇ ਦੀ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਅਰਜ਼ੀ ਨੂੰ ਸੁੱਟਿਆ ਸੀ।