ਸੁਲਤਾਨਪੁਰ ਲੋਧੀ, 13 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸੰਜੇ ਸਿੰਘ ਅੱਜ ਸੁਲਤਾਨਪੁਰ ਲੋਧੀ ਪਹੁੰਚੇ, ਜਿੱਥੇ ਉਨਾਂ ਨੇ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ ਦੇ ਹੱਕ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨਾਂ ਰਵਾਇਤੀ ਪਾਰਟੀਆਂ ਉਤੇ ਵਰਦਿਆਂ ਕਿਹਾ ਕਿ ਬਾਦਲ ਅਤੇ ਕੈਪਟਨ ਮਿਲ ਕੇ ਚੋਣਾਂ ਲੜ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਇਨਾਂ ਦੀ ਸੌੜੀ ਸੋਚ ਅਤੇ ਭ੍ਰਿਸ਼ਟ ਰਵੱਈਏ ਤੋਂ ਤੰਗ ਆ ਚੁੱਕੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਇਨਾਂ ਰਵਾਇਤੀ ਪਾਰਟੀਆਂ ਦਾ ਇੱਕ ਚੰਗਾ ਬਦਲ ਆਮ ਆਦਮੀ ਪਾਰਟੀ ਹੈ ਅਤੇ ਪੂਰੇ ਸੂਬੇ ਵਿੱਚ ਲੋਕਾਂ ਵੱਲੋਂ ਪਾਰਟੀ ਦੀ ਸੋਚ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਤੋਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਸੂਬੇ ਵਿੱਚ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਹੋਵੇਗੀ।