ਚੰਡੀਗੜ੍ਹ, 13 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ 'ਤੇ ਪੰਜਾਬ 'ਚ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਅਫਸਰਾਂ 'ਤੇ ਦਬਾਅ ਬਣਾ ਕੇ ਸੱਤਾਧਾਰੀ ਅਕਾਲੀ ਭਾਜਪਾ ਦੇ ਹੱਕ 'ਚ ਵੋਟਿੰਗ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਉਂਦੇ ਹੋਏ, ਚੋਣ ਕਮਿਸ਼ਨ ਨੂੰ ਉਨ੍ਹਾਂ ਨੂੰ ਟਰਾਂਸਫਰ ਕਰਨ ਲਈ ਕਿਹਾ ਹੈ।
ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਨੂੰ ਇਕ ਲਿਖਤੀ ਸ਼ਿਕਾਇਤ 'ਚ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਮੁੱਖ ਸਕੱਤਰ ਗੈਰ ਰਸਮੀ ਸੰਦੇਸ਼ ਭੇਜ ਕੇ ਜਿਲ੍ਹਾ ਕੁਲੈਕਟਰਾਂ ਨੂੰ ਮੌਜ਼ੂਦਾ ਸੱਤਾਧਾਰੀ ਪੱਖ ਦੇ ਉਮੀਦਵਾਰਾਂ ਲਈ ਕੰਮ ਕਰਨ ਵਾਸਤੇ ਕਹਿ ਰਹੇ ਹਨ।
ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਜਨਹਿੱਤ 'ਚ ਕੌਸ਼ਲ ਨੂੰ ਕਿਸੇ ਇਮਾਨਦਾਰ ਤੇ ਨਿਰਪੱਖ ਅਫਸਰ ਨਾਲ ਬਦਲਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਸ ਨਾਲ ਆਮ ਵਿਅਕਤੀ ਦਾ ਮਨੋਬਲ ਕਾਇਮ ਕਰਨ 'ਚ ਸਹਾਇਤਾ ਮਿਲੇਗੀ ਤੇ ਉਸਨੂੰ ਮੌਜ਼ੂਦਾ ਸਿਆਸੀ-ਅਫਸਰਸ਼ਾਹੀ ਦੇ ਗਠਜੋੜ ਅਤੇ ਅਪਰਾਧ ਤੋਂ ਬਚਾਇਆ ਜਾ ਸਕੇਗਾ। ਇਸ ਨਾਲ ਨਿਚਲੀ ਅਫਸਰਸ਼ਾਹੀ ਨੂੰ ਵੀ ਚੋਣਾਂ 'ਚ ਜ਼ਿਆਦਾ ਨਿਰਪੱਖਤਾ ਨਾਲ ਕੰਮ ਕਰਨ ਦੀ ਅਜ਼ਾਦੀ ਮਿਲੇਗੀ।
ਕੈਪਟਨ ਅਮਰਿੰਦਰ ਨੇ ਕਿਹਾ ਹੇ ਕਿ ਕੌਸ਼ਲ ਨੂੰ ਉਨ੍ਹਾਂ ਦੀਆਂ ਚਲਾਕੀਆਂ ਵਾਸਤੇ ਜਾਣਿਆ ਜਾਂਦਾ ਹੈ ਤੇ ਉਹ ਜੋੜ ਤੋੜ ਕਰਨ 'ਚ ਲੱਗੇ ਹੋਏ ਹਨ। ਇਕ ਸਮੇਂ ਅਕਾਲੀ ਦਲ ਉਨ੍ਹਾਂ ਨਾਲ ਨਫਰਤ ਕਰਦਾ ਸੀ, ਲੇਕਿਨ ਉਨ੍ਹਾਂ ਨੇ ਆਪਣੇ ਇਸ ਅਹੁਦੇ ਨੂੰ ਹਾਸਿਲ ਕਰਨ ਵਾਸਤੇ ਪਿਓ ਪੁੱਤ ਨਾਲ ਸੌਦਾ ਕੀਤਾ ਤੇ ਉਦੋਂ ਤੋਂ ਹਰ ਮਾਮਲੇ 'ਚ ਉਨ੍ਹਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਕੌਸ਼ਲ ਵੱਲੋਂ ਅੱਤਿਆਚਾਰ ਕੀਤੇ ਜਾਣ ਦੇ ਡਰ ਨਾਲ ਨਿਚਲੀ ਅਫਸਰਸ਼ਾਹੀ ਪੂਰੀ ਤਰ੍ਹਾਂ ਨਾਲ ਘੁਟਣ ਮਹਿਸੂਸ ਕਰ ਰਹੀ ਹੈ ਤੇ ਚੋਣ ਕਮਿਸ਼ਨ ਉਨ੍ਹਾਂ ਦੀ ਬੀਤੀ ਜ਼ਿੰਦਗੀ ਦੀ ਪੜਤਾਲ ਕਰਵਾ ਸਕਦਾ ਹੈ।
ਕੈਪਟਨ ਅਮਰਿੰਦਰ ਨੇ ਚੋਣ ਕਮਿਸ਼ਨ ਨੂੰ ਯਾਦ ਦਿਲਾਇਆ ਹੈ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨਾਲ ਪੱਤਰ ਵਿਹਾਰ 'ਚ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਿਰਪੱਖ ਤੇ ਪ੍ਰੋਫੈਸ਼ਨਲ ਪੱਧਰ 'ਤੇ ਕਾਬਿਲ ਅਫਸਰਾਂ ਨੂੰ ਤੈਨਾਤ ਕੀਤੇ ਜਾਣ ਦੀ ਲੋੜ 'ਤੇ ਜੋਰ ਦਿੱਤਾ ਸੀ। ਉਨ੍ਹਾਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਸੂਬਾ ਸਰਕਾਰ ਅਜਿਹੇ ਆਪਣੇ ਪ੍ਰਤੀ ਵਚਨਬੱਧ ਤੇ ਪੱਖਪਾਤੀ ਅਫਸਰਾਂ ਰਾਹੀਂ ਜਿਥੇ ਮੁਮਕਿਨ ਹੋ ਸਕੇ ਚੋਣ ਪ੍ਰੀਕ੍ਰਿਆ 'ਚ ਚਲਾਕੀ ਕਰਨ ਤੇ ਉਸਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਅਜਿਹੀਆਂ ਘਟਨਾਵਾਂ ਤੋਂ ਉਦੋਂ ਹੀ ਬੱਚਿਆ ਜਾ ਸਕਦਾ ਹੈ, ਜੇ ਸੂਬੇ ਦੀ ਅਫਸਰਸ਼ਾਹੀ ਦਾ ਮੁਖੀ ਇਕ ਇਮਾਨਦਾਰ ਤੇ ਨਿਰਪੱਖ ਅਫਸਰ ਹੋਵੇ।