ਚੰਡੀਗੜ੍ਹ, 14 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਸਿੱਖ ਨੌਜਵਾਨ ਦੀ ਰੋਪੜ ਜਿਲੇ ਦੇ ਪਿੰਡ ਲੋਧੀਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਨ ਦੀ ਕਰੜੀ ਨਿੰਦਾ ਕੀਤੀ ਹੈ, ਕਿਉਂਕਿ ਉਸਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸਵਾਲ ਪੁੱਛਿਆ ਸੀ।
ਇੱਥੋਂ ਜਾਰੀ ਇੱਕ ਬਿਆਨ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਡਾ. ਦਲਜੀਤ ਸਿੰਘ ਚੀਮਾ ਉਸ ਵੇਲੇ ਭੜਕ ਗਏ, ਜਦੋਂ ਇੱਕ ਨੌਜਵਾਨ ਹਰਮੀਤ ਸਿੰਘ ਨੇ ਉਸਨੂੰ ਪੁੱਛਿਆ ਕਿ ਅਕਾਲੀ-ਭਾਜਪਾ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਦੋਸ਼ੀਆਂ ਨੂੰ ਹੁਣ ਤੱਕ ਕਿਓਂ ਨਹੀਂ ਫੜ ਸਕੀ। ਇਹ ਬਹੁਤ ਮੰਦਭਾਗਾ ਹੈ ਕਿ ਦਲਜੀਤ ਸਿੰਘ ਚੀਮਾ ਜੋ ਕਿ ਰੋਪੜ ਸੀਟ ਤੋਂ ਚੋਣ ਲੜ ਰਹੇ ਹਨ, ਉਨਾਂ ਨੇ ਅਕਾਲੀ ਵਰਕਰਾਂ ਨੂੰ ਨੌਜਵਾਨ ਦੀ ਕੁੱਟਮਾਰ ਕਰਨ ਦਾ ਇਸ਼ਾਰਾ ਕੀਤਾ। ਹਰਮੀਤ ਸਿੰਘ ਨੇ ਇਸ ਬਾਰੇ ਰੋਪੜ ਦੇ ਜਿਲਾ ਰਿਟਰਨਿੰਗ ਅਫਸਰ ਕੋਲ ਸ਼ਿਕਾਇਤ ਵੀ ਕੀਤੀ ਹੈ।
ਵੜੈਚ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਬੇਅਦਬੀ ਦੀਆਂ 100 ਤੋਂ ਵੱਧ ਵਾਪਰੀਆਂ ਘਟਨਾਵਾਂ ਨਾਲ ਉਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਨਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਸ਼ਰਧਾ ਹੈ। ਉਨਾਂ ਕਿਹਾ ਕਿ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਥਕ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇੱਕ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੀ ਹੈ। ਉਨਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਵਿੱਚ ਫਿਰਕੂ ਤਣਾਅ ਪੈਦਾ ਕਰਨ ਲਈ ਇੱਕ ਸੋਚੀ-ਸਮਝੀ ਚਾਲ ਤਹਿਤ ਕੀਤੀਆਂ ਗਈਆਂ ਹਨ।
ਆਪ ਕਨਵੀਨਰ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦਾ ਅਕਾਲੀ ਆਗੂਆਂ ਤੋਂ ਪੁੱਛਣ ਦਾ ਅਧਿਕਾਰ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ ਦੀਆਂ ਘਟਨਾਵਾਂ ਦੀ ਸਾਜਿਸ਼ ਕਿਸਨੇ ਰਚੀ ਅਤੇ ਪੁਲਿਸ ਦੋਸ਼ੀਆਂ ਨੂੰ ਹੁਣ ਤੱਕ ਕਿਓਂ ਨਹੀਂ ਫੜ ਸਕੀ। ਉਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਮਲੇਰਕੋਟਲਾ ਘਟਨਾ ਪਿੱਛੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਸਾਜਿਸ਼ ਮੁੱਖ ਦੋਸ਼ੀ ਵਿਜੇ ਕੁਮਾਰ ਨੇ ਬੇਨਕਾਬ ਕਰ ਦਿੱਤੀ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੇ ਅਸਲ ਦੋਸ਼ੀਆਂ ਨੂੰ ਫੜ ਕੇ ਸਜਾ ਦੇਵੇਗੀ। ਉਨਾਂ ਕਿਹਾ ਕਿ ਸੁਖਬੀਰ ਬਾਦਲ ਉਤੇ ਪੱਥਰਬਾਜੀ ਦੀ ਘਟਨਾ ਅਤੇ ਮੁੱਖ ਮੰਤਰੀ ਬਾਦਲ ਉਤੇ ਜੁੱਤਾ ਸੁੱਟਣ ਦੀ ਘਟਨਾ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਸ਼ਾਮਿਲ ਨਹੀਂ ਸੀ।
ਉਨਾਂ ਅੱਗੇ ਕਿਹਾ ਕਿ ਸੁਖਬੀਰ ਬਾਦਲ ਪੈਸਾ ਕਮਾਉਣ ਦੀ ਲਾਲਸਾ ਵਿੱਚ ਸੱਤਾ ਹਾਸਿਲ ਕਰਨ ਲਈ ਹਤਾਸ਼ ਹਨ। ਉਨਾਂ ਕਿਹਾ ਕਿ ਇਹ ਗੱਲ ਹਰ ਕਿਸੇ ਦੀ ਸਮਝ ਤੋਂ ਪਰੇ ਹੈ ਕਿ 10 ਸਾਲਾਂ ਵਿੱਚ ਇਕੱਠੇ ਕੀਤੇ ਪੈਸੇ ਦੇ ਢੇਰ ਦਾ ਸੁਖਬੀਰ ਬਾਦਲ ਆਖਿਰਕਾਰ ਕੀ ਕਰਨਗੇ।