ਜਲੰਧਰ/ਚੰਡੀਗੜ੍ਹ, 14 ਜਨਵਰੀ, 2017 : ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਹ ਸਾਰੇ ਆਗੂ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸੰਜੇ ਸਿੰਘ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਆਮ ਆਦਮੀ ਪਾਰਟੀ ਨੇ ਦੋਆਬਾ ਵਿੱਚ ਬੀਐਸਪੀ ਨੂੰ ਵੱਡਾ ਝਟਕਾ ਦਿੱਤਾ। ਬੀਐਸਪੀ ਦੇ ਜਲੰਧਰ ਮੰਡਲ ਕੋਆਰਡੀਨੇਟਰ ਡਾ. ਹਰਭਜਨ ਮਹਿਮੀ, ਬੀਐਸਪੀ ਦੇ ਗੜਸ਼ੰਕਰ ਹਲਕੇ ਦੇ ਸਕੱਤਰ ਪ੍ਰੇਮਨਾਥ ਅਤੇ ਨਰਿੰਦਰ ਕੁਮਾਰ, ਆਗੂ ਬਲਕਾਰ ਸਿੰਘ ਅਤੇ ਜਗਤਾਰ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਨਾਂ ਦੇ ਨਾਲ ਹੀ ਬੀਐਸਪੀ ਸਡੂਟੈਂਟ ਵਿੰਗ ਦੇ ਆਗੂ ਜਸਪ੍ਰੀਤ ਮਹਿਮੀ, ਵਿਸ਼ਵਾਸ ਅਤੇ ਹਰਦੀਪ ਚੌਧਰੀ ਗੜਸ਼ੰਕਰ ਤੋਂ ਪਾਰਟੀ ਉਮੀਦਵਾਰ ਜੈਕਿਸ਼ਨ ਸਿੰਘ ਰੋੜੀ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ।
ਇਸੇ ਤਰਾਂ ਐਸਜੀਪੀਸੀ ਮੈਂਬਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਜਿਲਾ ਪ੍ਰਧਾਨ ਮਹਿੰਦਰ ਸਿੰਘ ਹੁਸੈਨਪੁਰ, ਆਲ ਇੰਡਆ ਯੂਥ ਅਕਾਲੀ ਦਲ ਦੇ ਸਾਬਕਾ ਮੀਤ ਪ੍ਰਧਾਨ ਹਰਪ੍ਰਭਮਹਿਲ ਸਿੰਘ, ਐਸਬੀਐਸ ਨਗਰ ਦੇ ਸਾਬਕਾ ਅਕਾਲੀ ਪ੍ਰਧਾਨ ਜੈ ਸਿੰਘ ਦਿਲਾਵਰਪੁਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਨਾਂ ਨੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਪਾਰਟੀ ਦਾ ਪੱਲਾ ਫੜਿਆ।
ਇਸੇ ਦੇ ਨਾਲ ਹੀ ਆਲ ਇੰਡੀਆ ਕਿਸਾਨ ਅਤੇ ਮਜਦੂਬ ਸਭਾ ਦੇ ਸਾਬਕਾ ਪ੍ਰਧਾਨ ਹਰਦੇਵ ਸਿੰਘ ਸੰਧੂ, ਸੂਬਾ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਅਤੇ ਦਵਿੰਦਰ ਸਿੰਘ ਘਾਲੀ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸੰਜੇ ਸਿੰਘ ਅਤੇ ਪੋਲਿਟਿਕਲ ਮੈਨੇਜਮੈਂਟ ਕਮੇਟੀ ਮਾਲਵਾ ਦੇ ਇੰਚਾਰਜ ਜਗਦੀਪ ਸਿੰਘ ਬਰਾੜ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਏ ਇਨਾਂ ਨਵੇਂ ਆਗੂਆਂ ਨੂੰ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ।