ਚੰਡੀਗੜ੍ਹ, 14 ਜਨਵਰੀ, 2017 : ਕਾਂਗਰਸ ਹਾਈ ਕਮਾਂਡ ਨੇ ਅਮਰਿੰਦਰ ਸਿੰਘ ਦਾ ਸਿਆਸੀ ਕਰੀਅਰ ਖਤਮ ਕਰਨ ਦੀ ਪੂਰੀ ਵਿਉਂਤਬੰਦੀ ਬਣਾ ਲਈ ਹੈ। ਉਸ ਨੂੰ ਵਿਧਾਨ ਸਭਾ ਹਲਕਾ ਲੰਬੀ ਤੋਂ ਚੋਣ ਲੜਾਉਣ ਦਾ ਫੈਸਲਾ ਮਹਾਰਾਜੇ ਦੀ ਸਿਆਸੀ ਜ਼ਿੰਦਗੀ ਦਾ ਆਖਰੀ ਚੈਪਟਰ ਸਾਬਿਤ ਹੋਵੇਗਾ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਕਾਂਗਰਸ ਪ੍ਰਧਾਨ ਵੱਲੋਂ ਲੰਬੀ ਹਲਕੇ ਤੋਂ ਚੋਣ ਲੜਣ ਵਾਸਤੇ ਹਾਈ ਕਮਾਂਡ ਤੋਂ ਮੰਗੀ ਇਜਾਜ਼ਤ ਬਾਰੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਲੰਬੀ ਤੋਂ ਚੋਣ ਲੜਣ ਦਾ ਫੈਸਲਾ ਅਮਰਿੰਦਰ ਦਾ ਆਪਣਾ ਨਹੀਂ ਹੈ, ਸਗੋਂ ਹਾਈ ਕਮਾਂਡ ਨੇ ਉਸ ਨੰੂੰ ਅਜਿਹਾ ਕਰਨ ਲਈ ਹੁਕਮ ਦਿੱਤਾ ਹੈ। ਸ਼ਸਿਰਸਾ ਨੇ ਕਿਹਾ ਕਿ ਕਾਂਗਰਸ ਵਾਈਸ ਪ੍ਰਧਾਨ ਰਾਹੁਲ ਗਾਂਧੀ ਅਤੇ ਅਮਰਿੰਦਰ ਦੇ ਰਿਸ਼ਤੇ ਵਿਚਲੀ ਖਟਾਸ ਤੋਂ ਸਾਰੇ ਵਾਕਿਫ ਹਨ। ਇਹਨਾਂ ਦੋਵਾਂ ਵਿਚਲੀ ਖਹਿਬਾਜ਼ੀ ਕਰਕੇ ਹੀ ਅਜੇ ਤੱਕ ਕਾਂਗਰਸ ਆਪਣੀਆਂ ਸੀਟਾਂ ਦਾ ਐਲਾਨ ਨਹੀਂ ਕਰ ਪਾਈ ਹੈ। ਕਾਂਗਰਸ ਹਾਈ ਕਮਾਂਡ ਪੰਜਾਬ ਵਿਚ ਅਮਰਿੰਦਰ ਦੇ ਧੜੇ ਨੂੰ ਮਜ਼ਬੂਤ ਨਹੀਂ ਵੇਖਣਾ ਚਾਹੁੰਦੀ। ਇਸ ਲਈ ਉਹ ' ਝੋਟਾ ਮਾਰ ਦਿਓ, ਜੂੰਆਂ ਆਪੇ ਹੀ ਮਰ ਜਾਣਗੀਆਂ' ਵਾਲੀ ਰਣਨੀਤੀ ਉੱਤੇ ਚੱਲ ਰਹੀ ਹੈ।
ਸ਼ ਸਿਰਸਾ ਨੇ ਕਿਹਾ ਕਿ ਦਿੱਲੀ ਦੀ ਕੋਈ ਵੀ ਪਾਰਟੀ ਪੰਜਾਬ ਦੇ ਆਗੂਆਂ ਨੂੰ ਬਰਦਾਸ਼ਤ ਨਹੀਂ ਕਰਦੀ ਹੈ। ਆਮ ਆਦਮੀ ਪਾਰਟੀ ਦੇ ਮੁਖੀ ਨੇ ਪੰਜਾਬ ਉੱਤੇ ਆਪਣਾ ਕੰਟਰੋਲ ਰੱਖਣ ਲਈ ਆਪ ਦੇ ਸਾਰੇ ਪੰਜਾਬੀ ਆਗੂਆਂ ਨੂੰ ਅਜਿਹੇ ਹਲਕਿਆਂ ਤੋਂ ਖੜ੍ਹਾ ਕੀਤਾ ਹੈ, ਕਿ ਜਿੱਤਣਾ ਤਾਂ ਦੂਰ ਉਹ ਆਪਣੀ ਜ਼ਮਾਨਤ ਵੀ ਨਾ ਬਚਾ ਸਕਣ। ਆਪ ਦੀ ਦੇਖਾ ਦੇਖੀ ਵਿਚ ਇਹੀ ਰਣਨੀਤੀ ਕਾਂਗਰਸ ਨੇ ਅਪਣਾ ਲਈ ਹੈ ਅਤੇ ਅਮਰਿੰਦਰ ਸਿੰਘ ਨੂੰ ਪੰਜ ਵਾਰ ਮੁੱਖ ਮੰਤਰੀ ਰਹੇ ਦਿੱਗਜ਼ ਅਕਾਲੀ ਆਗੂ ਸਰਦਾਰ ਪਰਕਾਸ਼ ਸਿੰਘ ਬਾਦਲ ਖਿਲਾਫ ਲੰਬੀ ਹਲਕੇ ਤੋਂ ਚੋਣ ਲੜਣ ਦਾ ਹੁਕਮ ਚਾੜ੍ਹ ਦਿੱਤਾ ਹੈ। ਉਹਨਾਂ ਕਿਹਾ ਕਿ ਸ਼ ਬਾਦਲ ਅਤੇ ਅਮਰਿੰਦਰ ਦਾ ਆਪਸ ਵਿਚ ਕੋਈ ਮੁਕਾਬਲਾ ਨਹੀਂ ਹੈ। ਸ਼ ਬਾਦਲ ਸਾਰਾ ਸਾਲ ਸੰਗਤ ਦਰਸ਼ਨਾਂ ਰਾਹੀਂ ਆਮ ਲੋਕਾਂ ਦੇ ਦੁੱਖ-ਤਕਲੀਫਾਂ ਨੂੰ ਸੁਣਦੇ ਹਨ ਜਦਕਿ ਅਮਰਿੰਦਰ ਆਮ ਲੋਕਾਂ ਨੂੰ ਮਿਲਣਾ ਤਾਂ ਦੂਰ, ਪਾਰਟੀ ਦੇ ਵਿਧਾਇਕਾਂ ਨੂੰ ਵੀ ਨਹੀਂ ਮਿਲਦਾ। ਅਜਿਹੇ ਰਜਵਾੜੇ ਆਗੂ ਨੂੰ ਜਿਤਾ ਕੇ ਲੰਬੀ ਦੇ ਲੋਕ ਕਦੀ ਵੀ ਆਪਣੇ ਪੈਰਾਂ ਉੱਤੇ ਕੁਹਾੜਾ ਨਹੀਂ ਮਾਰਨਗੇ।
ਅਕਾਲੀ ਆਗੂ ਨੇ ਕਿਹਾ ਕਿ ਅਮਰਿੰਦਰ ਆਪਣਾ ਜ਼ੱਦੀ ਹਲਕਾ ਪਟਿਆਲਾ ਛੱਡ ਕੇ ਇਸ ਲਈ ਲੰਬੀ ਜਾਣ ਲਈ ਤਿਆਰ ਹੋ ਗਿਆ ਹੈ, ਕਿਉਂਕਿ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਨੇ ਪਟਿਆਲੇ ਤੋਂ ਖੜ੍ਹਾ ਹੋ ਕੇ ਉਸ ਦੀ ਨੀਂਦ ਉਡਾ ਦਿੱਤੀ ਹੈ। ਕੈਪਟਨ ਨੇ ਮਹਿਸੂਸ ਕਰ ਲਿਆ ਹੈ ਕਿ ਜੇਜੇ ਸਿੰਘ ਨੇ ਬੜੀ ਤੇਜ਼ੀ ਨਾਲ ਆਪਣੇ ਹੱਕ ਵਿਚ ਲਹਿਰ ਖੜੀ ਕਰ ਲਈ ਹੈ। ਜੇਕਰ ਉਹ ਪਟਿਆਲੇ ਵਿਚ ਹਾਰ ਗਿਆ ਤਾਂ ਉਸ ਦੀ ਵੱਧ ਬੇਇੱਜ਼ਤੀ ਹੋਵੇਗੀ, ਜਦਕਿ ਲੰਬੀ ਵਿਚ ਹਾਰਨ ਨਾਲ ਲੋਕ ਇਹ ਸਮਝ ਲੈਣਗੇ ਕਿ ਬਾਹਰਲਾ ਉਮੀਦਵਾਰ ਹੋਣ ਕਰਕੇ ਹਾਰ ਗਿਆ।