ਅੰਮ੍ਰਿਤਸਰ, 14 ਜਨਵਰੀ, 2017 : ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਅੰਮਿ੍ਰਤਸਰ ਪ੍ਰਧਾਨ ਅਤੇ ਸਾਬਕਾ ਪੇਡਾ ਚੇਅਰਮੈਨ ਉਪਕਾਰ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੀ ਮੌਜੂਦਗੀ ਵਿੱਚ ਆਪ ਵਿੱਚ ਸ਼ਾਮਿਲ ਹੋ ਗਏ। ਉਪਕਾਰ ਸੰਧੂ ਅਤੇ ਉਨਾਂ ਦੇ ਸਮਰਥਕਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਉਪਕਾਰ ਸਿੰਘ ਸੰਧੂ ਅਸਲ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਨਾਂ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਇਸ ਮੌਕੇ ਵੜੈਚ ਨੇ ਕਿਹਾ ਕਿ ਉਹ ਉਨਾਂ ਸਾਰੇ ਲੋਕਾਂ ਨਾਲ ਹੱਥ ਮਿਲਾਉਣ ਲਈ ਤਿਆਰ ਹਨ, ਜੋ ਬਿਨਾਂ ਕਿਸੇ ਸਵਾਰਥ ਦੇ ਪੰਜਾਬ ਦਾ ਭਲਾ ਚਾਹੁੰਦੇ ਹਨ ਅਤੇ ਪੰਜਾਬ ਦੇ ਨੌਜਵਾਨਾਂ ਤੇ ਇੱਥੋਂ ਦੀ ਆਰਥਿਕਤਾ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੁੰਦੇ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਨਾਲ ਹੱਥ ਮਿਲਾਉਣਾ ਉਨਾਂ ਦੀ ਵੱਡੀ ਭੁੱਲ ਸੀ ਅਤੇ ਉਥੇ ਉਨਾਂ ਨੇ ਘੁਟਣ ਮਹਿਸੂਸ ਕੀਤੀ, ਜਿਸ ਕਾਰਨ ਉਨਾਂ ਨੇ ਇਹ ਫੈਸਲਾ ਲਿਆ। ਸੰਧੂ ਨੇ ਕਿਹਾ ਕਿ ਉਨਾਂ ਨੇ ਕਦੇ ਵੀ ਕਾਂਗਰਸੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਨਹੀਂ ਕੀਤੀ ਅਤੇ ਡੂੰਘਾਈ ਨਾਲ ਸੋਚਣ ਤੋਂ ਬਾਅਦ ਇਸ ਨਤੀਜੇ ਉਤੇ ਪਹੁੰਚੇ ਕਿ ਆਮ ਆਦਮੀ ਪਾਰਟੀ ਸਿਰਫ ਇੱਕ ਸਿਆਸੀ ਫਰੰਟ ਨਹੀਂ, ਬਲਕਿ ਦੇਸ਼ ਵਿੱਚੋਂ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਅਰਵਿੰਦ ਕੇਜਰੀਵਾਲ ਵੱਲੋਂ ਵਿੱਢੀ ਗਈ ਇੱਕ ਕ੍ਰਾਂਤੀਕਾਰੀ ਮੁਹਿੰਮ ਹੈ। ਸੰਧੂ ਨੇ ਕਿਹਾ ਕਿ ਉਨਾਂ ਨੇ ਬਿਨਾਂ ਕਿਸੇ ਸ਼ਰਤ ਤੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਤਹਿ ਦਿਲੋਂ ਕੰਮ ਕਰਦੇ ਰਹਿਣਗੇ। ਇਸ ਮੌਕੇ ਅੰਮਿ੍ਰਤਸਰ (ਈਸਟ) ਤੋਂ ਪਾਰਟੀ ਉਮੀਦਵਾਰ ਸਰਬਜੋਤ ਸਿੰਘ, ਮੀਤ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਜਸਕਰਨ ਬੰਦੇਸ਼ਾ, ਮੀਡੀਆ ਇੰਚਾਰਜ (ਮਾਝਾ ਜੋਨ) ਗੁਰਭੇਜ ਸਿੰਘ ਸੰਧੂ, ਜਨ. ਸਕੱਤਰ ਸੁਖਦੀਪ ਸੰਧੂ, ਪਰਗਟ ਸਿੰਘ ਚੌਗਾਵਾਂ ਅਤੇ ਉਪਕਾਰ ਸਿੰਘ ਸੰਧੂ ਦੇ ਸਮਰਥਕ ਮੌਜੂਦ ਸਨ।