ਰਾਜਪੁਰਾ, 14 ਜਨਵਰੀ, 2017 : ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅੱਜ ਰਾਜਪੁਰਾ ਵਿਖੇ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ। ਉਹ ਇੱਥੇ ਪਾਰਟੀ ਦੇ ਉਮੀਦਵਾਰ ਆਸ਼ੂਤੋਸ਼ ਜੋਸ਼ੀ ਲਈ ਪ੍ਰਚਾਰ ਕਰਨ ਪਹੁੰਚੇ ਹੋਏ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਬਾਦਲ ਅਤੇ ਕੈਪਟਨ ਵੱਲੋਂ ਮਿਲ ਕੇ ਲੜੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਬਾਦਲ ਅਤੇ ਕੈਪਟਨ ਦੀ ਦਿੱਲੀ ਵਿੱਚ ਮੁਲਾਕਾਤ ਹੋਈ ਹੈ ਅਤੇ ਦੋਵਾਂ ਦੀ ਇਸ ਗੱਲ ਉਤੇ ਚਰਚਾ ਹੋਈ ਹੈ ਕਿ ਉਨਾਂ ਦੀ ਮਿਲੀਭਗਤ ਦਾ ਪੂਰਾ ਪੰਜਾਬ ਨੂੰ ਪਤਾ ਚੱਲ ਚੁੱਕਿਆ ਹੈ, ਲਿਹਾਜਾ ਹੁਣ ਕੈਪਟਨ ਅਮਰਿੰਦਰ ਸਿੰਘ ਇੱਕ-ਦੋ ਦਿਨ ਵਿੱਚ ਵਿਖਾਵੇ ਲਈ ਲੰਬੀ ਤੋਂ ਨਾਮਜਦਗੀ ਦਾਖਲ ਕਰ ਸਕਦੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਕਾਲੀਆਂ ਅਤੇ ਕਾਂਗਰਸੀਆਂ ਵਿੱਚ ਐਨਾ ਖੌਫ ਹੈ ਕਿ ਇਹ ਚਾਲੀ ਮਿੰਟ ਦੇ ਆਪਣੇ ਭਾਸ਼ਣ ਵਿੱਚ 38 ਮਿੰਟ ਆਮ ਆਦਮੀ ਪਾਰਟੀ ਦੀ ਹੀ ਜਿਕਰ ਕਰਦੇ ਰਹਿੰਦੇ ਹਨ।
ਮਾਨ ਨੇ ਕਿਹਾ ਕਿ ਲੋਕ ਜਿਸ ਵੇਲੇ ਘਰਾਂ ਵਿੱਚ ਸੁੱਤੇ ਪਏ ਹੁੰਦੇ ਹਨ ਤਾਂ ਉਸ ਵੇਲੇ ਚੁੱਪ-ਚਪੀਤੇ ਲੋਕਾਂ ਦੇ ਘਰਾਂ ਦੇ ਬਾਹਰ, ਖਾਸਕਰ ਜੋ ਘਰ ਸੜਕਾਂ ਦੇ ਨੇੜੇ ਹੁੰਦੇ ਹਨ, ਉਨਾਂ ਉਤੇ ਲਿਖ ਦਿੱਤਾ ਜਾਂਦਾ ਹੈ ਕਿ ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ। ਉਨਾਂ ਕਿਹਾ ਕਿ ਜਿਨਾਂ ਘਰਾਂ ਦੇ ਬਾਹਰ ਇਹ ਲਿਖਿਆ ਹੁੰਦਾ ਹੈ, ਉਨਾਂ ਨੂੰ ਕੁੱਝ ਪਤਾ ਵੀ ਨਹੀਂ ਹੁੰਦਾ। ਮਾਨ ਨੇ ਕਿਹਾ ਕਿ ਅਸਲ ਵਿੱਚ ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਹਾਰ, ਲਗਾਤਾਰ, ਤੀਜੀ ਵਾਰ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਚਾਰ ਦੇ ਖਰਚਾ ਮਜੀਠੀਆ ਵੱਲੋਂ ਚੁੱਕਿਆ ਜਾ ਰਿਹਾ ਹੈ।
ਬਾਦਲ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਉਤੇ ਲਗਾਏ ਜਾ ਰਹੇ ਹਿੰਸਾ ਭੜਕਾਉਣ ਦੇ ਦੋਸ਼ਾਂ ਉਤੇ ਗੱਲ ਕਰਦਿਆਂ ਸੰਸਦ ਮੈਂਬਰ ਮਾਨ ਨੇ ਕਿਹਾ ਕਿ ਇਹ ਦੋਸ਼ ਬਿਲਕੁਲ ਬੇਬੁਨਿਆਦ ਹਨ। ਬਾਦਲ ਪਰਿਵਾਰ ਵੱਲੋਂ ਲਗਾਏ ਜਾ ਰਹੇ ਇਨਾਂ ਦੋਸ਼ਾਂ ਉਤੇ ਵਿਅੰਗ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਤਾਂ ਬਿਲਕੁਲ ਉਹ ਗੱਲ ਹੈ, ਜਿਵੇਂ ਤਾਲਿਬਾਨ ਕਹੇ ਕਿ ਅੱਤਵਾਦ ਖਤਮ ਕਰਨਾ ਹੈ। ਉਨਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਤਾਂ ਵਿਧਾਨ ਸਭਾ ਵਿੱਚ ਵੀ ਗੁੰਡਾਗਰਦੀ ਦੀਆਂ ਗੱਲਾਂ ਕਰਦੇ ਆਏ ਹਨ। ਦਲਿਤਾਂ ਉਤੇ ਜੁਲਮ ਕਰਨ ਵਾਲੇ ਸ਼ਿਵ ਲਾਲ ਡੋਡਾ ਨੂੰ ਜੇਲ ਵਿੱਚ ਅਕਾਲੀ ਆਗੂ ਮਿਲਣ ਜਾਂਦੇ ਹਨ। ਸਿਕੰਦਰ ਸਿੰਘ ਮਲੂਕਾ ਵੱਲੋਂ ਮੋਦੀ ਦੀ ਰੈਲੀ ਦੌਰਾਨ ਬੇਰੋਜਗਾਰਾਂ ਦੇ ਥੱਪੜ ਮਾਰਿਆ ਜਾਂਦਾ ਹੈ। ਉਨਾਂ ਕਿਹਾ ਕਿ ਦੂਜਿਆਂ ਉਤੇ ਝੂਠੇ ਆਰੋਪ ਲਗਾਉਣ ਤੋਂ ਪਹਿਲਾਂ ਬਾਦਲਾਂ ਨੂੰ ਆਪਣੀ ਪਾਰਟੀ ਵੱਲ ਵੀ ਨਿਗਾ ਮਾਰ ਲੈਣੀ ਚਾਹੀਦੀ ਹੈ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੀ ਚਾਰੇ ਪਾਸੇ ਹਵਾ ਨਹੀਂ, ਬਲਕਿ ਹਨੇਰੀ ਚੱਲ ਰਹੀ ਹੈ, ਜੋ ਵੱਡੇ-ਵੱਡੇ ਭ੍ਰਿਸ਼ਟਾਚਰੀ ਦਰਖਤਾਂ ਨੂੰ ਉਖਾੜ ਸੁੱਟੇਗੀ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਇੱਕ ਨਵੇਂ ਪੰਜਾਬ ਦੀ ਸਿਰਜਨਾ ਹੋਵੇਗੀ।