ਭੋਆ (ਪਠਾਨਕੋਟ), 14 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਇੰਡਸਟਰੀ ਵਿੱਚ 80 ਫੀਸਦੀ ਨੌਕਰੀਆਂ ਪੰਜਾਬ ਦੇ ਵਸਨੀਕਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ ਅਤੇ ਬਾਦਲ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਸੋਸ਼ਣ ਕਾਰਨ ਦੂਜੇ ਰਾਜਾਂ ਵਿੱਚ ਗਏ ਇੰਡਸਟਰੀ ਯੂਨਿਟਾਂ ਨੂੰ ਵਾਪਿਸ ਲਿਆਂਦਾ ਜਾਵੇਗਾ। ਕੇਜਰੀਵਾਲ ਨੇ ਇੱਥੇ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਕੋਈ ਵੀ ਬਣੇ, ਪਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਉਨਾਂ ਦੀ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨਾ, ਨਸ਼ੇ ਦਾ ਖਾਤਮਾ, ਕਿਸਾਨਾਂ ਦੀ ਖੁਦਕੁਸ਼ੀਆਂ ਨੂੰ ਰੋਕਣ ਲਈ ਕਰਜੇ ਮੁਆਫ ਕਰਨਾ ਅਤੇ ਨੌਜਵਾਨਾਂ ਨੂੰ ਉਹਨਾਂ ਦੇ ਬਿਹਤਰ ਭਵਿੱਖ ਲਈ ਨੌਕਰੀਆਂ ਦੇਣਾ ਉਨਾਂ ਦੀ ਪ੍ਰਾਥਮਿਕਤਾ ਹੋਵੇਗੀ। ਕੇਜਰੀਵਾਲ ਨੇ ਕਿਹਾ ਕਿ ਉਹ ਇੱਕ ਮਹੀਨੇ ਦੇ ਅੰਦਰ ਨਸ਼ਿਆਂ ਦੀ ਸਪਲਾਈ ਰੋਕ ਦੇਣਗੇ ਅਤੇ 40 ਲੱਖ ਨੌਜਵਾਨਾਂ ਨੂੰ 6 ਮਹੀਨਿਆਂ ਅੰਦਰ ਨਸ਼ਾ-ਮੁਕਤ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਉਨਾਂ ਨੂੰ ਬਹੁਤ ਦੁਖ ਹੋਇਆ ਹੈ ਕਿ ਪੰਥਕ ਸਰਕਾਰ ਕਹਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਵਿੱਚ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦਿੱਤੀਆਂ ਅਤੇ ਦੋਸ਼ੀਆਂ ਨੂੰ ਖੁੱਲੇ ਛੱਡ ਦਿੱਤਾ। ਉਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸੱਤਾਧਾਰੀ ਧਿਰ ਦਾ ਹੱਥ ਹੈ। ਉਨਾਂ ਕਿਹਾ ਕਿ ਬਰਗਾੜੀ ਬੇਅਦਬੀ ਘਟਨਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਹੱਥੋਂ ਮਾਰੇ ਗਏ ਦੋ ਨੌਜਵਾਨਾਂ ਦੀ ਘਟਨਾ ਦੇ ਦੋਸ਼ੀਆਂ ਅਤੇ ਸਾਜਿਸ਼ ਕਰਨ ਵਾਲਿਆਂ ਨੂੰ ਸ਼ਰੇਆਮ ਨਹੀਂ ਘੁੰਮਣ ਦਿੱਤਾ ਜਾਵੇਗਾ।
ਉਨਾਂ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਹੁੰ ਚੁੱਕਣ ਦੇ ਪਹਿਲੇ ਦਿਨ ਹੀ ਬੁਢਾਪਾ, ਵਿਧਵਾ ਅਤੇ ਅੰਗਹੀਣਤਾ ਪੈਨਸ਼ਨ ਨੂੰ ਮੌਜੂਦਾ 500 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤਿ ਮਹੀਨਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਢਾਂਚੇ ਨੂੰ ਦਰੁਸਤ ਕਰੇਗੀ, ਜਿਹੜਾ ਕਿ ਬਾਦਲ ਸਰਕਾਰ ਸਮੇਂ ਤਬਾਹ ਹੋ ਚੁੱਕਿਆ ਹੈ।
ਉਨਾਂ ਕਿਹਾ ਕਿ ਤਿੰਨ ਸਾਲ ਦੇ ਅੰਦਰ ਸਾਰੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਹਰ ਪਿੰਡ ਵਿੱਚ ਪਿੰਡ ਕਲੀਨਿਕ ਖੋਲੇ ਜਾਣਗੇ। ਉਨਾਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲੇ ਗਏ ਹਨ ਅਤੇ ਸਰਕਾਰੀ ਸਕੂਲਾਂ ਦੀ ਮੁਰੰਮਤ ਕਰਕੇ ਉਥੇ ਸਵਿਮਿੰਗ ਪੂਲਾਂ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।
ਕੇਜਰੀਵਾਲ ਨੇ ਪੰਜਾਬ ਦੇ ਲੋਕਾਂ, ਖਾਸਕਰ ਮਾਝਾ ਖੇਤਰ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ, ਨਸ਼ਾ ਅਤੇ ਰੇਤ ਮਾਫੀਆ ਖਿਲਾਫ ਉਨਾਂ ਦਾ ਸਾਥ ਦੇਣ ਲਈ ਸੱਦਾ ਦਿੱਤਾ। ਉਨਾਂ ਕਿਹਾ ਕਿ 10 ਸਾਲਾਂ ਵਿੱਚ ਸੱਤਾ ਉਤੇ ਕਾਬਜ ਰਹਿੰਦਿਆਂ ਬਾਦਲਾਂ ਵੱਲੋਂ ਖੂਬ ਲੁੱਟ ਮਚਾਈ ਗਈ ਅਤੇ ਸੂਬੇ ਨੂੰ ਤਬਾਹ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਰਗੇ ਸਿਆਸਦਾਨਾਂ ਵੱਲੋਂ ਪੰਜਾਬ ਵਿੱਚ ਨਸ਼ਾ ਵੇਚਿਆ ਜਾਂਦਾ ਹੈ, ਜਿਸਦੇ ਕਿ ਕੌਮਾਂਤਰੀ ਤਸਕਰਾਂ ਨਾਲ ਸਬੰਧ ਹਨ। ਉਨਾਂ ਕਿਹਾ ਕਿ ਪ੍ਰਮਾਤਮਾ ਨੇ ਪੰਜਾਬ ਦੇ ਲੋਕਾਂ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਹੈ ਕਿ ਉਹ ਪੰਜਾਬ ਨੂੰ ਭ੍ਰਿਸ਼ਟ ਅਕਾਲੀ-ਭਾਜਪਾ ਗਠਜੋੜ ਦੇ ਚੁੰਗਲ ਵਿੱਚੋਂ ਕੱਢ ਸਕੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਘਰ ਬਚਾਓ ਮੁਹਿੰਮ ਮਾਝਾ ਦੇ ਲੋਕਾਂ ਨੂੰ ਨਸ਼ਿਆਂ ਦੇ ਸੰਕਟ ਤੋਂ ਬਚਾਉਣ ਲਈ ਇੱਕ ਇਕਰਾਰ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਉਨਾਂ ਪਰਿਵਾਰਾਂ ਦੇ ਨਾਲ ਪੂਰੀ ਤਰਾਂ ਖੜਾ ਹਾਂ, ਜੋ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਹਨ।