ਚੰਡੀਗੜ, 14 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ। ਪੰਜਾਬ ਦੇ ਮਹਿਰੂਮ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਰਹੇ ਸਰਦਾਰ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਕਾਂਗਰਸ ਤੋਂ ਰਿਸ਼ਤਾ ਤੋੜ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਨਵੀਂ ਦਿੱਲੀ ਵਿਖੇ ਵਿੱਤ ਮੰਤਰੀ ਅਰੁਣ ਜੇਤਲੀ, ਪੰਜਾਬ ਦੀ ਭਾਜਪਾ ਇਕਾਈ ਦੇ ਪ੍ਰਧਾਨ ਵਿਜੇ ਸਾਂਪਲਾ ਅਤੇ ਭਾਜਪਾ ਦੇ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦੀ ਮੌਜੂਦਗੀ ਵਿੱਚ ਸਾਬਕਾ ਮੰਤਰੀ ਪੰਜਾਬ ਗੁਰਕੰਵਲ ਕੌਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਈ। ਗੁਰਕੰਵਲ ਕੌਰ ਨੇ ਭਾਜਪਾ 'ਚ ਭਰੋਸਾ ਪ੍ਰਗਟਾਉਂਦੇ ਹੋਏ ਆਖਿਆ ਕਿ ਮੇਰੇ ਪਿਤਾ ਨੇ ਪੰਜਾਬ ਦੀ ਖੁਸ਼ਹਾਲੀ ਲਈ ਕੁਰਬਾਨੀ ਦਿੱਤੀ, ਅਸੀਂ ਆਪਣਾ ਸਾਰਾ ਜੀਵਨ ਕਾਂਗਰਸ ਲਈ ਵਾਰ ਦਿੱਤਾ, ਪਰ ਅੱਜ ਉਹ ਪਾਰਟੀ ਨਾ ਦੇਸ਼ ਹਿੱਤ ਬਾਰੇ ਸੋਚ ਰਹੀ ਹੈ ਤੇ ਨਾ ਹੀ ਉਸਨੂੰ ਅਸੀਂ ਨਜ਼ਰ ਆ ਰਹੇ ਸੀ। ਗੁਰਕੰਵਲ ਕੌਰ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਵਿੱਚ ਅਣਦੇਖੀ ਦੇ ਚਲਦਿਆਂ ਮੈਂ ਜਿੱਥੇ ਘੁਟਣ ਮਹਿਸੂਸ ਕਰਨ ਲੱਗ ਪਈ ਸੀ, ਉਥੇ ਮਾਣਯੋਗ ਨਰਿੰਦਰ ਮੋਦੀ ਜੀ ਦੀ ਸੋਚ ਅਤੇ ਨੀਤੀਆਂ ਮੈਨੂੰ ਲਗਾਤਾਰ ਪ੍ਰਭਾਵਿਤ ਕਰ ਰਹੀਆਂ ਸਨ। ਇਸ ਲਈ ਮੈਂ ਬਿਨਾ ਕਿਸੇ ਸ਼ਰਤ ਤੋਂ ਭਾਜਪਾ ਵਿੱਚ ਇਕ ਸਧਾਰਨ ਵਰਕਰ ਦੇ ਤੌਰ 'ਤੇ ਸ਼ਾਮਲ ਹੋ ਰਹੀ ਹਾਂ। ਪਾਰਟੀ ਵਿੱਚ ਸ਼ਾਮਲ ਹੋਣ 'ਤੇ ਗੁਰਕੰਵਲ ਕੌਰ ਦਾ ਸਵਾਗਤ ਕਰਦਿਆਂ ਵਿਜੇ ਸਾਂਪਲਾ ਨੇ ਆਖਿਆ ਕਿ ਸਰਦਾਰ ਬੇਅੰਤ ਸਿੰਘ ਦੀ ਧੀ ਦਾ ਭਾਜਪਾ ਵਿੱਚ ਆਉਣਾ ਕਾਂਗਰਸ ਨੂੰ ਉਸਦਾ ਅਕਸ ਦਿਖਾਉਣਾ ਹੈ । ਇਸ ਮੌਕੇ 'ਤੇ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਗੁਰਕੰਵਲ ਕੌਰ ਜਿੱਥੇ ਬੇਅੰਤ ਸਿੰਘ ਦੀ ਧੀ ਹੈ, ਉਥੇ ਉਸਦਾ ਪੰਜਾਬ ਦੀ ਸਿਆਸਤ ਵਿੱਚ ਆਪਣਾ ਵੀ ਇੱਕ ਮੁਕਾਮ ਹੈ। ਉਹ ਜਲੰਧਰ ਕੈਂਟ ਹਲਕੇ ਤੋਂ ਸਾਲ 2002 ਤੋਂ ਸਾਲ 2007 ਦਰਮਿਆਨ ਵਿਧਾਇਕ ਰਹੀ, ਪੰਜਾਬ ਵਿੱਚ ਮੰਤਰੀ ਵੀ ਰਹੀ। ਉਹ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦੀ ਭੈਣ ਅਤੇ ਗੁਰਕੀਰਤ ਕੋਟਲੀ ਤੇ ਰਵਨੀਤ ਸਿੰਘ ਬਿੱਟੂ ਦੀ ਭੂਆ ਵੀ ਹੈ।