ਚੰਡੀਗੜ੍ਹ,14 ਜਨਵਰੀ, 2017 : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਤੋਂ ਚੋਣ ਲੜਾ ਕੇ ਆਪਣੇ ਗਲੋਂ ਲਾਹੁਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਦਿਲੋਂ ਪਸੰਦ ਨਹੀਂ ਕਰਦੇ ਅਤੇ ਉਹਨਾਂ ਦੀ ਅਮਰਿੰਦਰ ਸਿੰਘ ਨੂੰ ਸਿਆਸੀ ਤੌਰ ਉੱਤੇ ਖ਼ਤਮ ਕਰਨ ਦੀ ਇਹ ਬਹੁਤ ਹੀ ਚੁਸਤ ਚਾਲ ਹੈੇ। ਬਾਦਲ ਨੇ ਅੱਗੇ ਕਿਹਾ ਕਿ ਉਹ ਜਾਣਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਲੰਬੀ ਵਿਚ ਆ ਕੇ ਫੋਕੇ ਦਮਗਜ਼ੇ ਮਾਰਨਗੇ ਜਿਸ ਬਾਰੇ ਪੰਜਾਬ ਦੇ ਸਾਰੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ। ਪਰ ਸਾਨੂੰ ਇਸ ਤਰਾਂ ਦੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ।
ਉਹਨਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿਚ ਇਹ ਗੱਲ ਸਾਹਮਣੇ ਆ ਗਈ ਹੈ ਕਿ ਅਕਾਲੀ ਦਲ ਦੇ ਵਿਰੋਧੀ ਆਪਣੀਆਂ ਪਾਰਟੀਆਂ ਵਿਚ ਆਪਣੇ ਨਿਜੀ ਵਿਰੋਧੀਆਂ ਨੂੰ ਅਕਾਲੀ ਦਲ ਦੇ ਮਜਬੂਤ ਗੜ੍ਹਾਂ ਵਿਚ ਭੇਜ ਕੇ ਆਪਣੀ ਸਿਆਸੀ ਕਿੜ੍ਹ ਕੱਢਦੇ ਹਨ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਬੜੀ ਚੁਸਤ ਚਾਲ ਚਲਦਿਆਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਈ ਹੋਰ ਪ੍ਰਮੁੱਖ ਲੀਡਰਾਂ ਨੂੰ ਅਕਾਲੀ ਦਲ ਦੇ ਗੜਾਂ ਵਿਚ ਭੇਜ ਕੇ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਖਤਮ ਕਰਨ ਦੀ ਚਾਲ ਚੱਲ ਚੁੱਕੇ ਹਨ। ਇਹੋ ਚਾਲ ਹੁਣ ਰਾਹੁਲ ਨੇ ਚਾਲ ਚੱਲੀ ਹੈ। ਉਹਨਾਂ ਕਿਹਾ ਕਿ ਰਾਹੁਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਸੇ ਹਥਿਆਰ ਨਾਲ ਮਾਰਨ ਦੀ ਚਾਲ ਚੱਲੀ ਹੈ, ਜਿਹੜੇ ਹਥਿਆਰ ਨਾਲ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਮਾਰਦਾ ਰਿਹਾ ਹੈ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਇਹਨਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹ ਚੋਣਾਂ ਲੜਣ ਵਿਚ ਉੱਕਾ ਹੀ ਦਿਲਚਸਪੀ ਨਹੀਂ ਲੈ ਰਹੇ। ਇਹ ਚਾਲ ਕਾਂਗਰਸ ਵਲੋਂ ਪੰਜਾਬ ਦੇ ਲੋਕਾਂ ਵਿਚ ਇਹ ਪ੍ਰਭਾਵ ਦੇਣ ਲਈ ਵੀ ਚੱਲੀ ਗਈ ਹੈ ਕਿ ਕਾਂਗਰਸ ਇਥੇ ਲੜਣ ਮਰਨ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਚਾਲ ਹਾਰੇ ਹੋਏ ਉਸ ਜੁਆਰੀਏ ਵਾਲੀ ਹੈ ਜਿਹੜਾ ਆਪਣੇ ਹਾਰ ਦੀ ਭਰਪਾਈ ਲਈ ਆਪਣੇ ਘਰ ਦੀ ਇੱਜ਼ਤ ਤੱਕ ਵੀ ਦਾਅ ਉੱਤੇ ਲਾ ਦਿੰਦਾ ਹੈ। ਪਰ ਸਭ ਨੂੰ ਪਤਾ ਹੈ ਕਿ ਇਹੋ ਜਿਹੇ ਜੁਆਰੀਆਂ ਦੀ ਕੀ ਹਾਲਤ ਹੁੰਦੀ ਹੈ।
ਸ. ਬਾਦਲ ਨੇ ਕਿਹਾ ਕਿ ਇੱਕ ਚੰਗੇ ਮੇਜ਼ਬਾਨ ਹੋਣ ਸਦਕਾ ਉਹ ਲੰਬੀ ਹਲਕੇ ਵਿਚ ਚੋਣ ਲੜਨ ਲਈ ਆਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਾ ਪੁਰਜ਼ੋਰ ਸਵਾਗਤ ਕਰਨਗੇ, ਪਰ ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਉਹ ਇਥੋਂ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਣਗੇ।